ਕਾਲਿਆਂ ਉੱਪਰ ਅੱਤਿਆਚਾਰਾਂ ਨਾਲ ਨਜਿੱਠਣ ਲਈ ਕਾਨੂੰਨ ਬਣਾਉਣ ਦੀ ਤਿਆਰੀ

ਵਾਸ਼ਿੰਗਟਨ 7 ਜੂਨ (ਹੁਸਨ ਲਡ਼ੋਆ ਬੰਗਾ) – ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਹੋਏ ਪ੍ਰਦਰਸ਼ਨਾਂ ਦੌਰਾਨ ਕਾਲਿਆਂ ਉੱਪਰ ਅੱਤਿਆਚਾਰ ਦੇ ਉਠਾਏ ਮੁੱਦਿਆਂ ਦੇ ਮੱਦੇਨਜ਼ਰ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਰਜ ਦਾ ਭਰਾ ਇਸ ਹਫ਼ਤੇ ਕਾਂਗਰਸ ਦੀ ਇਕ ਕਮੇਟੀ ਅੱਗੇ ਪੇਸ਼ ਹੋਵੇਗਾ ਤੇ ਨਸਲੀ ਹਿੰਸਾ ਬਾਰੇ ਆਪਣੇ ਵਿਚਾਰ ਰੱਖੇਗਾ। ਹਾਊਸ ਜੁਡੀਸ਼ਰੀ ਕਮੇਟੀ ਦੀ ਸਪੋਕਸਪਰਸਨ ਸ਼ਾਡਵਨ ਰੈਡਿਕ ਸਮਿਥ ਨੇ ਕਿਹਾ ਹੈ ਕਿ ਫਿਲੋਨਿਸ ਫਲਾਇਡ ਬੁੱਧਵਾਰ ਨੂੰ ਸੁਣਵਾਈ ਦੌਰਾਨ ਆਪਣੇ ਭਰਾ ਜਾਰਜ ਦੀ ਮੌਤ, ਪੁਲਿਸ ਦੀ ਦਰਿੰਦਗੀ ਤੇ ਨਸਲੀ ਭਿੰਨ-ਭੇਦ ਬਾਰੇ ਆਪਣਾ ਪੱਖ ਰੱਖੇਗਾ। ਫਿਲੋਨਿਸ ਫਲਾਇਡ ਵੱਲੋਂ ਜੁਡੀਸ਼ਰੀ ਕਮੇਟੀ ਅੱਗੇ ਕੀਤੇ ਖੁਲਾਸੇ ਦੀ ਬਹੁਤ ਅਹਿਮੀਅਤ ਸਮਝੀ ਜਾਂਦੀ ਹੈ ਕਿਉਂਕਿ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਇਕ ਕਾਨੂੰਨ ਬਣਾਏ ਜਾਣ ਦੀ ਸੰਭਾਵਨਾ ਹੈ ਜਿਸ ਦਾ ਮਕਸਦ ਪ੍ਰਦਰਸ਼ਨਕਾਰੀਆਂ ਵੱਲੋਂ ਨਸਲੀ ਹਿੰਸਾ ਨੂੰ ਲੈ ਕੇ ਉਠਾਏ ਮਸਲਿਆਂ ਨੂੰ ਸੁਲਝਾਉਣਾ ਹੈ।