ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਤਿਲੰਗਾਨਾ ਪਹੁੰਚੀ

ਹੈਦਰਾਬਾਦ, 23 ਅਕਤੂਬਰ – ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਕਰਨਾਟਕ ਪੜਾਅ ਪੂਰਾ ਕਰਨ ਤੋਂ ਬਾਅਦ ਅੱਜ ਤਿਲੰਗਾਨਾ ਵਿੱਚ ਦਾਖਲ ਹੋਈ। ਜਿਵੇਂ ਹੀ ਇਹ ਪੈਦਲ ਯਾਤਰਾ ਰਾਜ ਵਿੱਚ ਦਾਖਲ ਹੋਈ ਤਾਂ ਰਾਹੁਲ ਗਾਂਧੀ ਦਾ ਤਿਲੰਗਾਨਾ-ਕਰਨਾਟਕ ਸਰਹੱਦ ’ਤੇ ਕਾਂਗਰਸ ਦੀ ਤਿਲੰਗਾਨਾ ਇਕਾਈ ਦੇ ਨੇਤਾਵਾਂ ਨੇ ਸ਼ਾਨਦਾਰ ਸਵਾਗਤ ਕੀਤਾ। ਲੋਕ ਸਭਾ ਮੈਂਬਰ ਅਤੇ ਤਿਲੰਗਾਨਾ ਵਿੱਚ ਪਾਰਟੀ ਮਾਮਲਿਆਂ ਦੇ ਇੰਚਾਰਜ ਮਾਨਿਕਮ ਟੈਗੋਰ, ਪ੍ਰਦੇਸ਼ ਕਾਂਗਰਸ ਪ੍ਰਧਾਨ ਏ ਰੇਵੰਤ ਰੈਡੀ ਅਤੇ ਪਾਰਟੀ ਦੇ ਕਈ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਯਾਤਰਾ ਦੇ ਤਿਲੰਗਾਨਾ ਵਿੱਚ ਦਾਖ਼ਲ ਹੋਣ ਸਮੇਂ ਕ੍ਰਿਸ਼ਨਾ ਨਦੀ ਦੇ ਪੁਲ ’ਤੇ ਸੈਂਕੜੇ ਮਜ਼ਦੂਰ ਮੌਜੂਦ ਸਨ। ਤਿਲੰਗਾਨਾ ਵਿੱਚ ਇਹ ਯਾਤਰਾ 16 ਦਿਨਾਂ ਤੱਕ ਚੱਲੇਗੀ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਤਿਲੰਗਾਨਾ ਵਿੱਚ ਥੋੜ੍ਹੀ ਜਿਹੀ ਸੈਰ ਕੀਤੀ ਅਤੇ ਫਿਰ ਰਾਜ ਦੇ ਨਰਾਇਣਪੇਟ ਜ਼ਿਲ੍ਹੇ ਦੇ ਗੁਡੇਬੇਲੁਰ ਵਿੱਚ ਰੁਕੇ। ਬਾਅਦ ਵਿੱਚ ਗਾਂਧੀ ਹੈਲੀਕਾਪਟਰ ਰਾਹੀਂ ਹੈਦਰਾਬਾਦ ਲਈ ਰਵਾਨਾ ਹੋਏ ਜਿਥੋਂ ਉਹ ਦਿੱਲੀ ਲਈ ਉਡਾਣ ਭਰਨਗੇ। ਤਿਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਦੀਵਾਲੀ ਦੌਰਾਨ 23 ਅਕਤੂਬਰ ਦੁਪਹਿਰ ਤੋਂ 26 ਅਕਤੂਬਰ ਤੱਕ ਤਿੰਨ ਦਿਨਾਂ ਲਈ ਯਾਤਰਾ ਰੋਕ ਦਿੱਤੀ ਜਾਵੇਗੀ। ਜਿਸ ਮਗਰੋਂ 27 ਅਕਤੂਬਰ ਨੂੰ ਗੁਡੇਬੇਲੂਰ ਤੋਂ ਯਾਤਰਾ ਮੁੜ ਸ਼ੁਰੂ ਹੋਵੇਗੀ। ਇਹ ਯਾਤਰਾ 7 ਨਵੰਬਰ ਨੂੰ ਮਹਾਰਾਸ਼ਟਰ ’ਚ ਦਾਖਲ ਹੋਣ ਤੋਂ ਪਹਿਲਾਂ ਮਕਥਲ ਪਹੁੰਚੇਗੀ।