ਕਿਸਾਨ ਸੰਘਰਸ਼ ਦੇ 7 ਮਹੀਨੇ ਪੂਰੇ, ਦਿੱਲੀ ਦੇ ਬਾਰਡਰਾਂ ਅਤੇ ਦੇਸ਼ ਭਰ ‘ਚ ਕਿਸਾਨ ਨੇ ਮਨਾਇਆ ਖੇਤੀ ਬਚਾਓ, ਲੋਕਤੰਤਰ ਬਚਾਓ ਦਿਵਸ

ਨਵੀਂ ਦਿੱਲੀ-ਚੰਡੀਗੜ੍ਹ, 27 ਜੂਨ – ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਿਰੁੱਧ ਦਿੱਲੀ ਦੇ ਬਾਰਡਰਾਂ ਅਤੇ ਹੋਰ ਥਾਵਾਂ ‘ਤੇ ਚੱਲ ਰਹੇ ਕਿਸਾਨ ਸੰਘਰਸ਼ ਦੇ 7 ਮਹੀਨੇ ਪੂਰੇ ਹੋਣ ‘ਤੇ 26 ਜੂਨ ਨੂੰ ਕਿਸਾਨਾਂ ਵੱਲੋਂ ਖੇਤੀ ਬਚਾਓ, ਲੋਕਤੰਤਰ ਬਚਾਓ ਦਿਵਸ ਮਨਾਇਆ ਗਿਆ। ਇਸ ਦੇ ਸੰਬੰਧ ਵਿੱਚ ਦਿੱਲੀ ਪੁਲੀਸ ਨੇ ਰਾਸ਼ਟਰੀ ਰਾਜਧਾਨੀ ਦੀਆਂ ਹੱਦਾਂ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕੀਤੇ ਸੀ। ਕਿਸਾਨ ਰਾਜਧਾਨੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ‘ਤੇ ਕਈ ਮਹੀਨਿਆਂ ਤੋਂ ਡਟੇ ਹੋਏ ਹਨ। ਦਿੱਲੀ ਮੈਟਰੋ ਨੇ ਪੁਲੀਸ ਦੀ ਸਲਾਹ ‘ਤੇ ਅੱਜ ਯੈਲੋ ਲਾਈਨ ‘ਤੇ ਆਪਣੇ ਤਿੰਨ ਮੁੱਖ ਸਟੇਸ਼ਨਾਂ ਨੂੰ ਚਾਰ ਘੰਟਿਆਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਦੇਸ਼ ਭਰ ਵਿੱਚ ਰਾਜਪਾਲਾਂ ਤੇ ਉਪ ਰਾਜਪਾਲਾਂ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੰਗ ਪੱਤਰ ਦਿੱਤੇ ਗਏ।
ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਰਾਜ ਭਵਨ ਤੱਕ ਮੁਹਾਲੀ ਤੋਂ ਪੈਦਲ ਮਾਰਚ ਕਰਦੇ ਤੇ ਬੈਰੀਕੇਡ ਤੋੜਦੇ ਹੋਏ ਚੰਡੀਗੜ੍ਹ ਵਿੱਚ ਦਾਖਲ ਹੋ ਗਏ। ਉਨ੍ਹਾਂ ਨੂੰ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ। ਚੰਡੀਗੜ੍ਹ ਪੁਲੀਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਨੇ ਰਾਜ ਭਵਨ ਵੱਲ ਕੂਚ ਕੀਤਾ। ਕਿਸਾਨਾਂ ਨੇ ਮੁਹਾਲੀ ਤੋਂ ਚੰਡੀਗੜ੍ਹ ਵਿੱਚ ਦਾਖਲ ਹੋ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਮ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਮੰਗ ਪੱਤਰ ਦਿੱਤਾ। ਡਿਪਟੀ ਕਮਿਸ਼ਨਰ ਕਿਸਾਨ ਆਗੂਆਂ ਦਾ ਮੰਗ ਪੱਤਰ ਰਾਜਪਾਲ ਨੂੰ ਦੇਣ ਗਏ। ਚੰਡੀਗੜ੍ਹ ਕੂਚ ਕਰਨ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ, ਰੂਦਲੂ ਮਾਨਸਾ, ਬਲਦੇਵ ਸਿੰਘ ਸਿਰਸਾ, ਪਰਵਿੰਦਰ ਸਿੰਘ ਬੈਦਵਾਨ, ਕੁਲਵੰਤ ਸਿੰਘ ਤਿਰਪੜੀ, ਕਿਰਪਾਲ ਸਿੰਘ ਸਿਆਊ, ਸਤਵਿੰਦਰ ਸਿੰਘ ਚੈੜੀਆਂ ਤੇ ਬੀਕੇਯੂ ਸਿੱਧੂਪੁਰ ਦੇ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਨੇ ਸੰਬੋਧਨ ਕੀਤਾ।