ਘਰ ਦੀ ਬਾਲਕਨੀ ’ਚ ਖੜ੍ਹੇ ਦਹਿਸ਼ਤੀ ਆਗੂ ’ਤੇ ਦੋ ਮਿਜ਼ਾਈਲਾਂ ਦਾਗ਼ੀਆਂ
ਵਾਸ਼ਿੰਗਟਨ, 2 ਅਗਸਤ – ਅਮਰੀਕਾ ਵੱਲੋਂ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕੀਤੇ ਡਰੋਨ ਹਮਲੇ ਵਿੱਚ ਅਲਕਾਇਦਾ ਆਗੂ ਆਇਮਨ ਅਲ-ਜ਼ਵਾਹਿਰੀ ਮਾਰਿਆ ਗਿਆ ਹੈ। ਸਾਲ 2011 ਵਿੱਚ ਅਲਕਾਇਦਾ ਦੇ ਬਾਨੀ ਓਸਾਮਾ ਬਿਨ ਲਾਦੇਨ ਦੀ ਪਾਕਿਸਤਾਨ ਦੇ ਐਬਟਾਬਾਦ ਵਿੱਚ ਹੱਤਿਆ ਮਗਰੋਂ ਜ਼ਵਾਹਰੀ ਦੀ ਮੌਤ ਆਲਮੀ ਦਹਿਸ਼ਤੀ ਨੈੱਟਵਰਕ ਲਈ ਵੱਡਾ ਝਟਕਾ ਹੈ। ਅਮਰੀਕਾ ਵਿੱਚ ਹੋਏ 9/11 ਹਮਲਿਆਂ ਤੇ ਮਗਰੋਂ ਭਾਰਤੀ ਉਪ-ਮਹਾਦੀਪ ਵਿੱਚ ਦਹਿਸ਼ਤੀ ਜਥੇਬੰਦੀ ਦੀ ਸਥਾਪਨਾ ਵਿੱਚ ਜ਼ਵਾਹਰੀ ਦੀ ਕੇਂਦਰੀ ਭੂਮਿਕਾ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਤੋਂ ਜ਼ਵਾਹਰੀ ਦੀ ਮੌਤ ਦਾ ਐਲਾਨ ਕਰਦਿਆਂ ਕਿਹਾ ‘‘ਨਿਆਂ ਦੇ ਦਿੱਤਾ ਗਿਆ ਹੈ ਅਤੇ ਇਹ ਦਹਿਸ਼ਤਗਰਦ ਹੁਣ ਨਹੀਂ ਰਿਹਾ।’’
ਜ਼ਵਾਹਰੀ, ਜਿਸ ਨੇ ਬਿਨ ਲਾਦੇਨ ਦੀ ਮੌਤ ਮਗਰੋਂ ਅਲਕਾਇਦਾ ਦੀ ਕਮਾਨ ਸੰਭਾਲੀ ਸੀ, ਸ਼ਨਿੱਚਰਵਾਰ ਸ਼ਾਮ ਨੂੰ ਸੀਆਈਏ ਵੱਲੋਂ ਕਾਬੁਲ ਦੇ ਇਕ ਘਰ ’ਤੇ ਕੀਤੇ ਡਰੋਨ ਹਮਲੇ ਵਿੱਚ ਮਾਰਿਆ ਗਿਆ ਸੀ। ਜ਼ਵਾਹਰੀ ਇਸ ਘਰ ਵਿੱਚ ਆਪਣੇ ਪਰਿਵਾਰ ਨਾਲ ਲੁਕਿਆ ਹੋਇਆ ਸੀ। ਜ਼ਵਾਹਰੀ ਮਿਸਰ ਮੂਲ ਦਾ ਸਰਜਨ ਸੀ, ਜਿਸ ਦੇ ਸਿਰ ’ਤੇ 25 ਕਰੋੜ ਅਮਰੀਕੀ ਡਾਲਰ ਦਾ ਇਨਾਮ ਸੀ। ਉਹ ਅਲਕਾਇਦਾ ਵਿੱਚ ਬਿਨ ਲਾਦੇਨ ਮਗਰੋਂ ਦੂਜੇ ਨੰਬਰ ਦਾ ਆਗੂ ਸੀ। ਉਸ ਨੂੰ ਦਹਿਸ਼ਤੀ ਸਮੂਹ ਦਾ ਕੌਮਾਂਤਰੀ ਪ੍ਰਤੀਕ ਮੰਨਿਆ ਜਾਂਦਾ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਜ਼ਵਾਹਰੀ ਆਪਣੇ ਸੁਰੱਖਿਅਤ ਘਰ ਦੀ ਬਾਲਕਨੀ ਵਿੱਚ ਖੜ੍ਹਾ ਸੀ ਜਦੋਂ ਡਰੋਨ ਨੇ ਉਸ ਵੱਲ ਦੋ ਮਿਜ਼ਾਈਲਾਂ ਦਾਗੀਆਂ। ਇਸ ਮੌਕੇ ਘਰ ਵਿੱਚ ਜ਼ਵਾਹਰੀ ਦੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸੀ, ਪਰ ਉਨ੍ਹਾਂ ਨੂੰ ਕੋਈ ਸੱਟ-ਫੇਟ ਨਹੀਂ ਲੱਗੀ ਤੇ ਸਿਰਫ਼ ਜ਼ਵਾਹਰੀ ਹੀ ਮਾਰਿਆ ਗਿਆ। ਬਾਇਡਨ ਨੇ ਕਿਹਾ, ‘‘9/11 ਹਮਲਿਆਂ ਦੀ ਯੋਜਨਾ ਘੜਨ ਵਿੱਚ ਉਸ ਦੀ ਵੱਡੀ ਭੂਮਿਕਾ ਸੀ, ਉਹ ਅਮਰੀਕੀ ਧਰਤੀ ’ਤੇ 2977 ਲੋਕਾਂ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ’ਚੋਂ ਇਕ ਸੀ। ਦਹਾਕਿਆਂ ਤੱਕ ਉਹ ਅਮਰੀਕਾ ਖਿਲਾਫ਼ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਰਿਹਾ।’’ ਅਮਰੀਕਾ ਨੇ ਕਾਬੁਲ ਵਿੱਚ ਇਹ ਡਰੋਨ ਹਮਲਾ ਅਜਿਹੇ ਮੌਕੇ ਕੀਤਾ ਹੈ ਜਦੋਂ ਅਮਰੀਕੀ ਫੌਜਾਂ ਨੂੰ ਅਫ਼ਗ਼ਾਨਿਸਤਾਨ ਛੱਡਿਆਂ ਨੂੰ ਅਗਲੇ ਦਿਨਾਂ ਵਿੱਚ ਸਾਲ ਹੋਣ ਵਾਲਾ ਹੈ। ਸਾਬਕਾ ਅਮਰੀਕੀ ਸਦਰ ਬਰਾਕ ਓਬਾਮਾ ਨੇ ਕਿਹਾ ਕਿ ਅਲ-ਜ਼ਵਾਹਰੀ ਦੀ ਮੌਤ ਸਬੂਤ ਹੈ ਕਿ ਜੰਗ ਦੇ ਮੈਦਾਨ ਤੋਂ ਬਾਹਰ ਰਹਿੰਦਿਆਂ ਵੀ ਅਤਿਵਾਦ ਨੂੰ ਜੜ੍ਹੋਂ ਪੁੱਟਿਆ ਜਾ ਸਕਦਾ ਹੈ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਲਕਾਇਦਾ ਦੀ ਮੌਤ ਮਗਰੋਂ ਕੁੱਲ ਆਲਮ ਸੁਰੱਖਿਅਤ ਥਾਂ ਬਣ ਗਿਆ ਹੈ। ‘ਨਿਊ ਯਾਰਕ ਟਾਈਮਜ਼’ ਮੁਤਾਬਕ ਜ਼ਵਾਹਰੀ ਮਿਸਰ ਦੇ ਨਾਮਵਰ ਪਰਿਵਾਰ ਨਾਲ ਸਬੰਧਤ ਸੀ। ਉਸ ਦਾ ਦਾਦਾ ਰਾਬੀਆ ਅਲ-ਜ਼ਵਾਹਰੀ ਕਾਹਿਰਾ ਦੀ ਮਾਣਮੱਤੀ ਅਲ-ਅਜ਼ਹਰ ਯੂਨੀਵਰਸਿਟੀ ਵਿੱਚ ਇਮਾਮ ਸੀ। ਉਨ੍ਹਾਂ ਦੇ ਪਰਿਵਾਰ ’ਚੋਂ ਅਬਦੁਲ ਰਹਿਮਾਨ ਅੱਜ਼ਾਮ ਅਰਬ ਲੀਗ ਦਾ ਪਹਿਲਾ ਸਕੱਤਰ ਸੀ। 1981 ਵਿੱਚ ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਤ ਦੀ ਹੱਤਿਆ ਅਤੇ 1998 ਵਿੱਚ ਕੀਨੀਆ ਤੇ ਤਨਜ਼ਾਨੀਆ ਵਿਚਲੇ ਅਮਰੀਕੀ ਸਫ਼ਾਰਤਖਾਨਿਆਂ ’ਤੇ ਹਮਲੇ ਵਿੱਚ ਉਸ ਦੀ ਕੇਂਦਰੀ ਭੂਮਿਕਾ ਸੀ। ਜ਼ਵਾਹਿਰੀ ਨੇ ਸਤੰਬਰ 2014 ਵਿੱਚ ਅਲਕਾਇਦਾ ਦੀ ਖੇਤਰੀ ਜਥਬੰਦੀ ਏਕਿਊਆਈਐੱਸ ਦੀ ਸਥਾਪਨਾ ਕੀਤੀ ਸੀ।
Home Page ਕਾਬੁਲ: ਅਲਕਾਇਦਾ ਆਗੂ ਜ਼ਵਾਹਰੀ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ