ਨਵੀਂ ਦਿੱਲੀ – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ‘ਤੇ ਕਿਸਾਨ ਅੰਦੋਲਨ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ 20 ਦਸੰਬਰ ਦਿਨ ਐਤਵਾਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ‘ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਪਿੰਡ ਤੇ ਬਲਾਕ ਪੱਧਰ ‘ਤੇ ਸਵੇਰੇ 11.00 ਵਜੇ ਤੋਂ 1.00 ਵਜੇ ਤੱਕ ਸ਼ਰਧਾਂਜਲੀ ਸਮਾਗਮ ਕੀਤੇ ਗਏ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਰੱਜ ਕੇ ਭੰਡਿਆ।
ਸਿੰਘੂ ਬਾਰਡਰ ‘ਤੇ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ, ਫੁਰਮਾਨ ਸਿੰਘ ਸੰਧੂ, ਡਾ. ਸਤਨਾਮ ਸਿੰਘ, ਜਗਜੀਤ ਸਿੰਘ ਡੱਲੇਵਾਲ, ਉਂਕਾਰ ਸਿੰਘ, ਹਰਿੰਦਰ ਸਿੰਘ ਲੱਖੋਵਾਲ, ਸੁਰਜੀਤ ਸਿੰਘ ਫੂਲ, ਪ੍ਰੇਮ ਸਿੰਘ ਭੰਗੂ, ਹਰਜੀਤ ਸਿੰਘ ਰਵੀ, ਰੁਲਦੂ ਸਿੰਘ ਮਾਨਸਾ, ਲਖਬੀਰ ਸਿੰਘ ਨਿਜ਼ਾਮਪੁਰ, ਲਖਵਿੰਦਰ ਸਿੰਘ, ਹਰਮੀਤ ਸਿੰਘ ਕਾਦੀਆਂ, ਕਮਲਜੀਤ ਸਿੰਘ ਤੇ ਹੋਰ ਆਗੂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਪਹਿਲਾਂ ‘ਸ਼ਹੀਦ’ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਆਗੂਆਂ ਨੇ ਵਿੱਛੜੀਆਂ ਰੂਹਾਂ ਨੂੰ ਸਮਰਪਿਤ ਹੋ ਕੇ ਇਸ ਕਿਸਾਨੀ ਸੰਘਰਸ਼ ਨੂੰ ਫ਼ੈਸਲਾਕੁਨ ਅੰਜਾਮ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ਦੀਆਂ ਦਬਾਅ ਪਾਊ ਨੀਤੀਆਂ ਦਾ ਡਟ ਕੇ ਟਾਕਰਾ ਕਰਨ ਦਾ ਅਹਿਦ ਲਿਆ। ਉਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੇ ਨਾਲ ਨਾਲ ਹੋਰ ਵਰਗਾਂ ਲਈ ਵੀ ਘਾਤਕ ਕਰਾਰ ਦਿੱਤਾ।
ਟਿਕਰੀ ਬਾਰਡਰ ‘ਤੇ ਵੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਦੌਰਾਨ ਟਿਕਰੀ ਬਾਰਡਰ ‘ਤੇ ਬੀਕੇਯੂ ਏਕਤਾ (ਉਗਰਾਹਾਂ) ਦੀ ਅਗਵਾਈ ‘ਚ ਜੁੜੇ ਇਕੱਠ ਨੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਟ ਕੀਤੀਆਂ। ਹਜ਼ਾਰਾਂ ਦੀ ਤਾਦਾਦ ‘ਚ ਜੁੜੇ ਇਕੱਠ ਨੇ ਸਮੂਹਿਕ ਤੌਰ ‘ਤੇ ਖੜ੍ਹੇ ਹੋ ਕੇ ਦੋ ਮਿੰਟ ਲਈ ਮੌਨ ਰੱਖਿਆ ਤੇ ਸ਼ਹੀਦਾਂ ਦੀ ਯਾਦ ਨੂੰ ਸਿੱਜਦਾ ਕੀਤਾ। ਕਿਸਾਨਾਂ ਨੇ ‘ਅਮਰ ਸ਼ਹੀਦਾਂ ਦਾ ਪੈਗ਼ਾਮ- ਜਾਰੀ ਰੱਖਣਾ ਹੈ ਸੰਗਰਾਮ’ ਦੇ ਬੁਲੰਦ ਨਾਅਰਿਆਂ ਨਾਲ ਸ਼ਹੀਦਾਂ ਦੀ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਦਾ ਅਹਿਦ ਲੈਂਦਿਆਂ ਮੁਕੰਮਲ ਜਿੱਤ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
Home Page ਕਿਸਾਨੀਂ ਸੰਘਰਸ਼: ਸਿੰਘੂ ਤੇ ਟਿਕਰੀ ਬਾਰਡਰਾਂ ‘ਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ