ਕਿਸਾਨ ਅੰਦੋਲਨ ਨੂੰ ਫ਼ੇਲ੍ਹ ਅਤੇ ਬਦਨਾਮ ਕਰਨ ਲਈ ਸਰਕਾਰਾਂ, ਏਜੰਸੀਆਂ, ਸਰਕਾਰ ਦਾ ਆਈ.ਟੀ.ਵਿੰਗ ਅਤੇ ਕੁਲ ਚੈਨਲ ਸਿਰਤੋੜ ਕੋਸ਼ਿਸ਼ ਕਰ ਰਹੇ ਹਨ ਪਰੰਤੂ ਇਸ ਵਿੱਚ ਉਨ੍ਹਾਂ ਦੇ ਕੂੜ ਪ੍ਰਚਾਰ ਦਾ ਤੁਰੰਤ ਜਵਾਬ ਦੇ ਰਹੀਆਂ ਹਨ ਅਤੇ ਪਲ ਪਲ ਦੀ ਜਾਣਕਾਰੀ ਸ਼ੋਸ਼ਲ ਮੀਡੀਆ ‘ਤੇ ਪਾ ਰਹੀਆਂ ਹਨ। ਇਸੇ ਲਈ ਉਨ੍ਹਾਂ ਦਾ ਫੇਸਬੁੱਕ ਅਤੇ ਇਸੰਟਾਗ੍ਰਾਮ ਪੇਜ ਬੰਦ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆ
ਕਿਸਾਨ ਅੰਦੋਲਨ ਦੀਆਂ ਸਰਗਰਮੀਆਂ ਨੂੰ ਟੈਲੀਵਿਜ਼ਨ ਚੈਨਲਾਂ ਤੋਂ ਇਲਾਵਾ ਦੁਨੀਆ ਦੇ ਲੱਖਾਂ ਲੋਕ ਆਪਣੇ ਫ਼ੋਨ ‘ਤੇ ਲਾਈਵ ਵੇਖਦੇ ਹਨ। ਜਦ ਫੇਸਬੁੱਕ ਪੇਜ ਬੰਦ ਕਰਨ ਦਾ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਤਾਂ ਤਿੰਨ ਚਾਰ ਘੰਟੇ ਬਾਅਦ ਮੁੜ ਸ਼ੁਰੂ ਕਰ ਦਿੱਤਾ।
ਦਰਅਸਲ ਕਿਸਾਨ ਅੰਦੋਲਨ ਦੇ ਆਰੰਭ ਤੋਂ ਅੱਜ ਤੱਕ ਇਸ ਦੀ ਵਿਉਂਤਬੰਦੀ ਅਤੇ ਚਰਚਾ ਪਿੱਛੇ ਸ਼ੋਸ਼ਲ ਮੀਡੀਆ ਦਾ ਵੱਡਾ ਤੱਥ ਹੈ। ਅੰਦੋਲਨ ਦਾ ਅਕਸ ਵਿਗਾੜਨ ਵਿੱਚ ਲੱਗੇ ਮੀਡੀਆ ਨੂੰ ਸਿੱਧੇ ਤੌਰ ‘ਤੇ ਫ਼ੀਲਡ ਵਿੱਚ ਜਵਾਬ ਦੇਣ ਦੇ ਨਾਲ-ਨਾਲ ਲੱਖਾਂ ਲੋਕਾਂ ਸ਼ੋਸ਼ਲ ਮੀਡੀਆ ਰਾਹੀਂ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ ਅਤੇ ਉਨ੍ਹਾਂ ਦਾ ਅਸਲ ਮਨੋਰਥ ਦੁਨੀਆ ਸਾਹਮਣੇ ਰੱਖ ਨਾਲ ਤੱਤਫਟ ਪੂਰੀ ਦੁਨੀਆ ਤੱਕ ਪਹੁੰਚ ਜਾਂਦੀ ਹੈ। ਸਰਕਾਰ ਵਾਂਗ ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਆਈ.ਟੀ.ਸੈੱਲ ਕਾਇਮ ਕਰ ਲਿਆ ਹੈ ਅਤੇ ਸਰਕਾਰ ਦੇ ਆਈ.ਟੀ.ਸੈੱਲ ਦੀ ਹਰੇਕ ਚਾਲ ਤੇ ਚੁਸਤੀ ਚਲਾਕੀ ਦਾ ਤੁਰੰਤ ਜਵਾਬ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਹੁਣ ਤੱਕ ਕਿਸਾਨ ਅੰਦੋਲਨ ਨੂੰ ਲੀਹ ਤੋਂ ਲਾਹੁਣ ਵਿੱਚ ਕਾਮਯਾਬ ਨਹੀਂ ਹੋ ਸਕੀ। ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦਾ ਫੋਕਸ ਜਿਉਂ ਦਾ ਤਿਉਂ ਬਣਿਆ ਹੋਇਆ ਹੈ।
ਸ਼ੋਸ਼ਲ ਮੀਡੀਆ ਰਾਹੀਂ ਕਿਸਾਨ ਅੰਦੋਲਨ ਸੰਬੰਧੀ ਹਰੇਕ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਮੀਡੀਆ ਦੇ ਇਕ ਹਿੱਸੇ ਵੱਲੋਂ ਭਰਮ ਭੁਲੇਖੇ ਪਾਉਣ ਦੌਰਾਨ ਕਿਸਾਨ ਭਾਈਚਾਰਾ ਸ਼ੋਸ਼ਲ ਮੀਡੀਆ ਰਾਹੀਂ ਅਸਲ ਗੱਲ, ਅਸਲ ਤਸਵੀਰ ਦੁਨੀਆ ਸਾਹਮਣੇ ਰੱਖਣ ਵਿੱਚ ਕਾਮਯਾਬ ਹੋ ਰਿਹਾ ਹੈ।
ਧਰਨੇ ਦੌਰਾਨ ਕਿਸਾਨਾਂ ਨੂੰ ਸ਼ੋਸ਼ਲ ਮੀਡੀਆ ਦੀ ਵਰਤੋਂ ਸਿਖਾਈ ਜਾ ਰਹੀ ਹੈ. ਕਿਸਾਨ ਅੰਦੋਲਨ ਪੇਜ ਦੇ ਫੇਸਬੁੱਕ ‘ਤੇ 1.13 ਲੱਖ ਫਾਲੋਅਰਜ਼ ਹਨ. ਇਨ੍ਹਾਂ ਵਿਚੋਂ 65000 ਮੌਜੂਦਾ ਅੰਦੋਲਨ ਦੌਰਾਨ ਹੀ ਜੁੜੇ ਹਨ। ਜਿਹੜਾ ਵੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਨਾਲ ਦੀ ਨਾਲ ਜਵਾਬ ਦਿੱਤਾ ਜਾ ਰਿਹਾ ਹੈ। ਵੱਟਸਐਪ ਗਰੁੱਪ ਬਣਾਏ ਗਏ ਹਨ ਅਤੇ ਕਿਸਾਨ ਲਾਈਵ ਹੋ ਰਹੇ ਹਨ। ਮਿੰਟਾਂ ਵਿੱਚ ਲਾਈਵ ਹੋ ਕੇ ਜਵਾਬ ਦਿੱਤੇ ਜਾ ਰਹੇ ਹਨ। ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਵੱਟਸਐਪ ਗਰੁੱਪਾਂ ਰਾਹੀਂ ਉਹ ਜਵਾਬ ਝੱਟਪਟ ਪੂਰੀ ਦੁਨੀਆ ਵਿੱਚ ਪਹੁੰਚ ਜਾਂਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਦੇ ਆਈ.ਟੀ. ਵਿੰਗ ਅਤੇ ਸਰਕਾਰ ਪੱਖੀ ਚੈਨਲਾਂ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਕੋਈ ਵੱਡੀ ਸਫ਼ਲਤਾ ਨਹੀਂ ਮਿਲ ਰਹੀ।
ਕਿਸਾਨ ਆਪਣੇ ਨੇਤਾਵਾਂ ਦੇ ਭਾਸ਼ਣ ਵੀ ਫ਼ੋਨ ‘ਤੇ ਸੁਣ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਵੱਟਸਐਪ ਗਰੁੱਪ ਅਤੇ ਫੇਸਬੁੱਕ ਪੇਜ ਬਣਾਏ ਹਨ ਜਿਨ੍ਹਾਂ ਰਾਹੀਂ ਲਗਾਤਾਰ ਭਾਸ਼ਣ, ਖ਼ਬਰਾਂ ਅਤੇ ਨਿਊਜ਼ ਚੈਨਲਾਂ ਦੀਆਂ ਸਟੋਰੀਆਂ ਅੱਪਲੋਡ ਕੀਤੀਆਂ ਜਾ ਰਹੀਆਂ ਹਨ। ਅੰਦੋਲਨ ਸੰਬੰਧੀ ਗ਼ਲਤ ਪ੍ਰਚਾਰ ਕਰਨ ਵਾਲਿਆਂ ਨੂੰ ਦਿੱਲੀ ਅਤੇ ਵੱਖ-ਵੱਖ ਰਾਜਾਂ ਤੋਂ ਲੱਖਾਂ ਕਿਸਾਨ ਅਜਿਹਾ ਜਵਾਬ ਦਿੰਦੇ ਹਨ ਕਿ ਦੋਬਾਰਾ ਅਜਿਹੀ ਹਰਕਤ ਕਰਨ ਦੀ ਉਨ੍ਹਾਂ ਦੀ ਹਿੰਮਤ ਨਹੀਂ ਪੈਂਦੀ।
ਹਰ ਰੋਜ਼ ਸੈਂਕੜੇ ਹਜ਼ਾਰਾਂ ਕਿਸਾਨ ਵੱਟਸਐਪ, ਯੂ ਟਿਊਬ ਅਤੇ ਫੇਸਬੁੱਕ ਦੀ ਵਰਤੋਂ ਸਿੱਖ ਰਹੇ ਹਨ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਆਪਣੀ ਗੱਲ ਦੁਨੀਆ ਤੱਕ ਪਹੁੰਚਾਉਣ ਦਾ ਇਹ ਬਿਹਤਰੀਨ ਤਰੀਕਾ, ਬਿਹਤਰੀਨ ਮਾਧਿਅਮ ਹੈ।
ਕਿਸਾਨਾਂ ਦੇ ਇਸ ਰੁਝਾਨ ਨੂੰ ਮੀਡੀਆ ਵੱਖ-ਵੱਖ ਆਕਰਸ਼ਕ ਸੁਰਖ਼ੀਆਂ ਨਾਲ ਪੇਸ਼ ਕਰ ਰਿਹਾ ਹੈ। ‘ਟਰੈਕਟਰ ਟੂ ਟਵਿੱਟਰ’ ਅਤੇ ‘ਸਟਰੀਟਸ ਟੂ ਸ਼ੋਸ਼ਲ ਮੀਡੀਆ’ ਜਿਹੀਆਂ ਸੁਰਖ਼ੀਆਂ ਨੇ ਦੁਨੀਆ ਦਾ ਧਿਆਨ ਖਿੱਚਿਆ ਹੈ। ‘ਟਰੈਕਟਰ ਟੂ ਟਵਿੱਟਰ’ ਮੁਹਿੰਮ ਨੇ ਕਿਸਾਨ ਅੰਦੋਲਨ ਦੀ ਕਈ ਤਰ੍ਹਾਂ ਸਹਾਇਤਾ ਕੀਤੀ ਹੈ। ਟਵਿੱਟਰ ਨਾਲ ਲੱਖਾਂ ਨਵੇਂ ਕਿਸਾਨਾਂ ਨੂੰ ਜੋੜਿਆ ਗਿਆ ਹੈ ਅਤੇ ਇਹ ਸਾਰੇ ਅਸਲੀ ਹਨ ਫੇਕ ਨਹੀਂ।
ਪਹਿਲਾਂ ਪਹਿਲ ਕੇਵਲ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਸੀ। ਹੁਣ ਹਿੰਦੀ ਦੀ ਵੀ ਬਰਾਬਰ ਵਰਤੋਂ ਹੋ ਰਹੀ ਹੈ। ‘ਹੈਸ਼ਟੈਗ’ ਨਾਲ ਟਵਿੱਟਰ ‘ਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਵੱਡੀ ਮੁਹਿੰਮ ਖੜੀ ਕੀਤੀ ਗਈ ਹੈ।
ਸਰਕਾਰ ਅਤੇ ਪਾਰਟੀ ਦੀ ‘ਟਰੋਲ ਆਰਮੀ’ ਦੇ ਦੁਰ-ਪ੍ਰਚਾਰ ਨੂੰ ਰੋਕਣ ਲਈ ਵੱਖ-ਵੱਖ ਵਰਗਾਂ ਦੇ ਲੋਕ ਸਾਰੇ ਮੱਤਭੇਦ ਭੁੱਲਾ ਕੇ ਸ਼ੋਸ਼ਲ ਮੀਡੀਆ ‘ਤੇ ਇਕ ਆਵਾਜ਼ ਵਿੱਚ ਬੋਲ ਰਹੇ ਹਨ। ‘ਟਰੋਲ ਆਰਮੀ’ ਨੂੰ ਜਵਾਬ ਦੇ ਰਹੇ ਹਨ। ਇਸ ਵਿੱਚ ਕਿਸਾਨ ਅੰਦੋਲਨ ਦੀ ਵੱਡੀ ਸਫ਼ਲਤਾ ਛੁਪੀ ਹੈ।
ਸ਼ੋਸ਼ਲ ਮੀਡੀਆ ਕਿਸਾਨਾਂ ਨੂੰ ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ ਸੱਚ ਬਿਆਨ ਕਰਨ ਦੇ ਮੌਕੇ ਮੁਹੱਈਆ ਕਰ ਰਿਹਾ ਹੈ। ਮੀਡੀਆ ਦਾ ਇਕ ਵੱਡਾ ਹਿੱਸਾ ਅਸਲੀਅਤ ਛੁਪਾ ਰਿਹਾ ਹੈ। ਇਕ ਲਈ ਕਿਸਾਨ ਉਹ ਸਾਰਾ ਕੁੱਝ ਸ਼ੋਸ਼ਲ ਮੀਡੀਆ ‘ਤੇ ਪਾ ਰਹੇ ਹਨ ਜੋ ਅਸਲ ਵਿੱਚ ਵਾਪਰ ਰਿਹਾ ਹੈ। ਦੁਨੀਆ ਲਈ ਕਿਸਾਨ ਅੰਦੋਲਨ ਸੰਬੰਧੀ ਜਾਣਕਾਰੀ ਦਾ ਸਭ ਤੋਂ ਵੱਡਾ ਮਾਧਿਅਮ ਸ਼ੋਸ਼ਲ ਮੀਡੀਆ ਹੀ ਬਣਿਆ ਹੋਇਆ ਹੈ। ਕਿਸਾਨ ਰੋਜ਼ਾਨਾ ਅੰਦੋਲਨ ਦੀਆਂ ਸੈਂਕੜੇ ਛੋਟੀਆਂ-ਛੋਟੀਆਂ ਵੀਡੀਓ ਸ਼ੋਸ਼ਲ ਮੀਡੀਆ ‘ਤੇ ਪਾ ਰਹੇ ਹਨ ਜਿਹੜੀਆਂ ਦੇਸ਼ ਦੁਨੀਆ ਤੱਕ ਪਹੁੰਚ ਰਹੀਆਂ ਹਨ। ਲੋਕਾਂ ਨੇ ਟੈਲੀਵਿਜ਼ਨ ‘ਤੇ ਨਿਰਭਰਤਾ ਘਟਾ ਦਿੱਤੀ ਹੈ।
ਪ੍ਰੋ. ਕੁਲਬੀਰ ਸਿੰਘ
+91 94171-53513, E-mail:prof_kulbir@yahoo.com