ਦਿੱਲੀ ਦੀਆਂ ਸਰਹੱਦਾਂ ਉੱਪਰ ਚੱਲ ਰਿਹਾ ਕਿਸਾਨ ਅੰਦੋਲਨ ਕਈ ਨਵੇਂ ਕੀਰਤੀਮਾਨ ਸਿਰਜ ਕੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਗਿਆ ਹੈ। ਇਕ ਕਿਸਮ ਨਾਲ ਸ਼ਾਂਤਮਈ ਇਨਕਲਾਬ ਦੀ ਨੀਂਹ ਰੱਖੀ ਗਈ ਹੈ। ਪੰਜਾਬੀਆਂ ਦੇ ਖ਼ੂਨ ਵਿੱਚ ਲੜਨ ਮਰਨ ਦਾ ਜਜ਼ਬਾ, ਲਗਨ, ਦ੍ਰਿੜ੍ਹਤਾ, ਜੋਸ਼, ਅਖ਼ਰੋਸ਼ ਦਲੇਰੀ ਅਤੇ ਹਿੰਮਤ ਨਾ ਹਾਰਨ ਦੀ ਪ੍ਰਵਿਰਤੀ ਹੈ, ਜਿਸ ਕਰਕੇ ਉਹ ਜੋ ਪ੍ਰਣ ਕਰ ਲੈਣ ਉਸ ਦੀ ਪ੍ਰਾਪਤੀ ਤੋਂ ਬਿਨਾ ਪਿੱਛੇ ਨਹੀਂ ਹੱਟ ਦੇ। ਸਬਰ, ਸੰਤੋਖ, ਸਹਿਣਸ਼ੀਲਤਾ ਅਤੇ ਸਰਬੱਤ ਦਾ ਭਲਾ ਕਰਨ ਦੀ ਭਾਵਨਾ ਵੀ ਗੁਰੂਆਂ ਨੇ ਉਨ੍ਹਾਂ ਵਿੱਚ ਪ੍ਰਜਵਲਿਤ ਕੀਤੀ ਹੋਈ ਹੈ ਪ੍ਰੰਤੂ ਜਦੋਂ ਜ਼ੁਲਮ ਵੱਧ ਜਾਵੇ ਤਾਂ ਸ਼ਮਸ਼ੀਰ ਚੁੱਕਣ ਦਾ ਸਿਧਾਂਤ ਵੀ ਗੁਰੂ ਸਾਹਿਬ ਨੇ ਦਿੱਤਾ ਹੈ। ਇਸ ਦਾ ਸਬੂਤ ਦੇਸ਼ ਦੀ ਆਜ਼ਾਦੀ ਦੀ ਮੁਹਿੰਮ ਵਿੱਚ ਪੰਜਾਬੀਆਂ ਦੇ ਯੋਗਦਾਨ ਤੋਂ ਸਾਫ਼ ਹੋ ਜਾਂਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਹੱਦਾਂ ਤੇ ਭਾਵੇਂ ਪਾਕਿਸਤਾਨ ਅਤੇ ਚੀਨ ਦੀ ਲੜਾਈ ਹੋਵੇ ਹਮੇਸ਼ਾ ਪੰਜਾਬੀਆਂ ਨੇ ਮੋਹਰੀ ਦੀ ਭੂਮਿਕਾ ਨਿਭਾ ਕੇ ਮੱਲਾਂ ਮਾਰੀਆਂ ਹਨ। ਪਾਕਿਸਤਾਨ ਵਿੱਚੋਂ ਬੰਗਲਾ ਦੇਸ਼ ਨੂੰ ਵੱਖਰਾ ਦੇਸ਼ ਬਣਾਉਣ ਦੀ ਲੜਾਈ ਵਿੱਚ ਇਕ ਲੱਖ ਪਾਕਿਸਤਾਨੀ ਫ਼ੌਜੀਆਂ ਤੋਂ ਹਥਿਆਰ ਸੁਟਵਾਉਣ ਵਾਲੇ ਜਗਜੀਤ ਸਿੰਘ ਅਰੋੜਾ ਵੀ ਪੰਜਾਬੀ ਹੀ ਸਨ। ਵਿਰੋਧੀਆਂ ਤੋਂ ਹਥਿਆਰ ਸੁਟਵਾਉਣ ਦਾ ਤਜਰਬਾ ਪੰਜਾਬੀਆਂ ਕੋਲ ਹੈ। ਕਿਸਾਨ ਅੰਦੋਲਨ ਵੀ ਕੇਂਦਰ ਸਰਕਾਰ ਦੇ ਜ਼ੁਲਮ ਦੇ ਵਿਰੋਧ ਦਾ ਹੀ ਨਤੀਜਾ ਹੈ। ਕਿਸਾਨ ਅੰਦੋਲਨ ਵਿੱਚ ਵੀ ਪੰਜਾਬੀ ਹੀ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਹਰਿਆਣਵੀ ਵੀ ਮੁੱਢਲੇ ਤੌਰ ‘ਤੇ ਪੰਜਾਬੀ ਹੀ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਂ ਉੱਪਰ ਖੇਤੀਬਾੜੀ ਨਾਲ ਸੰਬੰਧਿਤ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਕਿਸਾਨ ਅੰਦੋਲਨ ਨੇ ਕਈ ਨਵੇਂ ਕੀਰਤੀਮਾਨ ਸਿਰਜ ਦਿੱਤੇ ਹਨ। ਇਸ ਅੰਦੋਲਨ ਨੇ ਪੰਜਾਬ ਦੇ ਕਿਸਾਨਾਂ ਦੀਆਂ 31 ਜਥੇਬੰਦੀਆਂ ਵਿੱਚ ਅਨੇਕਾਂ ਵਖਰੇਵੇਂ ਹੋਣ ਦੇ ਬਾਵਜੂਦ ਜਦੋਂ ਕੇਂਦਰ ਨੇ ਉਨ੍ਹਾਂ ਦੇ ਅਸਤਿਤਵ ਨੂੰ ਹੱਥ ਪਾ ਲਿਆ ਤਾਂ ਇਕ ਮੰਚ ‘ਤੇ ਇਕੱਠੇ ਹੋ ਗਏ। ਇਸ ਤੋਂ ਵੀ ਵੱਡੀ ਗੱਲ ਇਸ ਅੰਦੋਲਨ ਨੇ ਭਾਰਤ ਦੇ ਸਮੁੱਚੇ ਕਿਸਾਨਾਂ ਨੂੰ ਵੀ ਲਾਮਬੰਦ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਹੁਣ ਤੱਕ ਜਿਹੜੀ ਦੋਹਾਂ ਰਾਜਾਂ ਦੇ ਕਿਸਾਨਾਂ ਦੇ ਹਿਤਾਂ ਦੇ ਟਕਰਾਓ ਕਰਕੇ ਕੁੜੱਤਣ ਵਧਦੀ ਹੀ ਜਾ ਰਹੀ ਸੀ, ਉਹ ਵੀ ਖ਼ਤਮ ਕਰ ਦਿੱਤੀ ਹੈ। ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੱਦੋਜਹਿਦ ਕਰ ਰਹੇ ਹਨ। ਇੱਥੇ ਹੀ ਬਸ ਨਹੀਂ ਹਰਿਆਣਵੀ ਪੰਜਾਬੀ ਕਿਸਾਨਾਂ ਦੀ ਆਓ ਭਗਤ ਵਿੱਚ ਵੀ ਕੋਈ ਕਸਰ ਨਹੀਂ ਛੱਡ ਰਹੇ। ਇਕ ਹੋਰ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਹੁਣ ਤੱਕ ਦੇਸ ਵਿੱਚ ਇਤਨਾ ਵੱਡਾ, ਲੰਮਾ ਅਤੇ ਸ਼ਾਂਤਮਈ ਕੋਈ ਵੀ ਅੰਦੋਲਨ ਨਹੀਂ ਹੋਇਆ। ਇਹ ਅੰਦੋਲਨ ਇਤਿਹਾਸ ਦਾ ਹਿੱਸਾ ਬਣੇਗਾ। ਅੰਦੋਲਨ ਆਮ ਤੌਰ ‘ਤੇ ਹਿੰਸਕ ਹੋ ਜਾਂਦੇ ਹਨ ਪ੍ਰੰਤੂ ਕਿਸਾਨਾਂ ਦਾ ਇਹ ਅੰਦੋਲਨ ਪੂਰਨ ਸ਼ਾਂਤਮਈ ਢੰਗ ਨਾਲ ਵੱਡਾ ਇਕੱਠ ਹੋਣ ਦੇ ਬਾਵਜੂਦ ਚੱਲ ਰਿਹਾ ਹੈ। ਭਾਵੇਂ ਕੇਂਦਰੀ ਏਜੰਸੀਆਂ ਨੇ ਇਸ ਅੰਦੋਲਨ ਵਿੱਚ ਆਪਣੇ ਬੰਦਿਆਂ ਦੀ ਘੁਸਪੈਠ ਕਰਵਾ ਕੇ ਅਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਸਾਨ ਉਨ੍ਹਾਂ ਘੁਸਪੈਠੀਆਂ ਉੱਪਰ ਵੀ ਹੱਥ ਨਹੀਂ ਚੁੱਕ ਰਹੇ। ਉਨ੍ਹਾਂ ਘੁਸਪੈਠੀਆਂ ਨੂੰ ਸ਼ਾਂਤਮਈ ਢੰਗ ਨਾਲ ਪੱਕੜ ਕੇ ਪੁਲਿਸ ਦੇ ਸਪੁਰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਹਰ ਅੰਦੋਲਨ ਦੀ ਰਹਿਨੁਮਾਈ ਜਾਂ ਪਿੱਠ-ਭੂਮੀ ਵਿੱਚ ਕੋਈ ਨਾ ਕੋਈ ਸਿਆਸੀ ਪਾਰਟੀ ਹੁੰਦੀ ਸੀ। ਇਸ ਵਾਰ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਅੰਦੋਲਨ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਨ ਦਿੱਤੀ ਜਾ ਰਹੀ। ਇੱਥੋਂ ਤੱਕ ਕੇ ਸਟੇਜਾਂ ਦੇ ਕੋਲ ਢੁੱਕਣ ਹੀ ਨਹੀਂ ਦਿੱਤਾ ਜਾਂਦਾ। ਹਾਲਾਂ ਕਿ ਅੰਦੋਲਨ ਵਿੱਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਰਕਰ ਸ਼ਾਮਲ ਹੋ ਰਹੇ ਹਨ ਪ੍ਰੰਤੂ ਉਹ ਕੋਈ ਵੀ ਆਪੋ ਆਪਣੀਆਂ ਪਾਰਟੀਆਂ ਦਾ ਝੰਡਾ ਨਹੀਂ ਲਿਜਾ ਰਹੇ, ਸਿਰਫ਼ ਕਿਸਾਨ ਯੂਨੀਅਨ ਦਾ ਇੱਕੋ ਇਕ ਝੰਡਾ ਲੈ ਕੇ ਜਾਣ ਦੀ ਪ੍ਰਵਾਨਗੀ ਹੈ। ਅਨੁਸ਼ਾਸਨ ਵੀ ਕਮਾਲ ਦਾ ਹੈ। ਕੋਈ ਹੁੱਲੜਬਾਜ਼ੀ ਨਹੀਂ। ਸਗੋਂ ਸ਼ਾਂਤਮਈ ਰਹਿਣ ਦੀਆਂ ਅਪੀਲਾਂ ਸਟੇਜ ਤੋਂ ਵਾਰ ਵਾਰ ਕੀਤੀਆਂ ਜਾ ਰਹੀਆਂ ਹਨ। ਭਾਵੇਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਇਸ ਅੰਦੋਲਨ ਨੂੰ ਵੱਖਵਾਦੀ ਵੀ ਕਿਹਾ ਹੈ। ਪ੍ਰੰਤੂ ਦੂਜੇ ਰਾਜਾਂ ਦੇ ਕਿਸਾਨ ਕਹਿ ਰਹੇ ਹਨ ਕਿ ਜੇ ਆਪਣੇ ਹੱਕ ਮੰਗਣਾ ਵੱਖਵਾਦੀ ਹੈ ਤਾਂ ਉਹ ਵੀ ਵੱਖਵਾਦੀ ਹਨ। ਦੇਸ ਵਿੱਚ ਜਿਤਨੇ ਵੀ ਅੰਦੋਲਨ ਹੁੰਦੇ ਰਹੇ ਹਨ, ਉਨ੍ਹਾਂ ਦੀ ਅਗਵਾਈ ਮਰਦ ਹੀ ਕਰਦੇ ਰਹੇ ਹਨ ਪ੍ਰੰਤੂ ਇਸ ਅੰਦੋਲਨ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਇਸਤਰੀਆਂ, ਬੱਚੇ, ਨੌਜਵਾਨ, ਵਿਦਿਆਰਥੀ ਅਤੇ ਬਜ਼ੁਰਗ ਵੀ ਬਰਾਬਰ ਗਿਣਤੀ ਵਿੱਚ ਸ਼ਾਮਲ ਹਨ। ਪੰਜਾਬ ਦੇ ਨੌਜਵਾਨਾ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਰਖਵਾਲੇ ਹਨ।
ਇਹ ਗੱਲ ਤਾਂ ਠੀਕ ਹੈ ਕਿ ਆਮ ਲੋਕਾਂ ਨੂੰ ਆਵਾਜਾਈ ਦੀ ਅੰਦੋਲਨ ਨਾਲ ਥੋੜ੍ਹੀ ਮੁਸ਼ਕਲ ਆ ਰਹੀ ਹੈ ਪ੍ਰੰਤੂ ਫਿਰ ਵੀ ਹੈਰਾਨੀ ਦੀ ਗੱਲ ਹੈ ਕਿ ਆਮ ਲੋਕ ਇਸ ਅੰਦੋਲਨ ਦੇ ਹੱਕ ਵਿੱਚ ਖੜ੍ਹੇ ਹਨ। ਸਮਾਜ ਦੇ ਹਰ ਵਰਗ ਦੀਆਂ ਸੰਸਥਾਵਾਂ ਇਸ ਅੰਦੋਲਨ ਦਾ ਹਿੱਸਾ ਬਣ ਰਹੀਆਂ ਹਨ। ਇਸ ਤੋਂ ਪਹਿਲਾਂ ਸਿਰਫ਼ ਇਕ ਅੱਧੀ ਸੰਸਥਾ ਕਿਸੇ ਵੀ ਅੰਦੋਲਨ ਦੀ ਸਪੋਰਟ ਤਾਂ ਕਰ ਦਿੰਦੀ ਸੀ ਪ੍ਰੰਤੂ ਉਸ ਵਿੱਚ ਸ਼ਾਮਲ ਨਹੀਂ ਹੁੰਦੀ ਸੀ। ਇਸ ਅੰਦੋਲਨ ਵਿੱਚ ਦੇਸ ਅਤੇ ਖ਼ਾਸ ਤੌਰ ‘ਤੇ ਪੰਜਾਬ ਦੀ ਕੋਈ ਅਜਿਹੀ ਸੰਸਥਾ ਨਹੀਂ ਜਿਹੜੀ ਸ਼ਾਮਲ ਨਾ ਹੋ ਰਹੀ ਹੋਵੇ। ਮੁੱਖ ਤੌਰ ‘ਤੇ ਕਲਾਕਾਰ, ਡਾਕਟਰ, ਵਕੀਲ, ਸਮਾਜ ਸੇਵੀ ਸੰਸਥਾਵਾਂ, ਪੈਰਾ ਮੈਡੀਕਲ ਸਭਾਵਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਸੰਸਥਾਵਾਂ, ਸਾਬਕਾ ਨੌਕਰਸ਼ਾਹ, ਸਾਬਕਾ ਫ਼ੌਜੀ ਅਧਿਕਾਰੀ, ਸਾਹਿਤਕਾਰ, ਪੱਤਰਕਾਰ, ਵਿਦਿਆਰਥੀ ਜਥੇਬੰਦੀਆਂ, ਨਿਹੰਗ ਸਿੰਘ ਅਤੇ ਵੱਖ ਵੱਖ ਖੇਤਰਾਂ ਦੇ ਮਹੱਤਵਪੂਰਨ ਵਿਅਕਤੀਆਂ ਨੂੰ ਕੇਂਦਰ ਸਰਕਾਰ ਵੱਲੋਂ ਜਿਹੜੇ ਪੁਰਸਕਾਰ ਮਿਲੇ ਹੋਏ ਸਨ, ਉਨ੍ਹਾਂ ਨੂੰ ਵਿਰੋਧ ਕਰਕੇ ਵਾਪਸ ਕਰ ਰਹੇ ਹਨ। ਭਾਰਤ ਦੇ ਇਤਿਹਾਸ ਵਿੱਚ ਕਿਸੇ ਵੀ ਅੰਦੋਲਨ ਨੂੰ ਇਤਨਾ ਸਮਰਥਨ ਨਹੀਂ ਮਿਲਿਆ ਜਿਤਨਾ ਇਸ ਅੰਦੋਲਨ ਨੂੰ ਮਿਲ ਰਿਹਾ ਹੈ।
ਵਿਦੇਸ਼ਾਂ ਵਿੱਚ ਜਿਹੜੇ ਪਰਵਾਸੀ ਵਸੇ ਹੋਏ ਹਨ, ਉਹ ਵੀ ਉੱਥੇ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਕਿਸਾਨ ਅੰਦੋਲਨ ਲਈ ਆਰਥਿਕ ਮਦਦ ਵੀ ਕਰ ਰਹੇ ਹਨ। ਅਮਰੀਕਾ ਵਿੱਚੋਂ ਕਿਸਾਨਾਂ ਦੀ ਹੌਸਲਾ ਅਫਜਾਈ ਲਈ ਟੁੱਟ ਭਰਾਵਾਂ ਨੇ 25 ਕਵਿੰਟਲ ਬਦਾਮ ਭੇਜੇ ਦੇ ਕੁੱਝ ਹੋਰ ਲੋਕਾਂ ਨੇ ਦਸ ਕਵਿੰਟਲ ਬਦਾਮ ਭੇਜੇ ਹਨ। ਵੈਸੇ ਤਾਂ ਕਿਸਾਨ ਆਪੋ ਆਪਣੇ ਜਥਿਆਂ ਲਈ ਲੰਗਰ ਦਾ ਪ੍ਰਬੰਧ ਕਰਕੇ ਗਏ ਹਨ, ਫਿਰ ਵੀ ਪੰਜਾਬ ਅਤੇ ਦੂਜੇ ਰਾਜਾਂ ਵਿੱਚੋਂ ਲੰਗਰ ਦਾ ਸਾਮਾਨ ਲਗਾਤਾਰ ਪਹੁੰਚ ਰਿਹਾ ਹੈ। ਕਈ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਚੱਲ ਰਹੇ ਹਨ। ਚਾਹ ਦੇ ਨਾਲ ਦੁੱਧ, ਖੀਰ, ਜਲੇਬੀਆਂ, ਫਲ, ਕਾਜੂ, ਬਦਾਮ, ਸੌਗੀ, ਲੱਸੀ, ਦਹੀਂ, ਮੱਖਣ, ਗੁੜ ਦੀਆਂ ਪਿੰਨੀਆਂ ਅਤੇ ਹੋਰ ਅਨੇਕ ਕਿਸਮ ਦੇ ਪਕਵਾਨ ਤਿਆਰ ਹੋ ਰਹੇ ਹਨ। ਬਾਹਰਲੇ ਸੂਬਿਆਂ ਵਿੱਚੋਂ ਕੁੱਝ ਨੌਜਵਾਨਾ ਨੇ ਆ ਕੇ ਲੰਗਰ ਲਾਇਆ ਹੋਇਆ ਹੈ, ਜਿਸ ਵਿੱਚ ਚਪਾਤੀਆਂ ਅਤੇ ਚਾਵਲ ਬਣਾਉਣ ਵਾਲੀਆਂ ਮਸ਼ੀਨਾਂ ਲਿਆਂਦੀਆਂ ਹੋਈਆਂ ਹਨ। ਉਸ ਲੰਗਰ ਵਿੱਚ ਹਰ ਰੋਜ਼ 25 ਹਜ਼ਾਰ ਕਿਸਾਨ ਲੰਗਰ ਛਕ ਰਹੇ ਹਨ। ਇਹ ਨੌਜਵਾਨ ਕਿਸਾਨਾਂ ਨੂੰ ਲੰਗਰ ਉਨ੍ਹਾਂ ਦੇ ਧਰਨਿਆਂ ਵਾਲੇ ਥਾਂ ‘ਤੇ ਵੀ ਪਹੁੰਚਾ ਦਿੰਦੇ ਹਨ, ਬਸ਼ਰਤੇ ਕਿ ਉਨ੍ਹਾਂ ਨੂੰ ਅਗਾਊਂ ਸੂਚਨਾ ਦੇ ਦਿੱਤੀ ਜਾਵੇ ਕਿ ਕਿਤਨਾ ਲੰਗਰ ਲੋੜੀਂਦਾ ਹੈ। ਇਨ੍ਹਾਂ ਲੰਗਰਾਂ ਦੀ ਇਕ ਵਿਲੱਖਣਤਾ ਇਹ ਵੀ ਹੈ ਕਿ ਕਿਸਾਨਾਂ ਤੋਂ ਬਿਨਾ ਕੋਈ ਵੀ ਆ ਕੇ ਲੰਗਰ ਛੱਕ ਸਕਦਾ ਹੈ। ਬਹੁਤ ਸਾਰੇ ਗ਼ਰੀਬ ਲੋਕ ਵੀ ਆ ਕੇ ਲੰਗਰ ਛੱਕ ਰਹੇ ਹਨ। ਕਿਸਾਨਾਂ ਦੀ ਖੁੱਲ੍ਹਦਿਲੀ ਵੀ ਕਮਾਲ ਦੀ ਹੈ ਕਿ ਉਹ ਉਨ੍ਹਾਂ ਸੁਰੱਖਿਆ ਕਰਮਚਾਰੀਆਂ ਨੂੰ ਵੀ ਲੰਗਰ ਛਕਾ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਉੱਪਰ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈੱਸ ਦੇ ਗੋਲੇ ਸੁੱਟੇ ਸਨ। ਗੈੱਸ ਏਜੰਸੀਆਂ ਲੰਗਰ ਤਿਆਰ ਕਰਨ ਲਈ ਗੈੱਸ ਦੇ ਸਿਲੰਡਰ ਮੁਫ਼ਤ ਦੇ ਰਹੀਆਂ ਹਨ। ਕੰਬਲ, ਜਰਸੀਆਂ, ਜੁਰਾਬਾਂ, ਚੱਪਲਾਂ ਅਤੇ ਜੈਕਟਾਂ ਵੰਡੀਆਂ ਜਾ ਰਹੀਆਂ ਹਨ। ਲੰਗਰਾਂ ਵਿੱਚ ਲੋਕ ਸਵੈ ਇੱਛਾ ਨਾਲ ਆ ਕੇ ਕੰਮ ਕਰ ਰਹੇ ਹਨ। ਇਕ ਹੋਰ ਕਮਾਲ ਦੀ ਗੱਲ ਹੈ ਕਿ ਸਾਰੇ ਧਰਨਿਆਂ ਵਿੱਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਸਫ਼ਾਈ ਦਾ ਪ੍ਰਬੰਧ ਨੌਜਵਾਨਾ ਅਤੇ ਬਜ਼ੁਰਗਾਂ ਨੇ ਆਪਣੇ ਹੱਥਾਂ ਵਿੱਚ ਲਿਆ ਹੋਇਆ ਹੈ। ਅਨੁਸ਼ਾਸਨ ਵੀ ਬਿਹਤਰੀਨ ਹੈ। ਪ੍ਰਬੰਧਕਾਂ ਨੇ ਹਰ ਕੰਮ ਕਰਨ ਲਈ ਟੀਮਾਂ ਬਣਾਈਆਂ ਹੋਈਆਂ ਹਨ। ਡਾਕਟਰਾਂ ਦੀਆਂ ਟੀਮਾਂ ਸਵੈ ਇੱਛਾ ਨਾਲ ਡਾਕਟਰੀ ਸਹੂਲਤਾਂ ਚੌਵੀ ਘੰਟੇ ਦੇ ਰਹੀਆਂ ਹਨ। ਇਸਤਰੀਆਂ ਦੇ ਇਸ਼ਨਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਨੇੜੇ ਦੇ ਹੋਟਲ ਮਾਲਕਾਂ ਨੇ ਆਪਣੇ ਹੋਟਲ ਇਸਤਰੀਆਂ ਲਈ ਮੁਫ਼ਤ ਵਿੱਚ ਦੇ ਦਿੱਤੇ ਹਨ। ਹੈ। ਪੰਜਾਬ ਵਿੱਚੋਂ ਬੱਸਾਂ ਦੇ ਮਾਲਕਾਂ ਨੇ ਹਰ ਰੋਜ਼ ਮੁਫ਼ਤ ਬੱਸਾਂ ਜ਼ਿਲ੍ਹਾ ਹੈੱਡ ਕੁਆਟਰਾਂ ਤੋਂ ਦਿੱਲੀ ਜਾਣ ਅਤੇ ਵਾਪਸ ਲਿਆਉਣ ਲਈ ਦੇ ਦਿੱਤੀਆਂ ਹਨ। ਪੈਟਰੋਲ ਪੰਪਾਂ ਦੇ ਮਾਲਕ ਕਿਸਾਨਾਂ ਦੇ ਟਰੈਕਟਰਾਂ ਵਿੱਚ ਡੀਜ਼ਲ ਮੁਫ਼ਤ ਪਾ ਰਹੇ ਹਨ। ਕੁੱਝ ਲੋਕ ਟਰੈਕਟਰਾਂ ਵਿੱਚ ਮੁਫ਼ਤ ਡੀਜ਼ਲ ਪਾ ਰਹੇ ਹਨ। ਲੋਕਾਂ ਵੱਲੋਂ ਇਨ੍ਹਾਂ ਲੰਗਰਾਂ ਅਤੇ ਹੋਰ ਸੇਵਾਵਾਂ ਦੇਣ ਦਾ ਅਰਥ ਇਹ ਨਿਕਲਦਾ ਹੈ ਕਿ ਸਮੁੱਚਾ ਭਾਰਤ ਅਤੇ ਪਰਵਾਸੀ ਭਾਰਤੀ ਕਿਸਾਨ ਅੰਦੋਲਨ ਦੀ ਖੁੱਲ੍ਹ ਕੇ ਸਪੋਰਟ ਕਰ ਰਹੇ ਹਨ।
ਹੁਣ ਤੱਕ ਕਿਸਾਨਾਂ ਦੀਆਂ ਮੰਤਰੀਆਂ ਨਾਲ ਪੰਜ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਮੀਟਿੰਗਾਂ ਵਿੱਚ ਕਿਸਾਨ ਸਰਕਾਰੀ ਚਾਹ ਅਤੇ ਖਾਣਾ ਨਹੀਂ ਖਾ ਰਹੇ। ਉਹ ਆਪਣਾ ਖਾਣਾ ਨਾਲ ਲੈ ਕੇ ਜਾਂਦੇ ਹਨ। ਗੋਦੀ ਮੀਡੀਆ ਸਹੀ ਖ਼ਬਰਾਂ ਨਾ ਦੇਣ ਕਰਕੇ ਬਦਨਾਮੀ ਖੱਟ ਰਿਹਾ ਹੈ। ਇਸ ਅੰਦੋਲਨ ਨੂੰ ਸਮੁੱਚੇ ਸੰਸਾਰ ਵਿੱਚੋਂ ਸਪੋਰਟ ਮਿਲ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਬਿਆਨ ਦਿੱਤਾ ਹੈ। ਇੰਗਲੈਂਡ ਦੇ 36 ਸੰਸਦ ਮੈਂਬਰਾਂ ਨੇ ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ਵਿੱਚ ਇਸ ਅੰਦੋਲਨ ਦੀ ਹਮਾਇਤ ਕੀਤੀ ਹੈ ਅਤੇ ਇੰਗਲੈਂਡ ਸਰਕਾਰ ਨੂੰ ਭਾਰਤ ਸਰਕਾਰ ਨੂੰ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਪਹੁੰਚ ਕਰਨ ਲਈ ਕਿਹਾ ਹੈ। ਯੂਐਨਓ ਦੇ ਪ੍ਰਤੀਨਿਧ ਨੇ ਵੀ ਕਿਹਾ ਹੈ ਕਿ ਕਿਸਾਨਾਂ ਨੂੰ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਹੈ। ਕਹਿਣ ਤੋਂ ਭਾਵ ਇਹ ਪਹਿਲਾ ਅਜਿਹਾ ਅੰਦੋਲਨ ਹੈ ਲੋਕਾਂ ਵੱਲੋਂ ਇਨ੍ਹਾਂ ਲੰਗਰਾਂ ਅਤੇ ਹੋਰ ਸੇਵਾਵਾਂ ਦੇਣ ਦਾ ਅਰਥ ਇਹ ਨਿਕਲਦਾ ਹੈ ਕਿ ਸਮੁੱਚਾ ਭਾਰਤ ਅਤੇ ਪਰਵਾਸੀ ਭਾਰਤੀ ਕਿਸਾਨ ਅੰਦੋਲਨ ਦੀ ਖੁੱਲ੍ਹ ਕੇ ਸਪੋਰਟ ਕਰ ਰਹੇ ਹਨ। ਕੇਂਦਰ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਪਿੱਛੇ ਅਹੰਕਾਰ ਦੀ ਪ੍ਰਵਿਰਤੀ ਛੁਪੀ ਹੋਈ ਹੈ। ਪੰਜਾਬ ਦਾ ਤਾਂ ਬੱਚਾ ਬੱਚਾ ਇਸ ਅੰਦੋਲਨ ਨਾਲ ਜੁੜਿਆ ਹੋਇਆ ਪੰਜਾਬ ਦੇ ਸਾਰੇ ਅਖ਼ਬਾਰ ਇਸ ਅੰਦੋਲਨ ਨੂੰ ਪੂਰੀ ਕਵਰੇਜ ਦੇ ਰਹੇ ਹਨ। ਹੁਣ ਦਿੱਲੀ ਦਾ ਮੀਡੀਆ ਵੀ ਹੌਲੀ ਹੌਲੀ ਸਮਰਥਨ ਕਰਨ ਲਈ ਅੱਗੇ ਆ ਰਿਹਾ ਹੈ। ਤੇਲ ਵੇਖੋ ਤੇ ਤੇਲ ਦੀ ਘਾਰ ਵੇਖੋ ਨਤੀਜਾ ਕੀ ਨਿਕਲਦਾ ਹੈ ਪ੍ਰੰਤੂ ਕਿਸਾਨ ਤਿੰਨੋ ਕਾਨੂੰਨਾਂ ਨੂੰ ਰੱਦ ਕਰਨ ਤੋਂ ਪਹਿਲਾਂ ਅੰਦੋਲਨ ਖ਼ਤਮ ਨਹੀਂ ਕਰਨਗੇ। ਇਹ ਪੱਥਰ ‘ਤੇ ਲਕੀਰ ਦੀ ਤਰ੍ਹਾਂ ਹੈ।
Columns ਕਿਸਾਨ ਅੰਦੋਲਨ ਅਨੇਕ ਨਵੇਂ ਕੀਰਤੀਮਾਨ ਸਿਰਜ ਕੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਿਆਂ