ਸੰਸਦ ‘ਚ ਉਠਾਇਆ ਸਿੱਖਾਂ ਦੇ ਕਤਲੇਆਮ ਦਾ ਮੁੱਦਾ
ਚੰਡੀਗੜ੍ਹ, 9 ਅਗਸਤ (ਏਜੰਸੀ) – ਬਠਿੰਡਾ ਤੋਂ ਸਾਂਸਦ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅਮਰੀਕਾ ਵਿਖੇ ੬ ਨਿਰਦੋਸ਼ ਸਿੱਖਾਂ ਦੇ ਕਤਲ ਦਾ ਮੁੱਦਾ ਸੰਸਦ ਵਿੱਚ ਉਠਾਉਂਦਿਆਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਸਿੱਖਾਂ ਦੇ ਕਤਲੇਆਮ ਬਾਰੇ ਮੂਕ ਦਰਸ਼ਕ ਬਣਨ ਦੀ ਥਾਂ ਠੋਸ ਕਾਰਵਾਈ ਲਈ ਅਮਰੀਕੀ ਸਰਕਾਰ ‘ਤੇ ਦਬਾਅ ਬਣਾਵੈ। ਸਰਕਾਰ ਦੇ ਬਿਆਨ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਭਾਰੀ ਰੌਲੇ-ਰੱਪੇ ਕਾਰਨ ਲੋਕ ਸਭਾ ਦੀ ਕਾਰਵਾਈ ਬਾਅਦ ਦੁਪਹਿਰ ੨ ਵਜੇ ਤਕ ਮੁਲਤਵੀ ਕਰਨੀ ਪਈ।
ਸਿਫਰ-ਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਅਮਰੀਕਾ ‘ਚ ਸਿੱਖਾਂ ‘ਤੇ ੫ ਅਗਸਤ ਨੂੰ ਹੋਈ ਫਾਈਰਿੰਗ ਵੱਲ ਸਰਕਾਰ….. ਦਾ ਧਿਆਨ ਦਿਵਾਉਂਦੇ ਹੋਏ ਇਸ ਸਬੰਧੀ ਓਬਾਮਾ ਪ੍ਰਸ਼ਾਸਨ ਨੂੰ ਸਖਤ ਸੰਦੇਸ਼ ਭੇਜਣ ਲਈ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਮਰੀਕਾ ‘ਚ ਸਿੱਖਾਂ ਵਿਰੁੱਧ ਹਮਲੇ ਵਧੇ ਹਨ ਪਰ ਕੇਂਦਰ ਸਰਕਾਰ ਚੁੱਪ ਹੈ। ਉਨ੍ਹਾਂ ਸਰਕਾਰ ਨੂੰ ਹਾਊਸ ‘ਚ ਬਿਆਨ ਦੇਣ ਅਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸਖਤ ਸੰਦੇਸ਼ ਭੇਜਣ ਦੀ ਮੰਗ ਕੀਤੀ।
ਅੱਜ ਸੰਸਦ ਵਿੱਚ ਬੋਲਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਭਾਵੇਂ ਕਿ ਸਿੱਖ ਗਿਣਤੀ ਵਿੱਚ ਬਹੁਤ ਥੋੜੇ ਹਨ, ਪਰ ਇਹ ਜਿਸ ਵੀ ਦੇਸ਼ ਵਿੱਚ ਵਸਦੇ ਹਨ ਉੱਥੋਂ ਦੇ ਵਿਕਾਸ ਦੇ ਤਰੱਕੀ ਲਈ ਇਨ੍ਹਾਂ ਨੇ ਜੀਅ ਜਾਨ ਨਾਲ ਆਪਣਾ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਦੋ ਵਿਸ਼ਵ ਯੁੱਧਾਂ ਵਿੱਚ ਵੀ ਯੂਰਪੀਨ ਦੇਸ਼ਾਂ ਤੇ ਅਮਰੀਕਾ ਦੀ ਜਿੱਤ ਲਈ 80 ਹਜ਼ਾਰ ਤੋਂ ਵੱਧ ਸਿੱਖਾਂ ਨੇ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਮੰਦਭਾਗੀ ਘਟਨਾ ‘ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ 2001 ਵਿੱਚ ਅਮਰੀਕਾ ਵਿਖੇ 9/11 ਦੇ ਹਮਲੇ ਪਿੱਛੋਂ ਹੁਣ ਤੱਕ ਅਮਰੀਕਾ ਵਿੱਚ ਹਜ਼ਾਰਾਂ ਸਿੱਖਾਂ ਨੂੰ ਜਾਂ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਜਾਂ ਫਿਰ ਸਰੀਰਕ ਤੌਰ ‘ਤੇ ਅਪੰਗ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਕਿ ਜੇਕਰ ਸਾਡੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਾਰੇ ਸਿੱਖ ਸਾਂਸਦਾਂ ਦਾ ਇਕ ਵਫ਼ਦ ਲੈ ਕੇ ਅਮਰੀਕਾ ਜਾਂਦੇ ਤੇ ਰਾਸ਼ਟਰਪਤੀ ਬਾਰਾਕ ਓਬਾਮਾ ਤੇ ਸਾਰੇ ਅਮਰੀਕੀ ਸਾਂਸਦਾਂ ਨਾਲ ਮੁਲਾਕਾਤ ਕਰਕੇ ਅਮਰੀਕਾ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਤੇ ਅਮਰੀਕਾ ਦੀ ਤਰੱਕੀ ਵਿੱਚ ਪਾਏ ਯੋਗਦਾਨ ਬਾਰੇ ਜਾਣੂੰ ਕਰਵਾਉਂਦੇ ਤੇ ਅਮਰੀਕਾ ਵਿੱਚ ਇਸ ਲਈ ਇਕ ਵਿਸ਼ੇਸ਼ ਮੁਹਿੰਮ ਵਿੱਢੀ ਜਾਂਦੀ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਗੁਰੂਆਂ ਵਲੋਂ ਬਖਸ਼ੀ ਪੱਗ ਤੇ ਹੋਰ ਕਕਾਰਾਂ ਲਈ ਮਾਣ ਹੈ, ਪਰ ਸਿੱਖਾਂ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾਣਾ ਕਿ ਉਨ੍ਹਾਂ ਦਾ ਪਹਿਰਾਵਾ ਅਤਿਵਾਦੀਆਂ ਨਾਲ ਮਿਲਦਾ ਹੈ, ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਮੰਦਭਾਗਾ ਇਹ ਹੈ ਕਿ ਕੇਂਦਰ ਸਰਕਾਰ ਕਦੋਂ ਤੱਕ ਸਿੱਖਾਂ ‘ਤੇ ਹੋ ਰਹੇ ਇਨ੍ਹਾਂ ਵਹਿਸ਼ੀ ਹਮਲਿਆਂ ਬਾਰੇ ਮੁਜਰਮਾਨਾ ਚੁੱਪ ਵੱਟੀ ਰੱਖੇਗੀ ਤੇ ਨਿਰਦੋਸ਼ ਸਿੱਖਾਂ ਦਾ ਘਾਣ ਹੁੰਦਾ ਰਹੇਗਾ।
ਉਨ੍ਹਾਂ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਲੋਂ ਪੁੱਛਿਆ ਕਿ ਕਦੋਂ ਤੱਕ ਉਹ ਅਮਰੀਕੀ ਸਰਕਾਰ ਅੱਗੇ ਇਸ ਸਭ ਵਰਤਾਰੇ ਨੂੰ ਰੋਕਣ ਲਈ ਬੇਨਤੀਆਂ ਕਰਨੀਆਂ ਬੰਦ ਕਰਕੇ ਠੋਸ ਕਾਰਵਾਈ ਲਈ ਦਬਾਅ ਬਣਾਏਗੀ?
ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਵਲੋਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਾ ਲੈਣ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਹਮੇਸ਼ਾ ਗਾਂਧੀ ਪਰਿਵਾਰ ਦੀ ਕਠਪੁਤਲੀ ਬਣ ਕੇ ਰਹੇ ਹਨ, ਜਦੋਂ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕ ਜਿਨ੍ਹਾਂ ਨੇ ਉਨ੍ਹਾਂ ਨੂੰ ਸੰਸਦ ਵਿੱਚ ਚੁਣ ਕੇ ਭੇਜਿਆ ਹੈ, ਉਨ੍ਹਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਇਸ ਮੁੱਦੇ ‘ਤੇ ਆਪਣੀ ਚੁੱਪੀ ਤੋੜਨੀ ਚਾਹੀਦੀ ਸੀ।
ਸ੍ਰੀਮਤੀ ਬਾਦਲ ਨੇ ਕਿਹਾ ਕਿ 1984 ਦੀ ਭਾਵੇਂ ਸਿੱਖ ਨਸਲਕੁਸ਼ੀ ਹੋਵੇ, ਅਮਰੀਕਾ ਵਿੱਚ ਸਿੱਖਾਂ ‘ਤੇ ਹਮਲੇ ਹੋਣ, ਆਸਟਰੇਲੀਆ ਵਿੱਚ ਸਿੱਖ ਵਿਦਿਆਰਥੀਆਂ ‘ਤੇ ਹਮਲੇ ਹੋਣ, ਇਟਲੀ ਵਿਖੇ ਹਵਾਈ ਅੱਡਿਆਂ ‘ਤੇ ਸਿੱਖਾਂ ਨੂੰ ਪੱਗ ਕਰਕੇ ਨਿਸ਼ਾਨਾ ਬਣਾਇਆ ਜਾਣਾ ਹੋਵੇ, ਕੇਂਦਰ ਸਰਕਾਰ ਨੇ ਕਦੇ ਵੀ ਗੰਭੀਰਤਾ ਨਾਲ ਸਿੱਖਾਂ ਦੇ ਮਸਲਿਆਂ ਨੂੰ ਪੂਰੀ ਇਮਾਨਦਾਰੀ ਤੇ ਪ੍ਰਤੀਬੱਧਤਾ ਨਾਲ ਵਿਦੇਸ਼ੀ ਸਰਕਾਰਾਂ ਨਾਲ ਨਹੀਂ ਉਠਾਇਆ। ਉਨ੍ਹਾਂ ਕਿਹਾ ਕਿ ਫਰਾਂਸ ਵਿਖੇ ਪੱਗ ‘ਤੇ ਲਾਈ ਪਾਬੰਦੀ ਵਿਰੁੱਧ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਕਦਮ ਨਹੀਂ ਉਠਾਇਆ ਤੇ ਉੱਥੇ ਸਿੱਖ ਵਿਦਿਆਰਥੀ ਸਿੱਖਿਆ ਤੋਂ ਵੀ ਵਾਂਝੇ ਰਹਿ ਰਹੇ ਹਨ।
ਉਨ੍ਹਾਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਨਿਰਦੋਸ਼ ਮਾਰੇ ਗਏ ਸਿੱਖਾਂ ਦੀਆਂ ਦੇਹਾਂ ਭਾਰਤ ਲਿਆਉਣ ਲਈ ਉਚਿਤ ਪ੍ਰਬੰਧ ਕਰੇ।
Indian News ਕੇਂਦਰ ਸਰਕਾਰ ਠੋਸ ਕਾਰਵਾਈ ਲਈ ਅਮਰੀਕਾ ‘ਤੇ ਦਬਾਅ ਬਣਾਵੈ – ਹਰਸਿਮਰਤ ਬਾਦਲ