ਕਾਬੁਲ ‘ਚੋਂ ਭਾਰਤੀ ਰਾਜਦੂਤ ਸਣੇ 150 ਵਿਅਕਤੀ ਭਾਰਤ ਲਿਆਂਦੇ

ਨਵੀਂ ਦਿੱਲੀ/ਜਾਮਨਗਰ (ਗੁਜਰਾਤ), 17 ਅਗਸਤ – ਤਾਲਿਬਾਨੀ ਲੜਾਕਿਆਂ ਦੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਾਬਜ਼ ਹੋਣ ਤੋਂ ਦੋ ਦਿਨ ਬਾਅਦ ਭਾਰਤ ਨੇ ਅੱਜ ਉੱਥੇ ਫਸੇ ਭਾਰਤੀ ਰਾਜਦੂਤ ਤੇ ਅੰਬੈਸੀ ਦੇ ਹੋਰ ਸਟਾਫ਼ ਨੂੰ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਸੁਰੱਖਿਅਤ ਕੱਢ ਕੇ ਭਾਰਤ ਲਿਆਂਦਾ ਹੈ। ਹਵਾਈ ਸੈਨਾ ਦਾ ਜਹਾਜ਼ ਸਵੇਰੇ 11.15 ਵਜੇ ਦੇ ਕਰੀਬ ਗੁਜਰਾਤ ਦੇ ਜਾਮਨਗਰ ਵਿੱਚ ਉੱਤਰਿਆ ਤੇ ਤੇਲ ਭਰਵਾਉਣ ਮਗਰੋਂ ਸ਼ਾਮ 3 ਵਜੇ ਉੱਥੋਂ ਦਿੱਲੀ ਲਈ ਰਵਾਨਾ ਹੋ ਗਿਆ। ਜਹਾਜ਼ ਸ਼ਾਮੀਂ 5 ਵਜੇ ਦੇ ਕਰੀਬ ਕੌਮੀ ਰਾਜਧਾਨੀ ਦੇ ਹਿੰਡਨ ਹਵਾਈ ਬੇਸ ‘ਤੇ ਉੱਤਰ ਗਿਆ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਾਬੁਲ ਸਥਿਤ ਅੰਬੈਸੀ ਸਟਾਫ਼ ਨੂੰ ਵਾਪਸ ਲਿਆਉਣ ਦਾ ਅਮਲ ਪੂਰਾ ਹੋ ਗਿਆ ਹੈ ਤੇ ਹੁਣ ਸਾਰਾ ਧਿਆਨ ਅਫ਼ਗ਼ਾਨ ਰਾਜਧਾਨੀ ਵਿੱਚ ਫਸੇ ਭਾਰਤੀਆਂ ਦੀ ਦੇਸ਼ ਵਾਪਸੀ ਵੱਲ ਰਹੇਗਾ। ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਇਕ ਟਵੀਟ ‘ਚ ਕਿਹਾ ਕਿ ਕਾਬੁਲ ਤੋਂ ਭਾਰਤ ਤੱਕ ਦੀ ਆਮਦੋਰਫ਼ਤ ‘ਮੁਸ਼ਕਲ ਤੇ ਗੁੰਝਲਦਾਰ’ ਅਮਲ ਸੀ। ਉਨ੍ਹਾਂ ਇਸ ਪੂਰੇ ਅਮਲ ਨੂੰ ਸਿਰੇ ਚਾੜ੍ਹਨ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ।
ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੇ ਸਵੇਰੇ 11 ਵਜੇ ਦੇ ਕਰੀਬ ਕਾਬੁਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਜਹਾਜ਼ ਵਿੱਚ ਅਫ਼ਗ਼ਾਨਿਸਤਾਨ ‘ਚ ਭਾਰਤ ਦੇ ਰਾਜਦੂਤ ਰੁਦਰੇਂਦਰ ਟੰਡਨ ਤੇ ਅੰਬੈਸੀ ਦੇ ਅਧਿਕਾਰੀਆਂ ਤੋਂ ਇਲਾਵਾ ਆਈਟੀਬੀਪੀ ਦੇ 99 ਜਵਾਨਾਂ ਸਣੇ 150 ਵਿਅਕਤੀ ਸਵਾਰ ਸਨ। ਜਹਾਜ਼ ਵਿੱਚ ਕੁਝ ਭਾਰਤੀ ਨਾਗਰਿਕਾਂ ਦੇ ਸਵਾਰ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਕਾਬੁਲ ਵਿੱਚ ਫਸੇ ਭਾਰਤੀਆਂ ਨੂੰ ਉੱਥੋਂ ਕੱਢਣ ਲਈ ਭੇਜੀ ਇਹ ਦੂਜੀ ਉਡਾਣ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ‘ਤੇ ਉਡਾਣਾਂ ਮੁਅੱਤਲ ਕੀਤੇ ਜਾਣ ਤੋਂ ਐਨ ਪਹਿਲਾਂ ਹਵਾਈ ਸੈਨਾ ਦਾ ਇਕ ਹੋਰ ਸੀ-17 ਜਹਾਜ਼ 40 ਦੇ ਕਰੀਬ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢ ਕੇ ਲਿਆਇਆ ਸੀ। ਇਨ੍ਹਾਂ ਵਿੱਚ ਭਾਰਤੀ ਅੰਬੈਸੀ ਵਿੱਚ ਕੰਮ ਕਰਦਾ ਅਮਲਾ ਵੀ ਸ਼ਾਮਲ ਸੀ। ਅਧਿਕਾਰੀਆਂ ਨੇ ਕਿਹਾ ਕਿ ਹਵਾਈ ਸੈਨਾ ਦੇ ਦੋ ਜਹਾਜ਼ ਇਰਾਨ ਦੇ ਹਵਾਈ ਲਾਂਘੇ ਦੀ ਵਰਤੋਂ ਕਰਦਿਆਂ ਕਾਬੁਲ ਪੁੱਜੇ ਸਨ।