ਕਿਸਾਨੀ ਸੰਘਰਸ਼ ਵਿੱਚ ਵਡਮੁੱਲਾ ਪਾਉਣ ਵਾਲੇ ਡਾ. ਸਵੈਮਾਨ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ, ਭਾਈ ਧੂੰਦਾ ਦਾ ਵੀ ਸਨਮਾਨ।

ਸੈਕਰਾਮੈਂਟੋ, ਕੈਲੀਫੋਰਨੀਆ, 7 ਜੂਨ (ਹੁਸਨ ਲੜੋਆ ਬੰਗਾ) – ਜੇਤੂ ਕਿਸਾਨ ਸੰਘਰਸ਼ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਨੁਮਾਇੰਦੇ ਵਜੋਂ ਜਿੱਤ ਹੋਣ ਤੱਕ ਅਣਥੱਕ ਸੇਵਾਵਾਂ ਨਿਭਾਉਂਦੇ ਰਹੇ ਡਾਕਟਰ ਸਵੈਮਾਨ ਸਿੰਘ ਐੱਮ.ਡੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਕੈਲੀਫੋਰਨੀਆਂ ਸਟੇਟ ਵਿੱਚ ਫਰਿਜ਼ਨੋਂ ਸ਼ਹਿਰ ਦੇ ਆਈ.ਕੇ.ਪੀ ਰੈਸਟੋਰੈਂਟ ਵਿਖੇ ਬੀਤੇ ਦਿਨੀਂ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਹੋਇਆ ਜਿਸ ਵਿੱਚ ਡਾਕਟਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਸੰਘਰਸ਼ ਵਿੱਚ ਹੱਥੀਂ ਸੇਵਾ ਕਰਦੇ ਰਹੇ ਪ੍ਰਸਿੱਧ ਪ੍ਰਚਾਰਕ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਨੂੰ ਵੀ ਸਨਮਾਨਿਤ ਕੀਤਾ ਗਿਆ। ਯਾਦ ਰਹੇ ਕਿਸਾਨੀ ਸੰਘਰਸ਼ ਦੌਰਾਨ ਆਰਥਿਕ ਮਦਦ ਵਜੋਂ ਬੀਤੇ ਵਰ੍ਹੇ ਇੱਕ ਲੱਖ ਦਸ ਹਜ਼ਾਰ ਡਾਲਰ ਦਾ ਫ਼ੰਡ ਇਕੱਤਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਅਮੋਲਕ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਨਿਯੋਜਿਤ ਕੀਤਾ ਗਿਆ ਇਹ ਸਮਾਗਮ,ਆਮ ਰਵਾਇਤ ਤੋਂ ਹਟਕੇ ਖੁੱਲ੍ਹੇ ਡੁੱਲ੍ਹੇ ‘ਸੱਥ ਸਟਾਈਲ’ ਢੰਗ ਨਾਲ ਚਲਾਇਆ ਗਿਆ। ਸਟੇਜੀ ਬੰਦਸ਼ਾਂ ਤੋਂ ਰਹਿਤ ਹਾਜ਼ਰੀਨ ਨੂੰ ਆਪੋ ਆਪਣੇ ਦਿਲ ਦੇ ਵਲਵਲੇ ਜਾਂ ਕੋਈ ਸ਼ਿਕਵੇ-ਸਵਾਲ ਸਾਂਝੇ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਸਮਾਗਮ ਦਾ ਅਰੰਭ ਕਰਦਿਆਂ ਅਮੋਲਕ ਸਿੰਘ ਹੁਣਾ ਸੰਕੋਚਵੇਂ ਸ਼ਬਦਾਂ ਨਾਲ ਡਾ. ਸਵੈਮਾਨ ਸਿੰਘ ਵੱਲੋਂ ਸੰਘਰਸ਼ ਵਿੱਚ ਪਾਏ ਨਿਸ਼ਕਾਮ ਯੋਗਦਾਨ ਦੀ ਸੋਭਾ ਕਰਦਿਆਂ ਦੱਸਿਆ ਕਿ ਅਮਰੀਕਾ ਵਿੱਚ ਐੱਮ.ਡੀ ਵਜੋਂ ਡਾਕਟਰ ਦੀ ਹਜ਼ਾਰਾਂ ਡਾਲਰ ਕਮਾਉਣ ਵਾਲੀ ਜੌਬ ਤਿਆਗ ਕੇ ਉਹ ਭਰ-ਸਰਦੀ ਅਤੇ ਲੂੰਹਦੀ ਗਰਮੀ ਵਿੱਚ ਖੁੱਲ੍ਹੇ ਅਸਮਾਨ ਥੱਲੇ ਬੈਠੇ ਕਿਰਤੀ ਕਾਮਿਆਂ ਵੀਰਾਂ ਭੈਣਾਂ ਤੇ ਬੱਚਿਆਂ ਦੀ ਭਾਈ ਘਨੱਈਆ ਜੀ ਵਾਂਗ ਹੱਥੀਂ ਸੇਵਾ ਕਰਦੇ ਰਹੇ। ਬੇਸ਼ੱਕ ਉਸ ਵੇਲੇ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਆਈ.ਟੀ ਸੈੱਲ ਦੀਆਂ ‘ਸਰਕਾਰੀ ਫ਼ੌਜਾਂ’ ਨੇ ਕਿਸਾਨ ਆਗੂਆਂ ਦੇ ਨਾਲ ਨਾਲ ਡਾ.ਸਵੈਮਾਨ ਸਿੰਘ ਅਤੇ ਭਾਈ ਧੂੰਦਾ ਹੁਣਾ ਵਿਰੁੱਧ ਭਾਂਤ ਭਾਂਤ ਦੀ ਬਕਵਾਸ ਕੀਤੀ ਪਰ ਇਹ ਰਣ-ਭੂਮੀ ਦੇ ਸੂਰਮਿਆਂ ਵਾਂਗ ਡਟੇ ਰਹੇ।ਗੋਲਡ ਮੈਡਲ ਬਾਰੇ ਅਮੋਲਕ ਸਿੰਘ ਹੁਣਾ ਦੱਸਿਆ ਕਿ ਬੀਤੇ ਵਰ੍ਹੇ ਵਾਲੇ ਫ਼ੰਡ ਰੇਜ਼ੰਗ ਵਿੱਚੋਂ ਬਚਦੀ ਮਾਇਆ ਨਾਲ ਸਾਥੀਆਂ ਦੇ ਮਸ਼ਵਰੇ ਅਨੁਸਾਰ ਹੀ ਇਹ ਮੋਹ ਸਤਿਕਾਰ ਨਾਲ ਬਣਵਾਇਆ ਗਿਆ ਹੈ। ਸਮਾਗਮ ਆਯੋਜਕਾਂ ਵੱਲੋਂ ਜਦੋਂ ਡਾ. ਸਾਹਿਬ ਨੂੰ ਗੋਲਡ ਮੈਡਲ ਭੇਂਟ ਕੀਤਾ ਗਿਆ ਤਾਂ ਉਹ ਬਹੁਤ ਭਾਵੁਕ ਹੋ ਗਏ। ਭਰੇ ਗੱਚ ਨਾਲ ਸਵੈਮਾਨ ਸਿੰਘ ਹੁਣਾ ਦੱਸਿਆ ਕਿ ਸੰਘਰਸ਼ੀ ਮੋਰਚੇ ਵਿੱਚ ਇੰਜ ਹਿੱਸਾ ਪਾਉਣ ਵਾਰੇ ਮੈਂ ਕਦੇ ਸੋਚਿਆ ਨਹੀਂ ਸੀ ਇਹ ਤਾਂ ਗੁਰੂ ਕੀ ਕਲਾ ਹੀ ਵਰਤੀ ਹੈ! ਕਿਰਤੀ ਕਾਮੇ ਵੀਰਾਂ ਭੈਣਾਂ ਦਾ ਸਹਿਯੋਗ ਕਰਦਿਆਂ ਮੈਨੂੰ ਅਥਾਹ ਖ਼ੁਸ਼ੀ ਹੁੰਦੀ ਸੀ ਜਿਸਤੋਂ ਮੈਨੂੰ ਡਟੇ ਰਹਿਣ ਲਈ ਹੋਰ ਬਲ ਸਮਰੱਥਾ ਮਿਲਦੀ ਰਹੀ।ਨਾਲ ਦੀ ਨਾਲ ਮੈਨੂੰ ਸੋਸ਼ਲ ਮੀਡੀਏ ਰਾਹੀਂ ਪ੍ਰਵਾਸੀ ਵੀਰਾਂ ਦੀ ਮਿਲੀ ਹੱਲਾ-ਸ਼ੈਰੀ ਬਦੌਲਤ ਮੈਂ ਮੋਰਚੇ ਵਿੱਚ ਆਪਣਾ ਤੁੱਛ ਜਿਹਾ ਹਿੱਸਾ ਪਾ ਸਕਿਆ। ਉਨ੍ਹਾਂ ਹੋਰ ਕਿਹਾ ਕਿ ਮੈਨੂੰ ਤੇ ਪ੍ਰੋਫੈਸਰ ਧੂੰਦਾ ਨੂੰ ਸਿੰਘੂ ਬਾਰਡਰ ਅਤੇ ਟਿੱਕਰੀ ਵਾਲੇ ਮੋਰਚਿਆਂ ਦੇ ਹਰ ਘਟਨਾਕ੍ਰਮ ਦੇ ਚਸ਼ਮਦੀਦ ਗਵਾਹ ਹੀ ਸਮਝੋ।
ਉਨ੍ਹਾਂ ਤੋਂ ਬਾਅਦ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਨੇ ਆਪਣੇ ਕਈ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ 26 ਜਨਵਰੀ ਦੀ ਵਿਵਾਦਿਤ ਘਟਨਾ ਮਗਰੋਂ ਕੁਝ ਸ਼ਕਤੀਆਂ ਨੇ ਭਾਵੇਂ ਮੋਰਚੇ ਨਾਲੋਂ ਸਿੱਖਾਂ ਨੂੰ ਤੋੜਨ ਨਿਖੇੜਨ ਦੇ ਭਰਵੇਂ ਯਤਨ ਕੀਤੇ ਪਰ ਉਹ ਪੂਰੀ ਤਰਾਂ ਅਸਫਲ ਹੋਏ ਕਿਉਂ ਕਿ ਸੰਘਰਸ਼ ਦੀ ਅਗਵਾਈ ਬੜੇ ਤਜ਼ਰਬੇਕਾਰ ਹੱਥਾਂ ਵਿੱਚ ਰਹੀ।ਉਨ੍ਹਾਂ ਕਿਹਾ ਕਿ ਜੇ ਲੱਤਾਂ ਖਿੱਚਣ ਵਾਲਾ ਮਹਿਕਮਾ ਥੱਕਦਾ ਨਹੀਂ ਤਾਂ ਸਾਰਥਿਕ ਕੰਮ ਕਰਨ ਵਾਲਿਆਂ ਨੂੰ ਵੀ ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਹੋਰਾਂ ਤੋਂ ਇਲਾਵਾ ਸੁਰਿੰਦਰ ਸਿੰਘ ਨਿੱਝਰ, ਅੰਮ੍ਰਿਤਪਾਲ ਸਿੰਘ ਨਿੱਝਰ, ਪਰਮਜੀਤ ਸਿੰਘ ਹੇੜੀਆਂ, ਹਰਮਨ ਗਿੱਲ, ਸੁਰਿੰਦਰ ਮੰਢਾਲੀ, ਸ਼ਿਆਰਾ ਸਿੰਘ ਢੀਂਡਸਾ, ਹਰਜਿੰਦਰ ਸਿੰਘ ਢੇਸੀ, ਗੁਰਨੇਕ ਸਿੰਘ ਬਾਗੜੀ ਅਤੇ ਸੁਖਵੀਰ ਸਿੰਘ ਭੰਡਾਲ ਨੇ ਵੀ ਸੰਬੋਧਨ ਕੀਤਾ। ਉੱਘੇ ਗਾਇਕ ਧਰਮਵੀਰ ਥਾਂਦੀ ਨੇ ਆਪਣੇ ਸ਼ਾਨਦਾਰ ਗੀਤਾਂ ਦੀ ਛਹਿਬਰ ਵੀ ਲਾਈ।ਇਸ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਸ਼ਹੀਦ ਭਗਤ ਸਿੰਘ ਸ਼ਹੀਦ ਊਧਮ ਸਿੰਘ ਕਲੱਬ ਕਬੱਡੀ ਫੈਡਰੇਸ਼ਨਾਂ, ਪੀ.ਸੀ.ਏ ਫਰਿਜ਼ਨੋ, ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ, ਵਰਲਡ ਸਿੱਖ ਫੈਡਰੇਸ਼ਨ ਅਤੇ ਇੰਡੋ-ਅਮੈਰਿਕਨ ਹੈਰੀਟੇਜ ਆਦਿਕ ਸੰਸਥਾਵਾਂ ਨੇ ਬਹੁਮੁੱਲਾ ਯੋਗਦਾਨ ਪਾਇਆ।