ਕਾਮਨਵੈਲਥ ਗੇਮਜ਼ 2022: ਆਸਟਰੇਲੀਆ ਦੇ ਵਿਕਟੋਰੀਆ ਸ਼ਹਿਰ ’ਚ ਮਿਲਣ ਦੇ ਵਾਅਦੇ ਨਾਲ ਕਾਮਨਵੈਲਥ ਗੇਮਜ਼ ਸਮਾਪਤ

ਭੰਗੜਾ ਅਤੇ ਭਾਰਤੀ ਮੂਲ ਦੇ ਗਾਇਕ ਸਟੀਵਨ ਕਪੂਰ ‘ਅਪਾਚੇ ਇੰਡੀਅਨ’ ਖਿੱਚ ਦਾ ਕੇਂਦਰ ਰਹੇ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘295’ ਵੀ ਗੂੰਜਿਆ
ਬਰਮਿੰਘਮ, 9 ਅਗਸਤ – ਭੰਗੜੇ ਤੇ ‘ਅਪਾਚੇ ਇੰਡੀਅਨ’ ਦੇ ਪ੍ਰਦਰਸ਼ਨ ਨੇ ਇਥੋਂ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਕਾਮਨਵੈਲਥ ਗੇਮਜ਼ ਦੇ ਸਮਾਪਤੀ ਸਮਾਰੋਹ ਦੌਰਾਨ ਚਾਰ ਚੰਨ ਲਾ ਦਿੱਤੇ। ਇਸ ਦੇ ਨਾਲ ਹੀ ਖਿਡਾਰੀਆਂ ਨੇ ਚਾਰ ਸਾਲਾਂ ਬਾਅਦ ਆਸਟਰੇਲੀਆ ਦੇ ਵਿਕਟੋਰੀਆ ਸ਼ਹਿਰ ਵਿੱਚ ਮਿਲਣ ਦੇ ਵਾਅਦੇ ਨਾਲ ਬਰਮਿੰਘਮ ਖੇਡਾਂ ਨੂੰ ਅਲਵਿਦਾ ਕਿਹਾ। ਇੱਥੇ 11 ਦਿਨ ਤੱਕ ਚੱਲੀਆਂ ਖੇਡਾਂ ਵਿੱਚ 72 ਦੇਸ਼ਾਂ ਦੇ 4500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਭਾਰਤ ਨੇ ਕੁੱਲ 61 ਤਗ਼ਮੇ ਜਿੱਤੇ। ਹਾਲਾਂਕਿ, ਭਾਰਤ ਨੂੰ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਹੋਈਆਂ ਕਾਮਨਵੈਲਥ ਗੇਮਜ਼ ਤੋਂ ਪੰਜ ਤਗ਼ਮੇ ਘੱਟ ਮਿਲੇ ਹਨ। ਰਵਾਇਤ ਮੁਤਾਬਕ ਕਾਮਨਵੈਲਥ ਗੇਮਜ਼ ਫੈੱਡਰੇਸ਼ਨ ਦਾ ਝੰਡਾ ਉਤਾਰ ਕੇ ਆਸਟਰੇਲੀਆ ਦੇ ਵਿਕਟੋਰੀਆ ਸੂਬੇ ਨੂੰ ਸੌਂਪਿਆ ਗਿਆ, ਜੋ 2026 ਵਿੱਚ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਕਰੇਗਾ। ਪ੍ਰਿੰਸ ਐਡਵਰਡ ਨੇ ਬਰਮਿੰਘਮ-2022 ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ। ਇਸ ਐਲਾਨ ਦੇ ਨਾਲ ਹੀ ਬਰਮਿੰਘਮ ਵਿੱਚ ਆਸਮਾਨ ਆਤਿਸ਼ਬਾਜ਼ੀ ਨਾਲ ਚਮਕ ਉੱਠਿਆ। ਸਮਾਰੋਹ ਮੌਕੇ ਖਿੱਚ ਦਾ ਕੇਂਦਰ ਭੰਗੜਾ ਅਤੇ ਭਾਰਤੀ ਮੂਲ ਦੇ ਗਾਇਕ ਸਟੀਵਨ ਕਪੂਰ ਰਹੇ, ਜੋ ‘ਅਪਾਚੇ ਇੰਡੀਅਨ’ ਦੇ ਨਾਮ ਨਾਲ ਮਸ਼ਹੂਰ ਹਨ। ‘ਅਪਾਚੇ ਇੰਡੀਅਨ’ ਦੇ ਪ੍ਰਦਰਸ਼ਨ ਮਗਰੋਂ ਮਾਡਲ ਨੀਲਮ ਗਿੱਲ ਨੇ ਪੇਸ਼ਕਾਰੀ ਦਿੱਤੀ। ਸਟਾਰ ਮਹਿਲਾ ਮੁੱਕੇਬਾਜ਼ ਨਿਖ਼ਤ ਜ਼ਰੀਨ ਅਤੇ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਭਾਰਤੀ ਦਲ ਦੀ ਅਗਵਾਈ ਕੀਤੀ, ਪਰ ਭਾਰਤੀ ਖਿਡਾਰੀਆਂ ਦੀ ਗਿਣਤੀ ਬਹੁਤ ਘੱਟ ਰਹੀ। ਭਾਰਤੀ ਦਲ ਦੇ ਸਟੇਡੀਅਮ ਵਿੱਚ ਪਹੁੰਚਣ ਦੇ ਨਾਲ ਹੀ ਸੰਗੀਤ ਸਮੂਹ ਪੰਜਾਬੀ ਐੱਮਸੀ ਨੇ ‘ਮੁੰਡਿਆਂ ਤੋਂ ਬਚ ਕੇ’ ਵਜਾਉਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਖਿਡਾਰੀ ਵੀ ਨੱਚਣ ਲੱਗੇ। ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਕਾਮਨਵੈਲਥ ਗੇਮਜ਼ ਦੇ ਸਮਾਪਤੀ ਸਮਾਰੋਹ ਦੌਰਾਨ ਜਿੱਥੇ ਭੰਗੜਾ ਅਤੇ ‘ਅਪਾਚੇ ਇੰਡੀਅਨ’ ਖਿੱਚ ਦਾ ਕੇਂਦਰ ਰਹੇ, ਉਥੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘295’ ਵੀ ਗੂੰਜਿਆ।