ਕਾਂਗਰਸ ਆਗੂ ਏ. ਕੇ. ਐਂਟਨੀ ਦਾ ਪੁੱਤਰ ਅਨਿਲ ਐਂਟਨੀ ਭਾਜਪਾ ਵਿੱਚ ਸ਼ਾਮਲ

ਨਵੀਂ ਦਿੱਲੀ, 6 ਅਪ੍ਰੈਲ – ਕਾਂਗਰਸ ਦੇ ਬਜ਼ੁਰਗ ਆਗੂ ਏ. ਕੇ. ਐਂਟਨੀ ਦੇ ਪੁੱਤਰ ਅਨਿਲ ਐਂਟਨੀ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਤੇ ਵੀ ਮੁਰਲੀਧਰਨ ਵੀ ਮੌਜੂਦ ਸਨ। ਐਂਟਨੀ ਨੇ ਕਾਂਗਰਸ ਦੀ ਲੀਡਰਸ਼ਿਪ ਦੀ ਨਿੰਦਾ ਕਰਦਿਆਂ ਦੇਸ਼ ਲਈ ਕੰਮ ਕਰਨ ਦੀ ਬਜਾਏ ਸਿਰਫ ‘ਇਕ ਪਰਿਵਾਰ’ ਲਈ ਕੰਮ ਕਰਨ ਦਾ ਦੋਸ਼ ਲਾਇਆ। ਜ਼ਿਕਰਯੋਗ ਹੈ ਕਿ ਐਂਟਨੀ ਕੇਰਲਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡਿਜੀਟਲ ਮੀਡੀਆ ਸੈੱਲ ਦੇ ਪ੍ਰਧਾਨ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਧਾਰਿਤ ਬੀਬੀਸੀ ਦੀ ਵਿਵਾਦਿਤ ਦਸਤਾਵੇਜ਼ੀ ਸਬੰਧੀ ਪਾਰਟੀ ਦੇ ਸਟੈਂਡ ਦੀ ਨਿੰਦਾ ਕਰਨ ਮਗਰੋਂ ਕਾਂਗਰਸ ਤੋਂ ਤੋੜ-ਵਿਛੋੜਾ ਕਰ ਲਿਆ ਸੀ। ਭਾਜਪਾ ਵਿੱਚ ਐਂਟਨੀ ਦਾ ਸਵਾਗਤ ਕਰਦਿਆਂ ਗੋਇਲ ਨੇ ਉਨ੍ਹਾਂ ਨੂੰ ‘ਜ਼ਮੀਨ ਨਾਲ ਜੁੜੇ ਸਿਆਸੀ ਵਰਕਰ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਪਰਵਾਹ ਕਰਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਸੋਚ ਸਦਕਾ ਦੇਸ਼ ਤਰੱਕੀ ਦੀ ਲੀਹਾਂ ’ਤੇ ਚੱਲ ਰਿਹਾ ਹੈ। ਐਂਟਨੀ ਨੇ ਕਿਹਾ,‘ਇਹ ਸ਼ਖ਼ਸੀਅਤਾਂ ਨਾਲ ਜੁੜਿਆ ਮਸਲਾ ਨਹੀਂ ਹੈ ਸਗੋਂ ਵਿਚਾਰਾਂ ਵਿਚਾਲੇ ਮੱਤਭੇਦ ਹਨ। ਮੈਨੂੰ ਲੱਗਦਾ ਹੈ ਕਿ ਮੈਂ ਬਿਲਕੁਲ ਸਹੀ ਕਦਮ ਚੁੱਕਿਆ ਹੈ।’