ਭਾਰਤੀ-ਅਮਰੀਕੀ ਸਮੂਹਾਂ ਨੇ ਆਮ ਸਭਾ ਦੇ ਕਦਮ ਨਾਲ ਨਾਰਾਜ਼ਗੀ ਜਤਾਈ
ਵਾਸ਼ਿੰਗਟਨ, 5 ਮਈ – ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਸਮੂਹਾਂ ਨੇ ਕੁਨੈਕਟੀਕਟ ਸਟੇਟ ਅਸੈਂਬਲੀ ਨੂੰ ਉਹ ਅਧਿਕਾਰਤ ਪੱਤਰ ਰੱਦ ਕਰਨ ਦੀ ਅਪੀਲ ਕੀਤੀ ਹੈ ਜਿਸ ‘ਚ ਉਸ ਨੇ ਅਖੌਤੀ ‘ਸਿੱਖ ਆਜ਼ਾਦੀ ਐਲਾਨਨਾਮੇ’ ਦੀ 36ਵੀਂ ਵਰ੍ਹੇਗੰਢ ਮੌਕੇ ਇੱਕ ਵੱਖਵਾਦੀ ਸਿੱਖ ਸੰਸਥਾ ਨੂੰ ਵਧਾਈ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਕੁਨੈਕਟੀਕਟ ਸੂਬੇ ਦੀ ਆਮ ਸਭਾ ਨੇ 29 ਅਪ੍ਰੈਲ ਨੂੰ ਖਾਲਿਸਤਾਨ ਹਮਾਇਤੀ ਜਥੇਬੰਦੀ ‘ਵਰਲਡ ਸਿੱਖ ਪਾਰਲੀਮੈਂਟ’ ਨੂੰ ਉਸ ਦੇ ਸਿੱਖ ਆਜ਼ਾਦੀ ਐਲਾਨਨਾਮੇ ਦੀ 36ਵੀਂ ਵਰ੍ਹੇਗੰਢ ‘ਤੇ ਵਧਾਈ ਦਿੱਤੀ ਸੀ।
ਕਈ ਭਾਰਤੀ-ਅਮਰੀਕੀ ਸਮੂਹਾਂ ਤੇ ਭਾਈਚਾਰਿਆਂ ਦੇ ਆਗੂਆਂ ਨੇ ਕੁਨੈਕਟੀਕਟ ਆਮ ਸਭਾ ਦੇ ਮੈਂਬਰਾਂ ਅਤੇ ਉਸ ਦੀ ਲੀਡਰਸ਼ਿਪ ਨੂੰ ਅਜਿਹੇ ਕਦਮ ਖ਼ਿਲਾਫ਼ ਪੱਤਰ ਲਿਖੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪੱਤਰ ਭਾਰਤ ਦੀ ਖੇਤਰੀ ਅਖੰਡਤਾ ‘ਤੇ ਸਵਾਲ ਚੁੱਕਦਾ ਹੈ ਅਤੇ ਭਾਰਤ-ਅਮਰੀਕਾ ਦੇ ਸਬੰਧਾਂ ਨੂੰ ਕਮਜ਼ੋਰ ਕਰਦਾ ਹੈ। ਕੁਨੈਕਟੀਕਟ ਦੀ ਮਿਲਾਨ ਕਲਚਰਲ ਐਸੋਸੀਏਸ਼ਨ ਨੇ ਕਿਹਾ, ‘ਇਹ ਪੱਤਰ ਸਾਡੇ ਹਿੱਤ ‘ਚ ਨਹੀਂ ਹੈ। ਇਸ ਲਈ ਤੁਹਾਨੂੰ ਇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਾਂਦੀ ਹੈ।’ ਓਹੀਓ ‘ਚ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ (ਐੱਫਏਆਈ) ਨੇ ਕਿਹਾ ਕਿ ਕੁਨੈਕਟੀਕਟ ਆਮ ਸਭਾ ਦਾ ਪੱਤਰ ਜਾਰੀ ਕਰਨ ਦਾ ਫ਼ੈਸਲਾ ਗ਼ੈਰ ਜ਼ਿੰਮੇਵਾਰੀ ਵਾਲਾ ਹੈ। ਨਿਊ ਇੰਗਲੈਂਡ ‘ਚ ਐਫਆਈਏ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਿਆਸੀ ਤੌਰ ‘ਤੇ ਪ੍ਰੇਰਿਤ ਗ਼ੈਰਸਮਾਜੀ ਤੱਤਾਂ ਨੇ ਭਾਰਤ ‘ਚ ਤਣਾਅ ਪੈਦਾ ਕਰਨ ਲਈ ਗ਼ਲਤ ਸੂਚਨਾ ਦੇ ਆਧਾਰ ‘ਤੇ ਪੱਤਰ ਜਾਰੀ ਕੀਤਾ ਹੈ।
ਨਿਊਯਾਰਕ, ਨਿਊ ਜਰਸੀ ਤੇ ਕੁਨੈਕਟੀਕਟ ਦੇ ਐਫਆਈਏ ਨੇ ਕੁਨੈਕਟੀਕਟ ਦੀ ਆਮ ਸਭਾ ਦੇ ਮੈਂਬਰਾਂ ਨੂੰ ਇਸ ਗ਼ਲਤ ਕਦਮ ਨਾਲ ਜਲਦੀ ਤੋਂ ਜਲਦੀ ਨਜਿੱਠਣ ਦੀ ਅਪੀਲ ਕੀਤੀ ਹੈ। ਨਿਊਯਾਰਕ ‘ਚ ਦਿ ਐਸੋਸੀਏਸ਼ਨ ਆਫ਼ ਇੰਡੀਅਨਜ਼ ਇਨ ਅਮੇਰੀਕਾ ਨੇ ਕਿਹਾ ਕਿ ਇਹ ਪੱਤਰ ਭਾਰਤ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਬੇਇੱਜ਼ਤੀ ਹੈ।
Home Page ਕੁਨੈਕਟੀਕਟ ਅਸੈਂਬਲੀ ਨੂੰ ਸਿੱਖ ਆਜ਼ਾਦੀ ਐਲਾਨਨਾਮੇ ਸਬੰਧੀ ਵਧਾਈ ਪੱਤਰ ਰੱਦ ਕਰਨ ਦੀ...