




ਆਕਲੈਂਡ, 7 ਦਸੰਬਰ – ਇੱਥੇ 6 ਦਸੰਬਰ ਦਿਨ ਐਤਵਾਰ ਨੂੰ ਸਿਟੀ ਸੈਂਟਰ ਦੇ ਓਟੀਆ ਸੁਕੇਅਰ ਵਿਖੇ ਦੁਪਹਿਰ ਨੂੰ ਭਾਰਤੀ ਕਿਸਾਨਾਂ ਦੇ ਹੱਕ ‘ਚ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਕਾਫ਼ੀ ਵੱਡੀ ਗਿਣਤੀ ਵਿੱਚ ਪੁੱਜੇ ਲੋਕ ਪਹੁੰਚੇ ਅਤੇ ਭਾਰਤ ਸਰਕਾਰ ਦੇ ਖ਼ਿਲਾਫ਼ ਗ਼ੁੱਸਾ ਪ੍ਰਗਟ ਕਰਦੇ ਹੋਏ ਨਾਅਰੇ ਲਗਾਏ ਅਤੇ ਭਾਰਤ ਵਿਚਲੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਬਹੁਤੇ ਲੋਕ ਆਪਣੇ ਪਰਿਵਾਰਾਂ ਸਣੇ ਪੁੱਜੇ ਹੋਏ ਸਨ ਅਤੇ ਕਈਆਂ ਦੇ ਨਾਲ ਉਨ੍ਹਾਂ ਦੇ ਬੱਚੇ ਵੀ ਸਨ। ਜਿਨ੍ਹਾਂ ਦੇ ਹੱਥਾਂ ਵਿੱਚ ਭਾਰਤ ਸਰਕਾਰ ਵਿਰੁੱਧ ਲਿਖੇ ਨਾਅਰਿਆਂ ਵਾਲੇ ਬੈਨਰ ਵੀ ਸਨ। ਕਈ ਰੋਸ ਮੁਜ਼ਾਹਰਾਕਾਰੀਆਂ ਨੇ ਆਪਣੀਆਂ ਗੱਡੀਆਂ ਉੱਤੇ ਕਿਸਾਨੀ ਹਮਾਇਤੀ ਜਥੇਬੰਦੀਆਂ ਦੇ ਝੰਡੇ ਅਤੇ ਪੋਸਟਰ ਲਗਾਏ ਹੋਏ ਸਨ। ਰੋਸ ਮੁਜ਼ਾਹਰੇ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਭਾਰਤ ਸਰਕਾਰ ਦੀ ਨੀਤੀਆਂ ਅਤੇ ਨੀਅਤ ਵਿਰੁੱਧ ਆਪਣੇ ਵਿਚਾਰ ਸਾਂਝੇ ਕੀਤੇ।
ਜ਼ਿਕਰਯੋਗ ਹੈ ਕਿ ਪਿਛਲੇ ਲਗਭਗ 12 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਡਰ ਉੱਤੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਜਿੱਥੇ ਮੋਦੀ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਕਰ ਰਹੀ ਹੈ ਤੇ ਆਪਣਾ ਪੱਖ ਰੱਖ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਆਪਣੇ ਸਟੈਂਡ ਉੱਤੇ ਖੜੀ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਲਾਭ ਦੇਣ ਦਾ ਪੱਖ ਪੂਰ ਰਹੀ ਹੈ ਅਤੇ ਛੋਟੇ ਕਿਸਾਨਾਂ ਨੂੰ ਬੇਘਰ ਕਰਨਾ ਚਾਹੁੰਦੀ ਹੈ।