ਬੰਗਲੌਰ, 24 ਮਈ – ਇੱਥੇ 23 ਮਈ ਨੂੰ ਜਨਤਾ ਦਲ (ਐੱਸ) ਅਤੇ ਕਾਂਗਰਸ ਗੱਠਜੋੜ ਸਰਕਾਰ ਦੇ ਮੁਖੀ ਐਚ.ਡੀ. ਕੁਮਾਰਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਦਲਿਤ ਆਗੂ ਜੀ ਪਰਮੇਸ਼ਵਰ ਨੇ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸੂਬੇ ਦੇ ਰਾਜਪਾਲ ਵਜੂਭਾਈ ਵਾਲਾ ਨੇ ਦੋਵਾਂ ਆਗੂਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਕੁਮਾਰਸਵਾਮੀ ਦੀ ਅਗਵਾਈ ਵਾਲੀ ਸਰਕਾਰ ਦੇ ਬਾਕੀ ਮੰਤਰੀਆਂ ਨੂੰ 25 ਮਈ ਦਿਨ ਸ਼ੁੱਕਰਵਾਰ ਨੂੰ ਬਹੁਮਤ ਸਾਬਤ ਹੋਣ ਤੋਂ ਬਾਅਦ ਸਹੁੰ ਚੁਕਾਈ ਜਾਵੇਗੀ। ਸ੍ਰੀ ਕੁਮਾਰਸਵਾਮੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਨਾਲ ਲੰਮੇਂ ਸਮੇਂ ਤੋਂ ਚੱਲ ਰਿਹਾ ਕਰਨਾਟਕਾ ਦਾ ਸੰਘਰਸ਼ ਸਮਾਪਤ ਹੋ ਗਿਆ। ਸ੍ਰੀ ਕੁਮਾਰਸਵਾਮੀ ਨੇ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਇਸ ਤਪਂ ਪਹਿਲਾਂ ਉਹ 2007 ਵਿੱਚ 20 ਮਹੀਨੇ ਲਈ ਮੁੱਖ ਮੰਤਰੀ ਬਣ ਚੁੱਕੇ ਹਨ।
ਇਸ ਸਹੁੰ ਚੁੱਕ ਸਮਾਗਮ ਵਿੱਚ ਭਾਰਤ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਸਿਖਰਲੇ ਆਗੂ ਜਿਵੇਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਐਨ. ਚੰਦਰਬਾਬੂ ਨਾਇਡੂ, ਪਿਨਾਰਈ ਵਿਜੇਅਨ, ਤੇਜਸਵੀ ਯਾਦਵ, ਕੁਮਾਰੀ ਮਾਇਆਵਤੀ, ਅਖ਼ਿਲੇਸ਼ ਯਾਦਵ, ਸ਼ਰਦ ਯਾਦਵ, ਸੀਤਾਰਾਮ ਯੇਚੁਰੀ, ਸ਼ਰਦ ਯਾਦਵ, ਅਜੀਤ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਹੋਰ ਹਾਜ਼ਰ ਸਨ। ਭਾਜਪਾ ਨੇ ਇਸ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ। ਭਾਜਪਾ ਦੀ ਸੂਬਾਈ ਇਕਾਈ ਨੇ ਗੱਠਜੋੜ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਦੇ ਆਪਣੇ ਮੁੱਦੇ ਹਨ ਅਤੇ ਉਨ੍ਹਾਂ ਆਪਣੇ ਮੈਨੀਫੈਸਟੋ ਵਿੱਚ ਵੱਖਰੇ ਵਾਅਦੇ ਕੀਤੇ ਹਨ ਤੇ ਹੁਣ ਉਹ ਭਾਈਵਾਲ ਪਾਰਟੀ ਨੂੰ ਨਾਲ ਲੈ ਕੇ ਦੋਵਾਂ ਪਾਰਟੀਆਂ ਦੇ ਮੈਨੀਫੈਸਟੋ ਅਨੁਸਾਰ ਕੀਤੇ ਵਾਅਦੇ ਪੂਰੇ ਕਰਨਗੇ। ਉਨ੍ਹਾਂ ਦੁਹਰਾਇਆ ਕਿ ਸੂਬੇ ਦੀ ਵਿੱਤੀ ਹਾਲਤ ਤੰਦਰੁਸਤ ਹੋਣ ਮਗਰੋਂ ਖੇਤੀ ਕਰਜ਼ੇ ਮੁਆਫ਼ ਕਰਨਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਵਿੱਚ ਵਿਸ਼ਵਾਸ ਰੱਖਣ ਉਹ ਮੁੱਖ ਮੰਤਰੀ ਵਜੋਂ ਨਹੀਂ ਬਲਕਿ ਲੋਕਾਂ ਦਾ ਨੌਕਰ ਬਣ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਕ ਭਾਈਚਾਰੇ ਨਾਲ ਸਬਧਿਤ ਨਹੀਂ ਬਲਕਿ ਸੂਬੇ ਦੀ 6.5 ਕਰੋੜ ਦੀ ਅਬਾਦੀ ਨਾਲ ਸਬੰਧਿਤ ਹਨ।
Home Page ਕੁਮਾਰਸਵਾਮੀ ਨੇ ਕਰਨਾਟਕ ਦੇ ਮੁੱਖ ਮੰਤਰੀ ਅਤੇ ਪਰਮੇਸ਼ਵਰ ਨੇ ਡਿਪਟੀ ਮੁੱਖ ਮੰਤਰੀ...