ਸੈਕਰਾਮੈਂਟੋ,ਕੈਲੀਫੋਰਨੀਆ, 2 ਜੁਲਾਈ (ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਵਾਸੀ ਇਕ ਔਰਤ ਜਿਸ ਨੇ ਇਕ ਜੋੜੇ ਉਪਰ ਦੋਸ਼ ਲਾਇਆ ਸੀ ਕਿ ਉਨਾਂ ਨੇ ਉਸ ਦੇ ਬੱਚੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਨੂੰ ਇਕ ਅਦਾਲਤ ਨੇ ਝੂਠ ਬੋਲਣ ਲਈ 90 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਸੋਨੋਮਾ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਦਿੱਤੀ ਹੈ। ਅਦਾਲਤ ਨੇ ਕੈਥਲੀਨ ਸੋਰੇਨਸਨ ਨਾਮੀ 31 ਸਾਲਾ ਔਰਤ ਨੂੰ ਅਪਰਾਧ ਦੀ ਝੂਠੀ ਰਿਪੋਰਟ ਦਰਜ ਕਰਵਾਉਣ ਲਈ ਦੋਸ਼ੀ ਕਰਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦਸੰਬਰ 2020 ਵਿਚ ਸੋਰੇਨਸਨ ਆਪਣੇ 2 ਬੱਚਿਆਂ ਨਾਲ ਪੇਟਾਲੂਮਾ,ਕੈਲੀਫੋਰਨੀਆ ਵਿਚ ਇਕ ਮਾਈਕਲ ਕਰਾਫਟ ਸਟੋਰ ਵਿੱਚ ਖਰੀਦਦਾਰੀ ਕਰਨ ਲਈ ਗਈ ਸੀ। ਸੋਨੋਮਾ ਕਾਊਂਟੀ ਪ੍ਰਾਸੀਕਿਊਟਰਜ ਵੱਲੋਂ ਜਾਰੀ ਬਿਆਨ ਅਨੁਸਾਰ ਖਰੀਦਦਾਰੀ ਕਰਨ ਉਪਰੰਤ ਸੋਰੇਨਸਨ ਆਪਣੇ ਦੋ ਬੱਚਿਆਂ ਨਾਲ ਉਥੋਂ ਚਲੀ ਗਈ ਸੀ ਪਰੰਤੂ ਕੁਝ ਮਿੰਟਾਂ ਬਾਅਦ ਉਸ ਨੇ ਪੇਟਾਲੂਮਾ ਪੁਲਿਸ ਵਿਭਾਗ ਨੂੰ ਫੋਨ ਕਰਕੇ ਦੱਸਿਆ ਕਿ ਇਕ ਜੋੜੇ ਨੇ ਉਸ ਦੇ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਰੇਨਸਨ ਨੇ ਸਟੋਰ ਦੀ ਇਕ ਵੀਡੀਓ ਵਿਚ ਉਸ ਜੋੜੇ ਦੀ ਪਛਾਣ ਵੀ ਕੀਤੀ ਜਿਸ ਨੇ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਅਨੁਸਾਰ ਡੂੰਘਾਈ ਨਾਲ ਜਾਂਚ ਪੜਤਾਲ ਉਪਰੰਤ ਸੋਰੇਨਸਨ ਦੀ ਕਹਾਣੀ ਝੂਠੀ ਨਿਕਲੀ।
Home Page ਕੈਲੀਫੋਰਨੀਆ ਵਾਸੀ ਔਰਤ ਨੂੰ ਝੂਠ ਬੋਲਣ ਦੇ ਮਾਮਲੇ ਵਿਚ 90 ਦਿਨਾਂ ਦੀ...