ਨਵੀਂ ਦਿੱਲੀ, 23 ਜਨਵਰੀ – ਇੱਥੇ ਦੇ ਵਿਗਿਆਨ ਭਵਨ ਵਿਖੇ 22 ਜਨਵਰੀ ਦਿਨ ਸ਼ੁੱਕਰਵਾਰ ਨੂੰ ਕਿਸਾਨ ਜਥੇਬੰਦੀਆਂ ਨਾਲ 11ਵੇਂ ਗੇੜ ਦੀ ਵਾਰਤਾ ਕਿਸੇ ਨਤੀਜੇ ‘ਤੇ ਨਾ ਪਹੁੰਚਣ ਮਗਰੋਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕੁੱਝ ਤਾਕਤਾਂ ਆਪਣੇ ਨਿੱਜੀ ਅਤੇ ਸਿਆਸੀ ਮੰਤਵਾਂ ਲਈ ਅੰਦੋਲਨ ਪੱਕੇ ਤੌਰ ‘ਤੇ ਜਾਰੀ ਰੱਖਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਦੀ ‘ਪਵਿੱਤਰਤਾ’ ਜਦੋਂ ਨਸ਼ਟ ਹੋ ਜਾਂਦੀ ਹੈ ਤਾਂ ਮਸਲੇ ਦਾ ਕੋਈ ਵੀ ਹੱਲ ਕੱਢਣਾ ਮੁਸ਼ਕਲ ਹੋ ਜਾਂਦਾ ਹੈ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਡੇਢ ਸਾਲ ਲਈ ਖੇਤੀ ਕਾਨੂੰਨਾਂ ‘ਤੇ ਪਾਬੰਦੀ ਲਗਾਉਣ ਲਈ ਤਿਆਰ ਹੈ। ਸਰਕਾਰ ਇਸ ਤੋਂ ਵਧੀਆ ਪ੍ਰਸਤਾਵ ਪੇਸ਼ ਨਹੀਂ ਕਰ ਸਕਦੀ ਹੈ। ਸ੍ਰੀ ਤੋਮਰ ਨੇ ਕਿਹਾ,”ਜੇਕਰ ਕਿਸਾਨ ਸਰਕਾਰ ਦੀ ਪੇਸ਼ਕਸ਼ ਨਾਲ ਸਹਿਮਤ ਹਨ ਤਾਂ ਉਹ ਭਲਕੇ ਤੱਕ ਇਸ ਦੀ ਜਾਣਕਾਰੀ ਦੇ ਸਕਦੇ ਹਨ ਜਿਸ ਮਗਰੋਂ ਵਾਰਤਾ ਅੱਗੇ ਜਾਰੀ ਰਹਿ ਸਕਦੀ ਹੈ।” ਕਿਸਾਨਾਂ ਦੇ ਸਰਕਾਰ ਦੀ ਪੇਸ਼ਕਸ਼ ‘ਤੇ ਸਹਿਮਤੀ ਜਤਾਉਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਹ ਕੋਈ ਕਿਆਸ ਨਹੀਂ ਲਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਆਸ ਹੈ ਕਿ ਕਿਸਾਨ ਜਥੇਬੰਦੀਆਂ ਸਰਕਾਰ ਦੀ ਤਜਵੀਜ਼ ‘ਤੇ ਹਾਂ-ਪੱਖੀ ਹੁੰਗਾਰਾ ਭਰਨਗੀਆਂ। ਸਰਕਾਰ ਦੀ ਤਜਵੀਜ਼ ਬਾਰੇ ਕਿਸਾਨ ਆਗੂਆਂ ‘ਚ ਕੋਈ ਮੱਤਭੇਦ ਹੋਣ ਬਾਰੇ ਸ੍ਰੀ ਤੋਮਰ ਨੇ ਇਸ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਉਹ ਪੇਸ਼ਕਸ਼ ਦੀ ਹਮਾਇਤ ਅਤੇ ਵਿਰੋਧ ਕਰਨ ਵਾਲਿਆਂ ਸਮੇਤ ਸਾਰੇ ਕਿਸਾਨ ਆਗੂਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਅੰਤਿਮ ਫ਼ੈਸਲੇ ਲਈ ਉਹ ਕੱਲ੍ਹ ਤੱਕ ਦੀ ਉਡੀਕ ਕਰਨਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ ਅਤੇ ਇਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਵਧੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਅੰਦੋਲਨ ਪੰਜਾਬ ਅਤੇ ਕੁਝ ਹੋਰ ਸੂਬਿਆਂ ਦੇ ਕੁਝ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ।
Home Page ਕੁੱਝ ਤਾਕਤਾਂ ਨਹੀਂ ਚਾਹੁੰਦੀਆਂ ਅੰਦੋਲਨ ਖ਼ਤਮ ਹੋਵੇ – ਖੇਤੀ ਮੰਤਰੀ ਤੋਮਰ