ਚੰਡੀਗੜ੍ਹ/ਨਵੀਂ ਦਿੱਲੀ, 27 ਨਵੰਬਰ – ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੱਕ ਕਾਫ਼ਲਿਆਂ ਦੇ ਰੂਪ ਵਿੱਚ ਪਹੁੰਚੇ ਕਿਸਾਨਾਂ ਮੂਹਰੇ ਗੋਡੇ ਟੇਕਦਿਆਂ ਉਨ੍ਹਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਅਤੇ ਰੈਲੀ ਕਰਨ ਦੀ ਇਜਾਜ਼ਤ ਮਿਲ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਦਿੱਲੀ ਪੁਲੀਸ ਵੱਲੋਂ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਿੱਚ ਬੁਰਾੜੀ ਸਥਿਤ ਨਿਰੰਕਾਰੀ ਗਰਾਊਂਡ ਵਿੱਚ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਕਿਸਾਨਾਂ ਨੂੰ ਦੁਪਹਿਰ ਤਕਰੀਬਨ 3 ਵਜੇ ਦਿੱਲੀ ਜਾਣ ਦੀ ਸਹਿਮਤੀ ਦੇ ਦਿੱਤੀ ਸੀ। ਕਿਸਾਨਾਂ ਅਤੇ ਦਿੱਲੀ ਪੁਲੀਸ ਦਰਮਿਆਨ ਦੁਪਹਿਰ 2 ਵਜੇ ਦੇ ਕਰੀਬ ਤਿੱਖੀਆਂ ਝੜਪਾਂ ਵੀ ਹੋਈਆਂ ਜੋ ਪੌਣਾ ਘੰਟਾ ਜਾਰੀ ਰਹੀਆਂ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਜਲ ਤੋਪਾਂ ਦੇ ਵਾਰ-ਵਾਰ ਮੂੰਹ ਖੋਲ੍ਹੇ ਗਏ ਅਤੇ ਕਿਸਾਨਾਂ ‘ਤੇ ਲਗਾਤਾਰ 5 ਘੰਟੇ ਤੋਂ ਵੱਧ ਸਮਾਂ ਅੱਥਰੂ ਗੈੱਸ ਦੇ ਗੋਲੇ ਵਰ੍ਹਾਏ ਗਏ। ਕਿਸਾਨਾਂ ‘ਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਜਿਸ ਦੌਰਾਨ ਦਰਜਨ ਦੇ ਕਰੀਬ ਕਿਸਾਨਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਕਿਸਾਨਾਂ ਵੱਲੋਂ ਕੀਤੇ ਪਥਰਾਅ ਨਾਲ ਕੁਝ ਪੁਲੀਸ ਮੁਲਾਜ਼ਮਾਂ ਦੇ ਵੀ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਕਿਸਾਨ ਆਗੂਆਂ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਦਖ਼ਲ ਦੇ ਕੇ ਸਥਿਤੀ ਸੰਭਾਲੀ। ਦਿੱਲੀ ਦੀ ਸਰਹੱਦ ‘ਤੇ ਦਿੱਲੀ ਪੁਲੀਸ, ਰੈਪਿਡ ਐਕਸ਼ਨ ਫੋਰਸ, ਸੀਆਰਪੀਐੱਫ ਅਤੇ ਬੀਐੱਸਐੱਫ ਦੀਆਂ ਟੁਕੜੀਆਂ ਤਾਇਨਾਤ ਹਨ। ਦਿੱਲੀ ਸਰਹੱਦ ‘ਤੇ ਸਾਰੀਆਂ ਸੜਕਾਂ ਉੱਪਰ ਟਰੈਕਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਹਰਿਆਣਾ ਸਰਕਾਰ ਵੱਲੋਂ ਅੱਜ ਬਾਅਦ ਦੁਪਹਿਰ ਅੰਬਾਲਾ ਤੋਂ ਲੈ ਕੇ ਪਾਣੀਪਤ ਤੱਕ ਕੌਮੀ ਮਾਰਗ ‘ਤੇ ਖੜ੍ਹੀਆਂ ਕੀਤੀਆਂ ਗਈਆਂ ਸਾਰੀਆਂ ਰੋਕਾਂ ਹਟਾ ਦਿੱਤੀਆਂ ਗਈਆਂ ਸਨ। ਇਸ ਕਰਕੇ ਦਿੱਲੀ ਸਰਹੱਦ ‘ਤੇ ਲੱਖਾਂ ਕਿਸਾਨਾਂ ਦਾ ਇਕੱਠ ਹੋਣ ਕਾਰਨ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।
ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਜਗਮੋਹਨ ਸਿੰਘ, ਰਾਜਿੰਦਰ ਸਿੰਘ, ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜ ਗਿੱਲ ਅਤੇ ਰੁਲਦੂ ਸਿੰਘ ਮਾਨਸਾ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਡੇ ਕਾਫ਼ਲੇ ਵੀਰਵਾਰ ਸਵੇਰੇ ਹਰਿਆਣਾ ‘ਚ 10 ਥਾਵਾਂ ਤੋਂ ਦਾਖ਼ਲ ਹੋਏ ਸਨ। ਇਨ੍ਹਾਂ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਖੜ੍ਹੀਆਂ ਕੀਤੀਆਂ ਰੋਕਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਟਰੈਕਟਰਾਂ ਅਤੇ ਨੌਜਵਾਨਾਂ ਦੀ ਮਦਦ ਨਾਲ ਕਿਸਾਨਾਂ ਨੇ ਕਰਨਾਲ, ਪਾਣੀਪਤ, ਸੋਨੀਪਤ ਅਤੇ ਹੋਰ ਥਾਵਾਂ ‘ਤੇ ਪੱਥਰਾਂ, ਰੇਤੇ ਤੇ ਹੋਰ ਸਾਮਾਨ ਨਾਲ ਭਰੇ ਟਿੱਪਰਾਂ ਨੂੰ ਹਟਾ ਦਿੱਤਾ ਅਤੇ 10 ਫੁੱਟ ਤੱਕ ਡੂੰਘੇ ਪੁੱਟੇ ਗਏ ਖੱਡਿਆਂ ਨੂੰ ਵੀ ਪੂਰ ਦਿੱਤਾ। ਇਸ ਤਰ੍ਹਾਂ ਨਾਲ ਕਿਸਾਨਾਂ ਦੇ ਕਾਫ਼ਲੇ ਦਿਨ ਚੜ੍ਹਦਿਆਂ ਹੀ ਦਿੱਲੀ ਦੀ ਸਰਹੱਦ ‘ਤੇ ਦਸਤਕ ਦੇਣ ਲੱਗ ਪਏ ਸਨ। ਦਿੱਲੀ ਪੁਲੀਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਕਿਸਾਨਾਂ ਨੂੰ ਲਾਊਡ ਸਪੀਕਰ ਰਾਹੀਂ ਲਗਾਤਾਰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ। ਕਿਸਾਨਾਂ ਅਤੇ ਪੁਲੀਸ ਦਰਮਿਆਨ ਇੱਕ ਤੋਂ ਵੱਧ ਵਾਰ ਤਿੱਖੀਆਂ ਬਹਿਸਾਂ ਵੀ ਹੋਈਆਂ। ਨਾਕਿਆਂ ‘ਤੇ ਤਾਇਨਾਤ ਪੁਲੀਸ ਅਧਿਕਾਰੀਆਂ ਨੇ ਜਦੋਂ ਕੋਵਿਡ ਦਾ ਹਵਾਲਾ ਦਿੰਦਿਆਂ ਰੈਲੀ ਮੁਜ਼ਾਹਰਾ ਕਰਨ ‘ਤੇ ਪਾਬੰਦੀ ਲੱਗੇ ਹੋਣ ਦੀ ਗੱਲ ਕਹੀ ਤਾਂ ਕਿਸਾਨਾਂ ਨੇ ਬਿਹਾਰ, ਮੱਧ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਤੇ ਜ਼ਿਮਨੀ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਕੇਂਦਰੀ ਮੰਤਰੀ, ਮੁੱਖ ਮੰਤਰੀ ਅਤੇ ਸਿਆਸਤਦਾਨ ਰਾਜਸੀ ਰੈਲੀਆਂ ਕਰ ਸਕਦੇ ਹਨ ਤਾਂ ਕਿਸਾਨ ਆਪਣਾ ਦੁੱਖ ਸੁਣਾਉਣ ਲਈ ਕਿਉਂ ਨਹੀਂ ਜੁੜ ਸਕਦੇ। ਕਿਸਾਨਾਂ ਦੀਆਂ ਦਲੀਲਾਂ ਦੇ ਸਾਹਮਣੇ ਪੁਲੀਸ ਅਧਿਕਾਰੀਆਂ ਨੂੰ ਵੀ ਲਾਜਵਾਬ ਹੋਣਾ ਪਿਆ।
ਦਿੱਲੀ ਪੁਲੀਸ ਨੇ ਕਿਸਾਨਾਂ ਦੇ ਕੌਮੀ ਰਾਜਧਾਨੀ ਵਿੱਚ ਦਾਖ਼ਲੇ ਨੂੰ ਰੋਕਣ ਲਈ 5 ਪੜਾਵੀ ਸੁਰੱਖਿਆ ਪ੍ਰਬੰਧ ਕੀਤੇ ਸਨ ਜਿਸ ਤਹਿਤ ਅਰਧ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ। ਕੌਮੀ ਮਾਰਗ-1 ਉੱਪਰ ਰੇਤ ਦੇ ਭਰੇ ਟਰੱਕ, ਰੋਡ ਰੋਲਰ ਖੜ੍ਹੇ ਕੀਤੇ ਗਏ ਅਤੇ ਕੰਡਿਆਲੀ ਤਾਰ ਸਮੇਤ ਸੀਮਿੰਟ ਦੀਆਂ ਰੋਕਾਂ ਲਾਈਆਂ ਗਈਆਂ ਪਰ ਕਿਸਾਨ ਰੋਕਾਂ ਤੋੜਦੇ ਅਤੇ ਬੁਲਡੋਜ਼ਰ ਹਟਾਉਂਦੇ ਹੋਏ ਅੱਗੇ ਵਧਦੇ ਰਹੇ। ਸਿੰਘੂ ਬਾਰਡਰ ਤੋਂ ਪਹਿਲਾਂ ਕਰਨਾਲ ਤੇ ਸਮਾਲਖਾ ਵਿਖੇ ਰੋਕਾਂ ਹਟਾ ਕੇ ਕਿਸਾਨ ਦਿੱਲੀ ਵੱਲ ਵਧਦੇ ਰਹੇ। ਉਨ੍ਹਾਂ ‘ਤੇ ਡਰੋਨਾਂ ਨਾਲ ਨਿਗਰਾਨੀ ਜਾਰੀ ਰੱਖੀ ਗਈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ 1800 ਤੋਂ ਵੱਧ ਟਰਾਲੀਆਂ ਵਿੱਚ ਕਿਸਾਨ ‘ਦਿੱਲੀ ਚੱਲੋ’ ਲਈ ਨਿਕਲੇ ਹੋਏ ਹਨ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕਿਸਾਨ ਰੋਕਾਂ ਤੋੜ ਕੇ ਅੱਗੇ ਵਧੇ। ਗੁਰੂਗ੍ਰਾਮ, ਫਰੀਦਾਬਾਦ, ਪਲਵਲ, ਬਹਾਦਰਗੜ੍ਹ ਤੇ ਨੋਇਡਾ ਦੇ ਪ੍ਰਵੇਸ਼ ਦੁਆਰਾਂ ਵਿਖੇ ਪੁਲੀਸ ਦੀ ਭਾਰੀ ਨਫ਼ਰੀ ਤਾਇਨਾਤ ਰਹੀ। ਪੁਲੀਸ ਅਧਿਕਾਰੀ ਗੌਰਵ ਸ਼ਰਮਾ ਸਮੇਤ ਉੱਤਰੀ ਦਿੱਲੀ ਪੁਲੀਸ ਲਈ ਸਾਰਾ ਦਿਨ ਭਾਜੜਾਂ ਪਈਆਂ ਰਹੀਆਂ। ਉੱਤਰ ਪ੍ਰਦੇਸ਼ ਤੋਂ ਵੀ ਕਿਸਾਨ ਦਿੱਲੀ ਵੱਲ ਤੁਰੇ ਹੋਏ ਸਨ। ਪੰਜਾਬ ਤੋਂ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਹੋਰਨਾਂ ਦੀ ਅਗਵਾਈ ਹੇਠ ਡੱਬਵਾਲੀ ਅਤੇ ਖਨੌਰੀ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਵੱਲ ਤੁਰੇ। ਉੱਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੰਮ੍ਰਿਤਸਰ ਤੋਂ ਕਿਸਾਨਾਂ ਨੇ ਚਾਲੇ ਪਾਏ। ਮਾਲਵੇ ਦੇ ਪਿੰਡਾਂ ਵਿੱਚੋਂ ਵੀ ਕਿਸਾਨਾਂ ਨੇ ਅੱਜ ਟਰੈਕਟਰ-ਟਰਾਲੀਆਂ ‘ਤੇ ਦਿੱਲੀ ਨੂੰ ਕੂਚ ਕਰਨਾ ਜਾਰੀ ਰੱਖਿਆ।
Home Page ਕਿਸਾਨਾਂ ਦਾ ਰੋਹ ਨਾ ਝੱਲ ਸੱਕੀ ਦਿੱਲੀ, ਪ੍ਰਦਰਸ਼ਨ ਅਤੇ ਰੈਲੀ ਕਰਨ ਦੀ...