‘ਕੂਕ ਪੰਜਾਬੀ ਸਮਾਚਾਰ’ ਆਪਣੇ ਛੋਟੇ-ਛੋਟੇ ਪਰ ਪ੍ਰਭਾਵਸ਼ਾਲੀ ਕਦਮ ਪੁੱਟਦਿਆਂ ਅਤੇ ਕਈ ਉਤਰਾਅ-ਚੜ੍ਹਾਅ ਸਹਿੰਦਿਆਂ 25 ਅਕਤੂਬਰ 2011 ਨੂੰ ਆਪਣੇ 8 ਵਰ੍ਹੇ ਪੂਰੇ ਕਰ ਰਿਹਾ ਹੈ। ਨਿਊਜ਼ੀਲੈਂਡ ਦੀ ਧਰਤੀ ਉੱਤੇ ਪਹਿਲਾ ਪੰਜਾਬੀ ਅਖ਼ਬਾਰ ਆਪਣਾ ਮਾਣਮੱਤਾ ਇਤਿਹਾਸ ਕਾਇਮ ਕਰਦਾ ਅੱਗੇ ਵੱਧਦਾ ਜਾ ਰਿਹਾ ਹੈ। ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕੇ ‘ਕੂਕ’ ਨੇ ਭਾਵੇਂ ਨਿਊਜ਼ੀਲੈਂਡ ਵਿੱਚ ਪਛਾਣ ਆਪਣੇ ਪਹਿਲੇ ਦਿਨ ਤੋਂ ਹੀ ਬਣਾ ਲਈ ਸੀ ਪਰ 9ਵੇ ਵਰ੍ਹੇ ਤੱਕ ਪਹੁੰਚਣ ਲਈ ‘ਕੂਕ’ ਨੂੰ ਕਈ ਔਕੜਾਂ ਅਤੇ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ ਹੈ। ‘ਕੂਕ ਪੰਜਾਬੀ ਸਮਾਚਾਰ’ ਤੋਂ ਬਾਅਦ ਕਈ ਪੰਜਾਬੀ ਅਖ਼ਬਾਰ ਆਏ ਅਤੇ ਚੱਲੇ ਗਏ ਪਰ ‘ਕੂਕ’ ਆਪਣੀ ਨਿਰੰਤਰ ਚਾਲ ਚੱਲਦਿਆਂ ਨਿਊਜ਼ੀਲੈਂਡ ਦੇ ਇਤਿਹਾਸ ‘ਚ ਨਾਂਅ ਦਰਜ ਕਰੀ ਜਾ ਰਿਹਾ ਹੈ। ‘ਕੂਕ ਪੰਜਾਬੀ ਸਮਾਚਾਰ’ ਨੂੰ ਹੁਣ ਸ਼ਾਇਦ ਨਿਊਜ਼ੀਲੈਂਡ ਦੀ ਧਰਤੀ ਉੱਪਰ ਰਹਿਣ ਵਾਲਾ ਕੋਈ ਵਿਰਲਾ ਹੀ ਪੰਜਾਬੀ ਤੇ ਗ਼ੈਰ-ਪੰਜਾਬੀ ਹੋਵੇਗਾ ਜੋ ਨਾ ਜਾਣਦਾ ਹੋਵੇ। ਇਹ ਦੋ ਹਫਤਾਵਾਰੀ ਨਿਊਜ਼ ਪੇਪਰ Kin Creations International Ltd. ਦੇ ਬੈਨਰ ਹੇਠ ਪਿਛਲੇ 8 ਵਰ੍ਹਿਆਂ ਪਾਠਕਾਂ ਦੀ ਸੇਵਾ ਕਰਦਾ ਆ ਰਿਹਾ ਹੈ।
‘ਕੂਕ’ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਉਹ ਆਪਣੇ ਹਰ ਵਰਗ ਦੇ ਪਾਠਕ ਨੂੰ ‘ਕੂਕ’ ਨਾਲ ਜੋੜੇ ਅਤੇ ਦੁਨੀਆ ‘ਚ ਵਾਪਰਨ ਵਾਲੀ ਹਰ ਘਟਨਾ ਨਾਲ ਜਾਣੂ ਕਰਵਾਏ ਤਾਂ ਜੋ ਉਸ ਨੂੰ ਪਤਾ ਲੱਗੇ ਕਿ ਇਸ ਭੂ-ਮੰਡਲ ਵਿੱਚ ਵਿਚਰਦਿਆਂ ਸਮੇਂ ਦੇ ਨਾਲ-ਨਾਲ ਕੀ ਹੋਰ ਤਬਦੀਲੀਆਂ ਵਾਪਰ ਰਹੀਆਂ ਹਨ। ਸਾਡੀ ਕੋਸ਼ਿਸ਼ ਹਰ ਉਸ ਖ਼ਬਰ ਨੂੰ ਪੇਸ਼ ਕਰਨ ਦੀ ਰਹਿੰਦੀ ਹੈ ਜਿਸ ਦੇ ਬਾਰੇ ਵਿੱਚ ਪਾਠਕ ਦਾ ਜਾਣੂ ਹੋਣਾ ਜ਼ਰੂਰੀ ਹੁੰਦਾ ਹੈ। ਪਿਛਲੇ ਕੁੱਝ ਸਮੇਂ ਦੌਰਾਨ ਦੁਨੀਆ ਅੰਦਰ ਕੁੱਝ ਅਜਿਹੀਆਂ ਤਬਦੀਲੀਆਂ ਤੇ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਦਾ ਅਸਰ ਆਮ ਆਦਮੀ ਦੀ ਜ਼ਿੰਦਗੀ ਉੱਪਰ ਪੈ ਰਿਹਾ ਹੈ। ਅਮਰੀਕਾ ਵਿੱਚ ਆਰਥਿਕ ਮੰਦਵਾੜਾ ਮੁੜ ਸਿਰ ਚੱਕੀ ਬੈਠਾ ਹੈ, ਜਿਸ ਦਾ ਅਸਰ ਦੁਨੀਆ ਦੇ ਬਾਕੀ ਮੁਲਕਾਂ ਉੱਪਰ ਵੀ ਪੈ ਰਿਹਾ ਹੈ। ਵਿਕਸਿਤ ਤੇ ਵਿਕਾਸਸ਼ੀਲ ਮੁਲਕ ‘ਗਲੋਬਲ ਮੰਦੀ’ ਨਾਲ ਜੂਝਦੇ ਨਜ਼ਰ ਆ ਰਹੇ ਹਨ। ‘ਕੂਕ ਪੰਜਾਬੀ ਸਮਾਚਾਰ’ ਵੀ ਇਸ ਗਲੋਬਲ ਮੰਦੀ ਦੀ ਮਾਰ ਝੱਲ ਰਿਹਾ ਹੈ ਪਰ ‘ਕੂਕ’ ਇਸ ਸਭ ਦੇ ਬਾਵਜੂਦ ਆਪਣੇ ਪਾਠਕਾਂ ਅਤੇ ਸ਼ੁਭਚਿੰਤਕਾਂ ਦੀ ਸੇਵਾ ‘ਚ ਲੱਗਾ ਹੋਇਆ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੱਗਾ ਰਹੇਗਾ। ਬੱਸ ਲੋੜ ਹੈ ਨਿਰੰਤਰ ਉਤਸ਼ਾਹਿਤ ਅਤੇ ਸਾਥ ਦੀ ਜੋ ਸਾਨੂੰ ਪਿਛਲੇ 8 ਸਾਲਾਂ ਤੋਂ ਤੁਹਾਡੇ ਪਾਸੋਂ ਮਿਲਦਾ ਆ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਮਿਲਦੇ ਰਹਿਣ ਦੀ ਆਸ ਹੈ। ਕਿੰਨਾ ਚੰਗਾ ਲੱਗਦਾ ਹੈ, ਜਦੋਂ ਸੱਤ ਸਮੁੰਦਰ ਪਾਰ ਬੈਠਿਆਂ ਆਪਣੇ ਮੁਲਕ ਅਤੇ ਸੂਬੇ ਵਿੱਚ ਵੱਸਦੇ ਲੋਕਾਂ ਦੀ ਖ਼ਬਰ-ਸਾਰ ਅਤੇ ਉਥੇ ਦੇ ਹਲਾਤਾਂ ਦੀ ਜਾਣਕਾਰੀ ਮਿਲ ਜਾਏ। ਪ੍ਰਦੇਸਾਂ ਵਿੱਚ ਰਹਿੰਦਿਆਂ ਆਪਣਿਆਂ ਦੀ ਯਾਦ ਤਾਂ ਹਰ ਕਿਸੇ ਨੂੰ ਸਤਾਉਂਦੀ ਹੈ, ‘ਕੂਕ ਪੰਜਾਬੀ ਸਮਾਚਾਰ’ ਇਨ੍ਹਾਂ ਯਾਦਾਂ ਅਤੇ ਪਿਛੋਕੜ ਨਾਲ ਜੋੜੀ ਰੱਖਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ‘ਕੂਕ’ ਦਾ ਸਮੂਹ ਪਾਠਕ ਵਰਗ ਜਾਣਦਾ ਹੈ ਕਿ ਸਾਡਾ ਮਨੋਰਥ ਸਿਆਸਤ, ਸਿੱਖ ਧਰਮ, ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਵਿੱਚ ਦਖ਼ਲ-ਅੰਦਾਜ਼ੀ ਕਰਨ ਦਾ ਕਦੇ ਨਹੀਂ ਰਿਹਾ ਹੈ ਪਰ ਜਿਹੋ-ਜਿਹੇ ਹਾਲਾਤ ਪੰਜਾਬ ਵਿੱਚ ਪੈਦਾ ਹੋ ਰਹੇ ਹਨ, ਉਹ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ, ਜਿਨ੍ਹਾਂ ਬਾਰੇ ਵਿਚਾਰ ਚਰਚਾ ਜ਼ਰੂਰੀ ਹੈ। ਪੰਜਾਬ ਵਿੱਚ ਡੇਰਾਵਾਦ ਅਤੇ ਪਾਖੰਡੀ ਬਾਬਿਆਂ ਦਾ ਵੱਧਦਾ ਜ਼ੋਰ, ਪਾਣੀਆਂ ਦੇ ਮੁੱਦੇ, ਐਨ. ਆਰ. ਆਈ ਦੇ ਮਸਲੇ, ਕਾਨੂੰਨੀ ਹਾਲਾਤ, ਪੰਜਾਬ ਵਿੱਚ ਨਸ਼ਿਆਂ ਅਤੇ ਪਤਿਤ ਪੁਣੇ ਦਾ ਮੁੱਦਾ ਭਾਰੂ ਹੋਣ ਦੇ ਨਾਲ-ਨਾਲ ਹਾਲੇ ਵੀ ਭਰੂਣ ਹੱਤਿਆ, ਦਹੇਜ-ਪ੍ਰਥਾ ਤੇ ਸਿਆਸੀ ਆਦਿ ਅਨੇਕਾ ਹੀ ਭੱਖਦੇ ਮਸਲੇ ਹਨ ਜਿਨ੍ਹਾਂ ਬਾਰੇ ਸਥਾਨਿਕ ਤੇ ਕੇਂਦਰ ਸਰਕਾਰ ਨੂੰ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ। ਦੁਨੀਆ ਵਿੱਚ ਹੋਰ ਵੀ ਅਨੇਕਾਂ ਮਸਲੇ ਹਨ ਜਿਨ੍ਹਾਂ ਨੂੰ ਪਾਠਕਾਂ ਸਾਹਮਣੇ ਉਜਾਗਰ ਕਰਨ ਦੀਆਂ ਕੋਸ਼ਿਸ਼ਾਂ ਚਲਦੀਆ ਰਹਿੰਦੀਆਂ ਹਨ, ਤਾਂ ਜੋ ਪਾਠਕ ਵਰਗ ਇਨ੍ਹਾਂ ਮਸਲਿਆਂ ਤੋਂ ਸੁਚੇਤ ਹੋ ਸਕੇ। ਆਪ ਜਾਣਦੇ ਹੀ ਹੋ ਕਿ ਨਿਊਜ਼ੀਲੈਂਡ ਵਿੱਚ ਨਵੰਬਰ ਮਹੀਨੇ ਵੋਟਾਂ ਪੈਣੀਆਂ ਹਨ, ਜਿਸ ਲਈ ਪੰਜਾਬੀ ਭਾਈਚਾਰੇ ਨੂੰ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਬੀਤੇ ਸਾਲ ‘ਸੁਪਰ ਸਿਟੀ ਕਾਊਂਸਲ’ ਦੀਆਂ ਚੋਣਾਂ ਵੇਲੇ ਕੁੱਝ ਪੰਜਾਬੀਆਂ ਕਥਿਤ ਤੌਰ ਤੇ ਗਲਤ ਪਤਿਆਂ ‘ਤੇ ਵੋਟਾਂ ਬਣਵਾਉਣ ਦੇ ਦੋਸ਼ ਕਾਰਣ ਸਮੂਹ ਪੰਜਾਬੀ ਭਾਈਚਾਰੇ ਨੂੰ ਦੇਸ਼ ਵਿੱਚ ਸ਼ਰਮਸ਼ਾਰ ਹੋਣਾ ਪਿਆ ਸੀ। ਸਾਨੂੰ ਦੁੱਖ ਹੁੰਦਾ ਹੈ ਕਿ ਕੁਝ ਬੰਦੇ ਵਤਨੋਂ ਦੂਰ ਪ੍ਰਦੇਸਾਂ ਵਿੱਚ ਆ ਕੇ ਵੀ ਆਪਣੇ ਆਪ ਨੂੰ ਬਦਲ ਨਹੀਂ ਸਕੇ ਹਨ। ਭਾਰਤ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਅੰਨਾ ਹਜ਼ਾਰੇ ਵੱਲੋਂ ਵਿੱਢੀ ਮੁਹਿੰਮ ਨੇ ਪੂਰੇ ਮੁਲਕ ਨੂੰ ਇੱਕ ਥਾਂ ਇਕੱਠਿਆਂ ਕਰਨ ਦਾ ਜਿਹੜਾ ਕੰਮ ਕੀਤਾ ਸੀ, ਉਸ ਨੂੰ ਸਹੀ ਢੰਗ ਨਾਲ ਜਾਰੀ ਰੱਖਣ ਦੀ ਲੋੜ ਹੈ। ਇਸ ਵਰ੍ਹੇ ਜਿੱਥੇ ਉਸਾਮਾ ਬਿਨ ਲਾਦੇਨ ਦਾ ਮਾਰਿਆ ਜਾਣ ਇੱਕ ਚੰਗੀ ਖ਼ਬਰ ਰਹੀ ਉੱਥੇ ਜਪਾਨ ਵਿੱਚ ਆਈ ਸੁਨਾਮੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਕ੍ਰਾਈਸਟਚਰਚ ਵਿੱਚ ਆਏ ਲੜੀਵਾਰ ਭੂਚਾਲਾਂ ਨੇ ਮੁਲਕ ਦੇ ਆਰਿਥਕ ਢਾਂਚੇ ‘ਤੇ ਬੁਰਾ ਅਸਰ ਪਾਇਆ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਨੇ ਸਾਬਿਤ ਕਰ ਦਿੱਤਾ ਕਿ ਸਿੱਖ ਸਿਆਸਤ ‘ਚ ਵਿਰੋਧੀਆਂ ਲਈ ਕੋਈ ਥਾਂ ਨਹੀਂ ਹੈ। ਅਗਲੇ ਵਰ੍ਹੇ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਇਨ੍ਹਾਂ ਨਤੀਜਿਆਂ ਦਾ ਅਸਰ ਵੇਖਣ ਨੂੰ ਮਿਲੇਗਾ। ਭਾਰਤ ‘ਚ ਅੱਤਿਵਾਦ ‘ਤੇ ਕਾਬੂ ਪਾਉਣਾ ਥੋੜਾ ਮੁਸ਼ਕਿਲ ਲੱਗਦਾ ਹੈ ਤਾਂਹੀ ਤਾਂ ਅੱਤਿਵਾਦੀ ਦਿੱਲੀ ਵਿੱਚ ਬੰਬ ਧਮਾਕਾ ਕਰਕੇ ਚਲੇ ਜਾਂਦੇ ਹਨ ਤੇ ਸਾਡੀਆਂ ਖੁਫੀਆਂ ਏਜੰਸੀਆਂ ਮੂੰਹ ਵੇਖ ਦੀਆਂ ਰਹਿ ਜਾਂਦੀਆਂ ਹਨ। ਸੋਚਣ ਦੇ ਨਾਲ ਸਖ਼ਤ ਕਦਮ ਪੁੱਟਣ ਦੀ ਲੋੜ ਹੈ।
‘ਕੂਕ’ ਦੀ ਸਭ ਤੋਂ ਵੱਡੀ ਉਪਲਬਧੀ ਇਹ ਰਹੀ ਹੈ ਕਿ ਉਸ ਨੇ ਆਪਣੇ ਪਾਠਕਾਂ ਨਾਲ ਸਾਂਝ ਹੋਰ ਵਧਾਈ ਹੈ, ਉਥੇ ਨਾਲ ਹੀ ਪਾਠਕਾਂ ਦੀ ਮੰਗ ਉਪਰ ਇੰਟਰਨੈੱਟ ਦੀ ਵਿਸ਼ਾਲ ਦੁਨੀਆ ਵਿੱਚ ਸ਼ਮੂਲੀਅਤ ਕਰਦੇ ਹੋਏ www.kuksamachar.co.nz ਦੇ ਨਾਂਅ ਤੋਂ ਸ਼ੁਰੂ ਹੋ ਗਈ ਹੈ ਜਿਸ ਰਾਹੀ ਨਿਊਜ਼ੀਲੈਂਡ ਵਾਸੀਆਂ ਦੁਨੀਆ ਦੇ ਹਰ ਕੋਨੇ ‘ਚ ਬੈਠੇ ਮਨੁੱਖ ਘਰ ਬੈਠੇ ਖ਼ਬਰਾਂ ਪੜ੍ਹਨ ਦਾ ਲਾਹਾ ਲੈ ਸਕਦੇ ਹਨ। ‘ਕੂਕ’ ਨੇ ਨਿਊਜ਼ੀਲੈਂਡ ਦੇ ਸਭ ਤੋਂ ਵਧੀਆ ਪੰਜਾਬੀ ਸਮਾਚਾਰ ਪੱਤਰ ਹੋਣ ਦੇ ਕਈ ਐਵਾਰਡ ਵੀ ਹਾਸਿਲ ਕੀਤੇ ਹੋਏ ਹਨ। ਭਾਰਤ, ਪੰਜਾਬ ਤੇ ਦੁਨੀਆ ਵਿੱਚ ਛਪਦੇ ਕਈ ਅਖ਼ਬਾਰਾਂ ਤੇ ਰਸਾਲਿਆਂ ਵਿੱਚ ‘ਕੂਕ’ ਅਤੇ ‘ਕੂਕ’ ਦੇ ਸੰਚਾਲਕਾਂ ਬਾਰੇ ਪ੍ਰਸੰਸਕ ਲੇਖ ਛਪਦੇ ਰਹਿੰਦੇ ਹਨ। ਅਸੀਂ ਆਪਣੇ ਇਨ੍ਹਾਂ ਯਤਨਾਂ ਰਾਹੀਂ ਭਾਰਤੀ, ਏਸ਼ੀਆਈ ਮੂਲ ਦੇ ਲੋਕਾਂ ਨੂੰ ‘ਕੂਕ ਪੰਜਾਬੀ ਸਮਾਚਾਰ’ ਰਾਹੀਂ ਭਾਰਤ ਖਾਸ ਤੌਰ ‘ਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ ਹਾਂ ਅਤੇ ਭਵਿੱਖ ਵਿੱਚ ਵੀ ਕਰਦੇ ਰਹਾਂਗੇ। ਇਸ ਲਈ ਅਸੀਂ ਤੁਹਾਡੇ ਪ੍ਰਤੀ ਵੱਚਨਵਧ ਹਾਂ। ਅਸੀਂ ਧੰਨਵਾਦੀ ਹਾਂ ‘ਕੂਕ’ ਦੇ ਸਾਰੇ ਸਪਾਂਸਰਾਂ, ਇਸ਼ਤਿਹਾਰੀ ਕੰਪਨੀਆਂ ਦੇ ਜਿਨ੍ਹਾਂ ਨੇ ਅਖ਼ਬਾਰ ਅਤੇ ਵੈੱਬਸਾਈਟ ‘ਚ ਇਸ਼ਤਿਹਾਰ ਦੇ ਕੇ ‘ਕੂਕ’ ਨੂੰ ਪੱਕੇ ਪੈਰੀ ਚੱਲਣ ਦੀ ਰਾਹ ਤੱਕ ਪਹੁੰਚਾਇਆ ਹੈ ਅਤੇ ਸਾਨੂੰ ਉਮੀਦ ਹੈ ਕਿ ਭਵਿੱਖ ਵੀ ਇਸੇ ਤਰ੍ਹਾਂ ਅੱਗੇ ਚੱਲਣ ‘ਚ ਸਹਿਯੋਗ ਦਿੰਦੇ ਰਹਿਣਗੇ। ‘ਕੂਕ’ ਸਮੂਹ ਹਰ ਤਰ੍ਹਾਂ ਨਾਲ ਅਖ਼ਬਾਰ ਦਾ ਸਹਿਯੋਗ ਕਰਨ ਵਾਲਿਆਂ ਤੇ ਪਾਠਕਾਂ ਦਾ ਧੰਨਵਾਦੀ ਹੈ। ਸਾਨੂੰ ਤੁਹਾਡੇ ਸਭਨਾਂ ਦੇ ਆਸ਼ੀਰਵਾਦ ਦੀ ਲੋੜ ਹੈ ਤਾਂ ਜੋ ‘ਕੂਕ ਪੰਜਾਬੀ ਸਮਾਚਾਰ’ ਦੀ ਆਵਾਜ਼ ਨੂੰ ਹੋਰ ਬੁਲੰਦ ਕਰ ਸਕੀਏ ਤੇ ਸੱਚ ਨੂੰ ਸਭਨਾਂ ਦੇ ਸਨਮੁੱਖ ਰੱਖ ਸਕੀਏ।
‘ਕੂਕ ਪੰਜਾਬੀ ਸਮਾਚਾਰ’ ਦੇ 9 ਵਰ੍ਹੇ ਪੂਰੇ ਹੋਣ ਤੇ 9ਵੇਂ ਵਰ੍ਹੇ ਵਿੱਚ ਪੈਰ ਧਰਨ ਦੇ ਨਾਲ 26 ਅਕਤੂਬਰ ਨੂੰ ਆ ਰਹੀ ‘ਦਿਵਾਲੀ’ ਤੇ ‘ਬੰਦੀ ਛੋੜ ਦਿਵਸ’ ਦੇ ਮੌਕੇ ਅਤੇ 10 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ ਪ੍ਰਕਾਸ਼ ਪੁਰਬ ਦੀ ਸਮੂਹ ਪਾਠਕਾਂ, ਇਸ਼ਤਿਹਾਰੀ ਕੰਪਨੀਆਂ, ਸਪਾਂਸਰਾਂ, ਕਾਲਮ ਨਵੀਸਾਂ, ਸਿੱਧੇ ਜਾਂ ਅਸਿੱਧੇ ਤੌਰ ‘ਤੇ ‘ਕੂਕ’ ਸਮਾਚਾਰ ਪੱਤਰ ਦੀ ਸਹਾਇਤਾ ਕਰਨ ਵਾਲੇ ਸਾਰੇ ਸੱਜਣਾਂ ਤੇ ਸਮੂਹ ਨਿਊਜ਼ੀਲੈਂਡ ਵਾਸੀਆਂ ਨੂੰ ‘ਕੂਕ’ ਦੇ ਸਾਰੇ ਡਾਇਰੈਕਟਰਾਂ, ਐਡੀਟਰ, ਰੈਜ਼ੀਡੈਂਟ ਐਡੀਟਰ, ਕੂਕ ਪਰਿਵਾਰ ਅਤੇ ਪੂਰੀ ਯੂਨਿਟ ਵੱਲੋਂ ਬਹੁਤ-ਬਹੁਤ ਵਧਾਈਆਂ।
-ਅਮਰਜੀਤ ਸਿੰਘ, ਰੈਜ਼ੀਡੈਂਟ ਐਡੀਟਰ (ਇੰਡੀਆ)
Editor Corner ‘ਕੂਕ ਪੰਜਾਬੀ ਸਮਾਚਾਰ’ 8 ਵਰ੍ਹਿਆਂ ਦਾ ਹੋਇਆ