ਅੰਮ੍ਰਿਤਸਰ, 21 ਫਰਵਰੀ – ਇੱਥੇ ਦੇ ਤਾਜ ਹੋਟਲ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਮੁੱਖ ਮੰਤਰੀ ਕੈਪਟਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੁਲਕ ਭਾਰਤ ਜਾਂ ਇਸ ਦੇ ਕਿਸੇ ਹੋਰ ਖ਼ਿੱਤੇ ਵਿੱਚ ਕਿਸੇ ਵੀ ਵੱਖਵਾਦੀ ਲਹਿਰ ਨੂੰ ਸਮਰਥਨ ਨਹੀਂ ਦੇਵੇਗਾ। ਇਸ ਮੌਕੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ 9 ਅਜਿਹੇ ਵਿਅਕਤੀਆਂ ਦੀ ਇਕ ਸੂਚੀ ਵੀ ਸੌਂਪੀ ਜਿਸ ਨੂੰ ਪੰਜਾਬ ਸਰਕਾਰ ਵੱਲੋਂ ‘ਏ’ ਸ਼੍ਰੇਣੀ ਦੇ ਅਪਰਾਧੀਆਂ ਦੀ ਸੂਚੀ ਵਿੱਚ ਰੱਖਿਆ ਹੋਇਆ ਹੈ।
ਦੋਵਾਂ ਆਗੂਆਂ ਵਿਚਾਲੇ ਲਗਭਗ 40 ਮਿੰਟ ਚੱਲੀ ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਤਰ੍ਹਾਂ ਦੀਆਂ ਵੱਖਵਾਦੀ ਗਤੀਵਿਧੀਆਂ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਆਪਣੇ ਮੁਲਕ ਵਿੱਚ ਆਪਣੇ ਜੀਵਨ ਦੌਰਾਨ ਅਜਿਹੀਆਂ ਚੁਣੌਤੀਆਂ ਨੂੰ ਨਜਿੱਠਿਆ ਹੈ ਅਤੇ ਇਨ੍ਹਾਂ ਨੂੰ ਖ਼ਤਮ ਕੀਤਾ ਹੈ। ਉਹ ਹਿੰਸਾ ਦੇ ਖ਼ਤਰਿਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਅਤੇ ਅਜਿਹੀਆਂ ਤਾਕਤਾਂ ਨੂੰ ਸ਼ਕਤੀ ਨਾਲ ਖ਼ਤਮ ਵੀ ਕੀਤਾ ਹੈ। ਇਸ ਮੌਕੇ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਕੈਨੇਡਾ ਵਿੱਚ ਸਰਗਰਮ ‘ਏ’-ਸ਼੍ਰੇਣੀ ਦੇ 9 ਵਿਅਕਤੀਆਂ ਦੀ ਸੂਚੀ ਪ੍ਰਧਾਨ ਮੰਤਰੀ ਨੂੰ ਸੌਂਪੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਵਿਅਕਤੀ ਪੰਜਾਬ ‘ਚ ਨਫ਼ਰਤੀ ਅਪਰਾਧਾਂ ਵਿੱਚ ਸ਼ਾਮਲ ਹਨ।
ਇਸ ਮੀਟਿੰਗ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਸਨ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ‘ਤੇ ਧਿਆਨ ਦੇਣਗੇ। ਉਹ ਭਾਰਤ ਖ਼ਾਸ ਕਰ ਪੰਜਾਬ ਨਾਲ ਨੇੜਲੇ ਸਬੰਧ ਬਣਾਉਣ ਦੇ ਇੱਛੁਕ ਹਨ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦਹਿਸ਼ਤਵਾਦ, ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੁੱਦੇ ਤੇ ਵੀ ਆਪਸੀ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਇਸ ਸਬੰਧ ਵਿੱਚ ਸਬੰਧਤ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕਰਨ ‘ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਲੋਕਾਂ ਲਈ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਇਸ ਮੌਕੇ ਉਨ੍ਹਾਂ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਵੱਲੋਂ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਦਾ ਜ਼ਿਕਰ ਵੀ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ 64 ਹਜ਼ਾਰ ਅਤੇ ਭਾਰਤ ਦੇ 74 ਹਜ਼ਾਰ ਸੈਨਿਕਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ, ਨੂੰ ਇਕੱਠਿਆਂ ਹੀ 134 ਕਬਰਿਸਤਾਨਾਂ ਵਿੱਚ ਦਫ਼ਨਾਅ ਦਿੱਤਾ ਗਿਆ ਸੀ।
ਇਸ ਮੌਕੇ ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਮਜ਼ਬੂਤ ਕਰਨ ‘ਤੇ ਸਹਿਮਤੀ ਜ਼ਾਹਿਰ ਕੀਤੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਕੈਨੇਡਾ ਦੇ ਕਾਰੋਬਾਰੀ ਨਿਵੇਸ਼ ਲਈ ਕਦਮ ਚੁੱਕਣ ਦੀ ਵੀ ਅਪੀਲ ਕੀਤੀ। ਮੁੱਖ ਮੰਤਰੀ ਨੇ ਉਚੇਰੀ ਸਿੱਖਿਆ, ਵਿਗਿਆਨਕ ਖੋਜ ਤੇ ਤਕਨਾਲੋਜੀ ਦੇ ਨਾਲ-ਨਾਲ ਹੁਨਰ ਵਿਕਾਸ ਵਰਗੇ ਕੁੱਝ ਖੇਤਰਾਂ ਵਿੱਚ ਕੈਨੇਡਾ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦਾਲਾਂ, ਮੱਕੀ ਅਤੇ ਪਸ਼ੂ-ਧਨ ਦੇ ਖੇਤਰਾਂ ਵਿੱਚ ਵਿਗਿਆਨਕ ਖੋਜ ਅਤੇ ਤਕਨਾਲੋਜੀ ਦੇ ਰੂਪ ਵਿੱਚ ਆਪਸੀ ਸਹਿਯੋਗ ਦਾ ਸੁਝਾਅ ਦਿੱਤਾ। ਉਨ੍ਹਾਂ ਹੁਨਰ ਵਿਕਾਸ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਸੁਝਾਅ ਦਿੱਤਾ ਕਿ ਕੈਨੇਡਾ ਵੱਲੋਂ ਪੰਜਾਬ ਦੀ ਹੁਨਰ ਵਿਕਾਸ ਯੂਨੀਵਰਸਿਟੀ ‘ਚ ਆਪਣੇ ਕਾਰੋਬਾਰ ਜਾਂ ਯੂਨੀਵਰਸਿਟੀ ਰਾਹੀਂ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ‘ਤੇ ਵਿਚਾਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਿੱਖਿਅਤ ਪੰਜਾਬੀ ਨੌਜਵਾਨਾਂ ਦੇ ਕੈਨੇਡਾ ਵਿੱਚ ਆਵਾਸ ਨੂੰ ਹੁਲਾਰਾ ਦੇਣ ਲਈ ਸਹਾਇਤਾ ਦੇ ਸਕਦਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਕਿਤਾਬ ‘ਆਨਰ ਐਂਡ ਫਿਡੇਲਿਟੀ-ਵਰਲਡ ਵਾਰ-1’ ਅਤੇ ਉੱਘੇ ਲੇਖਕ ਖੁਸ਼ਵੰਤ ਸਿੰਘ ਦੀ ਕਿਤਾਬ ‘ਹਿਸਟਰੀ ਆਫ਼ ਸਿੱਖਜ਼’ ਭੇਟ ਕੀਤੀ। ਉਨ੍ਹਾਂ ਸ੍ਰੀ ਟਰੂਡੋ ਦੀ ਪਤਨੀ ਸੋਫੀ ਟਰੂਡੋ ਨੂੰ ਫੁਲਕਾਰੀ ਤੇ ਸ਼ਾਲ ਭੇਟ ਕੀਤੀ ਅਤੇ ਤਿੰਨਾਂ ਬੱਚਿਆਂ ਨੂੰ ਤੋਹਫ਼ੇ ਵੀ ਦਿੱਤੇ।
Home Page ਕੈਪਟਨ ਤੇ ਟਰੂਡੋ ਮੁਲਾਕਾਤ ਵਧੀਆ ਮਾਹੌਲ ‘ਚ ਹੋਈ