ਦੇਸ਼ ਭਗਤ ਕਮੇਟੀ ਵੱਲੋਂ ਦੁੱਖ ਦਾ ਪ੍ਰਗਟਾਵਾ
ਜਲੰਧਰ, 1 ਜੂਨ – ਕਮਿਨਿਸਟ ਇਨਕਲਾਬੀ ਹਲਕਿਆਂ ਵਿੱਚ ਕਾਮਰੇਡ ਗੋਪਾਲ ਕਰਕੇ ਜਾਣੇ ਜਾਂਦੇ ਰਹੇ ਕਾਮਰੇਡ ਮਦਨ ਲਾਲ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਨਕੋਦਰ ਰੋਡ ‘ਤੇ ਦਿਓਲ ਨਗਰ (ਨੇੜੇ ਅੰਬੇਦਕਰ ਭਵਨ) ਮੁਰਦਾ ਘਰ ਵਿੱਚ ਪੂਰੇ ਇਨਕਲਾਬੀ ਸਨਮਾਨ ਨਾਲ ਰੱਖੀ ਗਈ।
ਇਸ ਮੌਕੇ ਕਾਮਰੇਡ ਅਜਮੇਰ, ਪਰਿਵਾਰ ਦੇ ਮੈਂਬਰ ਅਤੇ ਉਨ੍ਹਾਂ ਦੇ ਸੰਗੀ ਸਾਥੀਆਂ ਨੇ ਕਾਮਰੇਡ ਮਦਨ ਲਾਲ ਨੂੰ ਸਲਾਮੀ ਦਿੱਤੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ‘ਤੇ 3 ਜੂਨ ਦਿਨੇ 11:00 ਵਜੇ ਦਿਓਲ ਨਗਰ ਸ਼ਮਸ਼ਾਨ ਘਾਟ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਜਾਏਗਾ।
ਢੇਸੀਆਂ ਕਾਹਨਾਂ ਦੇ ਜੰਮਪਲ ਕਾਮਰੇਡ ਮਦਨ ਲਾਲ ਨੇ ਜੀਵਨ ਦਾ ਲੰਮਾ ਅਰਸਾ ਆਪਣੇ ਨਾਨਕੇ ਪਿੰਡ ਸਮਰਾਵਾਂ ਵਿਖੇ ਬਿਤਾਇਆ। ਉਹ 1973 ਤੋਂ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਬਤੌਰ ਕੁਲਵਕਤੀ ਕਾਮੇ, ਦੱਬੇ ਕੁੱਚਲੇ ਲੋਕਾਂ ਨੂੰ ਜਗਾਉਣ, ਜਮਾਤੀ ਸੰਗਰਾਮ ਦੇ ਰਾਹ ਅੱਗੇ ਤੋਰਨ, ਗ਼ਦਰੀ ਦੇਸ਼ ਭਗਤਾਂ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਲੋਕ-ਪੱਖੀ ਨਵਾਂ ਨਰੋਆ ਜਮਹੂਰੀ ਸਮਾਜ ਸਿਰਜਣ ਲਈ ਕੰਮ ਕਰਦੇ ਰਹੇ।
ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੇ ਸਮੇਤ ਹਾਜ਼ਰ ਕਮੇਟੀ ਮੈਂਬਰਾਂ ਨੇ ਕਾਮਰੇਡ ਮਦਨ ਲਾਲ ਦੇ ਅਚਨਚੇਤ ਵਿਛੋੜੇ ‘ਤੇ ਪਰਿਵਾਰ ਅਤੇ ਸਾਕ ਸੰਬੰਧੀਆਂ ਨਾਲ ਦੁੱਖ ਵਿੱਚ ਸ਼ਰੀਕ ਹੁੰਦਿਆਂ ਵਿੱਛੜੇ ਸਾਥੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
Indian News ਕਾਮਰੇਡ ਮਦਨ ਲਾਲ ਨਹੀਂ ਰਹੇ!