ਕੈਬਨਿਟ ‘ਚ ਫੇਰਬਦਲ: ਜੈਸਿੰਡਾ ਆਰਡਰਨ ਨੇ ਟ੍ਰੇਵਰ ਮੈਲਾਰਡ, ਕ੍ਰਿਸ ਫਾਫੋਈ ਦੇ ਜਾਣ ਤੋਂ ਬਾਅਦ ਮਾਈਕਲ ਵੁੱਡ ਇਮੀਗ੍ਰੇਸ਼ਨ ਪੋਰਟਫੋਲਿਓ ਤੇ ਵਿਲੀਅਮਜ਼ ਨੂੰ ਪੁਲਿਸ ਮੰਤਰੀ ਵਜੋਂ ਬਦਲਿਆ

ਵੈਲਿੰਗਟਨ, 13 ਜੂਨ – ਸੱਤਾਧਾਰੀ ਲੇਬਰ ਸਰਕਾਰ ਦੇ ਕੈਬਨਿਟ ਮੰਤਰੀ ਕ੍ਰਿਸ ਫਾਫੋਈ ਅਤੇ ਟ੍ਰੇਵਰ ਮੈਲਾਰਡ ਸੰਸਦ ਛੱਡ ਰਹੇ ਹਨ, ਜਿਸ ਨਾਲ ਅੱਜ ਕੈਬਨਿਟ ਵਿੱਚ ਫੇਰਬਦਲ ਹੋਇਆ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਫਾਫੋਈ ਨੇ ਆਪਣੇ ਬੇਟੇ ਦੇ ਸਕੂਲ ਜਾਣ ਤੋਂ ਬਾਅਦ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਸੰਸਦ ਛੱਡਣ ਦਾ ਫ਼ੈਸਲਾ ਕੀਤਾ ਹੈ। ਕ੍ਰਿਸ ਫਾਫੋਈ ਕੋਲ ਇਮੀਗ੍ਰੇਸ਼ਨ, ਪ੍ਰਸਾਰਨ ਅਤੇ ਨਿਆਂ ਵਿਭਾਗ ਸਨ। ਉਹ ਤਿੰਨਾਂ ਭੂਮਿਕਾਵਾਂ ਵਿੱਚ ਸਨ ਅਤੇ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਹਾਲ ਹੀ ਦੇ ਹਫ਼ਤਿਆਂ ਵਿੱਚ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਸਨ ਸੀ ਪਰ ਆਰਡਰਨ ਨੇ ਕਿਹਾ ਕਿ ਫਾਫੋਈ ਨੇ ਲੰਬੇ ਸਮੇਂ ਤੋਂ ਪਰਿਵਾਰ ਨਾਲ ਵਧੀਆ ਸਮਾਂ ਬਿਤਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਫਾਫੋਈ ਨੇ ਪਿਛਲੀਆਂ ਚੋਣਾਂ ਵਿੱਚ ਸਿਆਸਤ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਸੀ ਪਰ ਉਨ੍ਹਾਂ ਨੇ ਉਸ ਨੂੰ ਜਾਰੀ ਰਹਿਣ ਲਈ ਕਿਹਾ ਸੀ ਅਤੇ ਉਸ ਨੇ ਦੇਸ਼ ਦੀ ਚੰਗੀ ਸੇਵਾ ਕੀਤੀ ਸੀ। ਹੁਣ ਮਾਈਕਲ ਵੁੱਡ ਨੇ ਫਾਫੋਈ ਦੇ ਇਮੀਗ੍ਰੇਸ਼ਨ ਪੋਰਟਫੋਲਿਓ ਨੂੰ ਸੰਭਾਲਿਆ ਅਤੇ ਸਾਬਕਾ ਰੇਡੀਓ ਹੋਸਟ ਵਿਲੀ ਜੈਕਸਨ ਪ੍ਰਸਾਰਨ ਦੀ ਜ਼ਿੰਮੇਵਾਰੀ ਸੰਭਾਲਣਗੇ। ਜਦੋਂ ਕਿ ਕਿਰੀ ਐਲਨ ਹੁਣ ਨਿਆਂ ਮੰਤਰੀ ਅਤੇ ਸਹਿਯੋਗੀ ਵਿੱਤ ਮੰਤਰੀ ਹੋਣਗੇ।
ਪ੍ਰਧਾਨ ਮੰਤਰੀ ਆਰਡਰਨ ਨੇ ਐਲਨ ਬਾਰੇ ਕਿਹਾ ਕਿ ਮੇਰੀ ਨਜ਼ਰ ਵਿੱਚ, ਉਸ ਦੇ ਸਾਹਮਣੇ ਇੱਕ ਵੱਡਾ ਭਵਿੱਖ ਹੈ। ਟ੍ਰੇਵਰ ਮੈਲਾਰਡ ਸਦਨ ਦੇ ਸਪੀਕਰ ਹਨ ਅਤੇ ਅਗਸਤ ਵਿੱਚ ਅਹੁਦਾ ਛੱਡ ਦੇਣਗੇ ਅਤੇ ਯੂਰਪ ਵਿੱਚ ਇੱਕ ਕੂਟਨੀਤਕ ਅਹੁਦਾ ਸੰਭਾਲਣਗੇ। ਉਹ 35 ਸਾਲ ਸੰਸਦ ਮੈਂਬਰ ਅਤੇ 5 ਸਾਲ ਸਪੀਕਰ ਰਹੇ ਹਨ। ਨਵੇਂ ਸੰਸਦ ਮੈਂਬਰ ਡੈਨ ਰੋਜ਼ਵਾਰਨ ਅਤੇ ਸੋਰਾਇਆ ਪੇਕੇ-ਮੇਸਨ ਲੇਬਰ ਸੂਚੀ ਵਿੱਚੋਂ ਫਾਫੋਈ ਅਤੇ ਮੈਲਾਰਡ ਦੀ ਥਾਂ ਲੈਣਗੇ। ਰੋਜ਼ਵਾਰਨ ਕੈਂਟਰਬਰੀ ਵਿੱਚ ਵਾਈਮਾਕਰੀਰੀ ਤੋਂ ਇੱਕ ਸਾਬਕਾ ਫ਼ੌਜੀ ਅਧਿਕਾਰੀ ਹਨ। ਪੇਕੇ-ਮੇਸਨ ਰੰਗੀਟੀਕੇਈ ਤੋਂ ਹਨ ਅਤੇ ਉਨ੍ਹਾਂ ਨੇ ਸੈਰ-ਸਪਾਟਾ, ਜੰਗਲਾਤ ਅਤੇ ਸਥਾਨਕ ਸਰਕਾਰਾਂ ਵਿੱਚ ਕੰਮ ਕੀਤਾ ਹੈ। ਟੇ ਤਾਈ ਹੌਊਰੂ ਲਈ ਲੇਬਰ ਐਮਪੀ ਐਡਰੀਅਨ ਰੁਰਾਵੇ ਨੂੰ ਸਪੀਕਰ ਵਜੋਂ ਮੈਲਾਰਡ ਦੀ ਥਾਂ ਲੈਣ ਲਈ ਨਾਮਜ਼ਦ ਕੀਤਾ ਜਾਵੇਗਾ।
ਭਾਰਤੀ ਮੂਲ ਦੀ ਐਮਪੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਹੁਣ ਕੈਬਿਨੇਟ ਵਿੱਚ ਸ਼ਾਮਲ ਹੋਵੇਗੀ, ਕਮਿਊਨਿਟੀ ਅਤੇ ਵਲੰਟਰੀ ਸੈਕਟਰ ਪੋਰਟਫੋਲਿਓ ਦੇ ਨਾਲ ਵਰਕ ਪਲੇਸ ਰਿਲੇਸ਼ਨ ਅਤੇ ਸੇਫ਼ਟੀ ਦੀ ਭੂਮਿਕਾ ਨੂੰ ਆਪਣੀ ਜੌਬ ‘ਚ ਸ਼ਾਮਲ ਕਰੇਗੀ। ਲੇਬਰ ਦੇ ਚੀਫ਼ ਵ੍ਹਿਪ ਕੀਰਨ ਮੈਕਐਂਲਟੀ ਕੈਬਨਿਟ ਤੋਂ ਬਾਹਰ ਮੰਤਰੀ ਬਣ ਜਾਣਗੇ, ਕ੍ਰਾਈਸਟਚਰਚ ਸੈਂਟਰਲ ਦੇ ਐਮਪੀ ਡੰਕਨ ਵੈਬ ਮੁੱਖ ਪ੍ਰਬੰਧਕੀ ਭੂਮਿਕਾ ਵਿੱਚ ਉਨ੍ਹਾਂ ਦੀ ਥਾਂ ਲੈਣਗੇ।
ਪੋਟੋ ਵਿਲੀਅਮਜ਼ ਪੁਲਿਸ ਪੋਰਟਫੋਲਿਓ ਛੱਡਣਗੇ
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਪੋਟੋ ਵਿਲੀਅਮਜ਼ ਨੂੰ ਵੀ ਉਨ੍ਹਾਂ ਦੇ ਪੁਲਿਸ ਪੋਰਟ ਫੋਲਿਓ ਤੋਂ ਬਾਹਰ ਕੀਤਾ ਜਾ ਰਿਹਾ ਹੈ। ਉਹ ਕੰਜ਼ਰਵੇਸ਼ਨ ਅਤੇ ਡਿਸੇਬਿਲਟੀ ਦੇ ਮੁੱਦਿਆਂ ‘ਤੇ ਕੰਮ ਕਰੇਗੀ। ਮੰਤਰੀ ਨੂੰ ਗੈਂਗ-ਸਬੰਧਿਤ ਗੋਲ਼ੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਨੈਸ਼ਨਲ ਦੇ ਭਾਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿੰਸ ਹੁਣ ਨਵੇਂ ਪੁਲਿਸ ਮੰਤਰੀ ਹੋਣਗੇ। ਉਹ ਅਪਰਾਧ ਵਿੱਚ ਹਾਲ ਹੀ ਦੇ ਵਾਧੇ ਬਾਰੇ ਪੁੱਛਗਿੱਛ ਕਰਨ ਲਈ ਇੱਕ ਯੁਵਾ ਨਿਆਂ ਟੀਮ ਦੀ ਸਹਿ-ਅਗਵਾਈ ਕਰੇਗਾ।
ਸਿੱਖਿਆ ਪੋਰਟਫੋਲਿਓ ਦੇ ਹਿਪਕਿਨਜ਼ ਦੇ ਸ਼ੌਕ ਨੂੰ ਦੇਖਦੇ ਹੋਏ, ਆਰਡਰਨ ਨੇ ਕਿਹਾ ਕਿ ਉਹ ਇਸ ਭੂਮਿਕਾ ਵਿੱਚੋਂ ਕੁੱਝ ਨੂੰ ਬਰਕਰਾਰ ਰੱਖਣਗੇ। ਉਨ੍ਹਾਂ ਨੂੰ ਮੁਕਤ ਕਰਨ ਲਈ, ਉਨ੍ਹਾਂ ਦੇ ਸਿੱਖਿਆ ਪੋਰਟਫੋਲਿਓ ਦਾ ਇੱਕ ਮਹੱਤਵਪੂਰਨ ਹਿੱਸਾ ਐਸੋਸੀਏਟ ਮੰਤਰੀ ਜਾਨ ਟਿਨੇਟੀ ਨੂੰ ਜਾਵੇਗਾ। ਡਾ. ਆਇਸ਼ਾ ਵੇਰਲ ਕੋਵਿਡ -19 ਰਿਸਪੋਂਸ ਦੀ ਭੂਮਿਕਾ ਨਿਭਾਏਗੀ ਅਤੇ ਖੋਜ, ਵਿਗਿਆਨ ਅਤੇ ਇਨੋਵੇਸ਼ਨ ਦੀ ਨਵੀਂ ਮੰਤਰੀ ਹੋਵੇਗੀ। ਮੇਗਨ ਵੁਡਸ ਪਬਲਿਕ ਹਾਊਸਿੰਗ, ਬਿਲਡਿੰਗ ਅਤੇ ਕੰਸਟਰੱਕਸ਼ਨ ਨੂੰ ਸੰਭਾਲੇਗੀ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਇੱਕ ਵਧੇਰੇ ਵਿਆਪਕ ਸਮੀਖਿਆ ਕੀਤੀ ਜਾਵੇਗੀ। ਅਗਲੇ ਸਾਲ ਦਾ ਫੇਰਬਦਲ ਕਿੰਨਾ ਵੱਡਾ ਹੋ ਸਕਦਾ ਹੈ, ਇਸ ਬਾਰੇ ਆਰਡਰਨ ਨੇ ਕਿਹਾ ਕਿ ਉਹ ਇਸ ‘ਤੇ ਕੋਈ ਨੰਬਰ ਨਹੀਂ ਦੇਣਗੇ, ਪਰ ਅਗਲੇ ਸਾਲ ਹੋਣ ਵਾਲੀਆਂ ਚੋਣ ਤੋਂ ਪਹਿਲਾਂ ਤਬਦੀਲੀਆਂ ਹੋਣਗੀਆਂ।