ਸਿੱਖ ਦਲਿਤ ਭਾਈਚਾਰੇ ਦੇ ਗੱਠਜੋੜ ਨੇ ਮੰਨੂਵਾਦੀਆਂ ਨੂੰ ਹਰਾਇਆ
ਸੈਕਰਾਮੈਂਟੋ, ਕੈਲੀਫੋਰਨੀਆ, 6 ਜੁਲਾਈ (ਹੁਸਨ ਲੜੋਆ ਬੰਗਾ) – ਗੋਲਡਨ ਸਟੇਟ ਕੈਲੀਫੋਰਨੀਆ ਵਿੱਚ ਜਾਤ-ਆਧਾਰਿਤ ਵਿਤਕਰੇ ‘ਤੇ ਪਾਬੰਦੀ ਲਗਾਉਣ ਲਈ ਬਿੱਲ #SB403 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੈਨੇਟ ਜੁਡੀਸ਼ਰੀ ਕਮੇਟੀ ਨੇ ਇਸ ਬਿੱਲ ਨੂੰ 11-0 ਦੇ ਵੋਟ ਨਾਲ ਪਾਸ ਕੀਤਾ। ਇਹ ਬਿੱਲ ਹੁਣ ਵਿਚਾਰ ਲਈ ਸਦਨ ਵਿੱਚ ਜਵੇਗਾ। ਇਹ ਜਿੱਤ ਨੂੰ ਜਿਥੇ ਵੱਖ ਵੱਖ ਅਮਰੀਕਨ ਸਮੂਹਾਂ ਨੇ ਸਾਥ ਦਿੱਤਾ ਉਥੇ ਇਸਨੂੰ ਸਿੱਖ ਤੇ ਮੂਲ ਨਿਵਾਸੀ ਭਾਰਤੀਆਂ ਦਲਿਤਾਂ ਦੀ ਸਮੂਹਿਕ ਜਿੱਤ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ। ਇਹ ਸੈਨੇਟਰ ਆਇਸ਼ਾ ਦੀ ਸਮਾਜਿਕ ਨਿਆਂ ਲਈ ਅਣਥੱਕ ਵਕਾਲਤ ਦੀ ਵੀ ਜਿੱਤ ਹੈ। ਇਹ ਬਿਲ ਪਾਸ ਹੋਣ ਨਾਲ ਕੈਲੇਫੋਰਨੀਆ ‘ਚ ਜਾਤ-ਪਾਤ ਅਧਾਰਤ ਵਿਤਕਰੇ ਨੂੰ ਗੈਰਕਨੂੰਨੀ ਮੰਨਦਿਆਂ ਵਿਤਕਰਾ ਕਰਨ ਵਾਲੇ ਖਿਲਾਫ ਕਨੂੰਨਨ ਕਾਰਵਾਈ ਹੋ ਸਕੇਗੀ। ਪਹਿਲਾਂ ਇਹ ਬਿੱਲ ਕੈਲੇਫੋਰਨੀਆ ਸੈਨੇਟ ਵਿੱਚ ਪਾਸ ਹੋ ਚੁੱਕਾ ਹੈ।
ਇਸ ਬਿੱਲ ਅਫਗਾਨ-ਅਮਰੀਕਨ ਮੂਲ ਦੀ ਫਰੀਮਾਂਟ ਤੋਂ ਡੈਮੋਕਰੈਟਿਕ ਸੈਨੇਟਰ ਆਇਸ਼ਾ ਵਹਾਬ ਨੇ ਲਿਆਂਦਾ ਸੀ। ਪਹਿਲੇ ਪਹਿਲ ਉਸ ‘ਤੇ ਹਰ ਤਰੀਕੇ ਦਬਾਅ ਪਾਇਆ ਗਿਆ ਕਿ ਬਿੱਲ ਵਿੱਚੋਂ ਲਫਜ਼ “ਜ਼ਾਤ” ਕੱਢ ਦਿੱਤਾ ਜਾਵੇ। ਪਰ ਨਿਆਂਪਾਲਿਕਾ ਦੇ ਚੇਅਰਪਰਸਨ ਬ੍ਰਾਇਨ ਮੇਨਸ਼ੇਨ, ਸੈਨ ਡਿਏਗੋ ਡੈਮੋਕਰੇਟ, ਵੱਲੋਂ ਬਿੱਲ ਵਿੱਚੋਂ “ਜਾਤ” ਸ਼ਬਦ ਨੂੰ ਹਟਾਉਣ ਅਤੇ ਬਦਲਣ ਦੇ ਪਹਿਲੇ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ।
ਵਹਾਬ ਨੇ ਕਮੇਟੀ ਦੀ ਸੁਣਵਾਈ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ,“SB 403 ਜਾਤੀ ਭੇਦਭਾਵ ਨੂੰ ਖਤਮ ਕਰੇਗਾ। ਇਸ ਬਿੱਲ ਵਿੱਚ ਸ਼ਾਮਲ ਪਰਿਭਾਸ਼ਾ ਅਤੇ ਸੁਰੱਖਿਆ ਲੱਖਾਂ ਲੋਕਾਂ ਦੀ ਸੁਰੱਖਿਆ ਕਰੇਗੀ।
ਬਿਲ ਦੇ ਸਮਰਥਨ ਵਿੱਚ ਬੋਲਣ ਵਾਲੇ ਦੋ ਗਵਾਹਾਂ ਵਿੱਚੋਂ ਇੱਕ, ਕਾਰਜ ਸਥਾਨ ਦੀ ਵਕੀਲ ਤਰੀਨਾ ਮੰਡ ਨੇ ਕਿਹਾ, SB 403 ਕੈਲੀਫੋਰਨੀਆ ਨੂੰ ਸਾਰਿਆਂ ਲਈ ਇੱਕ ਨਿਆਂਪੂਰਨ ਅਤੇ ਬਰਾਬਰੀ ਵਾਲਾ ਸਥਾਨ ਬਣਾਉਣ ਲਈ ਇੱਕ ਮਹੱਤਵਪੂਰਨ ਬਿੱਲ ਹੈ। ਦੂਜੇ ਪਾਸੇ ਵਿਰੋਧੀ ਧਿਰ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਕਾਲੜਾ, ਨੇ ਕਿਹਾ ਕਿ ਉਹ ਨਿਰਾਸ਼ ਜ਼ਰੂਰ ਹਨ ਪਰ ਵਿਧਾਨ ਸਭਾ ਦੁਆਰਾ ਬਿੱਲ ‘ਤੇ ਵੋਟ ਪਾਉਣ ਤੋਂ ਪਹਿਲਾਂ “ਇਸ ਮੁੱਦੇ ‘ਤੇ ਸੰਸਦ ਮੈਂਬਰਾਂ ਨੂੰ ਜਾਗਰੂਕ ਕਰਨ” ਦੀ ਕੋਸ਼ਿਸ਼ ਨੂੰ ਜਾਰੀ ਰੱਖਣਗੇ।
ਹਾਲਾਂਕਿ ਕਈ ਦੇਸ਼ਾਂ ਵਿੱਚ ਜਾਤ ਪ੍ਰਣਾਲੀ ਮੌਜੂਦ ਹੈ, ਇਹ ਆਮ ਤੌਰ ‘ਤੇ ਭਾਰਤ ਨਾਲ ਜੁੜੀ ਹੋਈ ਹੈ, ਜਿੱਥੇ ਇਸਨੂੰ 1950 ਵਿੱਚ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਸੀ ਪਰ ਇਸਦੀ ਵਿਰਾਸਤ ਅਜੇ ਵੀ ਬਣੀ ਹੋਈ ਹੈ।”ਵੋਟਿੰਗ ਤੋਂ ਬਾਅਦ, ਸਮਰਥਕਾਂ ਨੇ ਖਾਸ ਕਰ ਸਿੱਖ ਦਲਿਤ ਭਾਈਚਾਰੇ ਨੇ “SB 403 ਜ਼ਿੰਦਾਬਾਦ” ਤੇ ਖੁਸ਼ੀ ਵਿੱਚ ਦੇ ਨਾਅਰੇ ਲਾਉਂਦੇ ਹੋਏ ਸੁਣਵਾਈ ਵਾਲੇ ਕਮਰੇ ਤੋਂ ਬਾਹਰ ਮਾਰਚ ਕੀਤਾ ਤੇ ਭੰਗੜੇ ਪਾਏ। ਦੱਸਣਯੋਗ ਹੈ ਕਿ ਲੱਗਭਗ 50 ਸਿੱਖ ਜਥੇਬੰਦੀਆਂ ਨੇ ਇਸ ਬਿੱਲ ਦੇ ਪੱਖ ਵਿੱਚ ਲਿਖ ਕੇ ਭੇਜਿਆ ਅਤੇ ਇਸ ਮਤੇ ਦੀ ਪੁਰਜ਼ੋਰ ਹਮਾਇਤ ਕਰ ਰਹੀਆਂ ਹਨ। ਇਸਤੋਂ ਪਹਿਲਾਂ ਅਜਿਹਾ ਬਿੱਲ ਸਿਟੀ ਆਫ਼ ਸਿਆਟਲ ਅਤੇ ਟਰਾਂਟੋ ਸਕੂਲ ਬੋਰਡ ਵੱਲੋਂ ਵੀ ਪਾਸ ਕੀਤਾ ਜਾ ਚੁੱਕਾ ਹੈ।
ਕੈਪਸ਼ਨ: 1. ਦਲਿਤ ਸਿੱਖ ਭਾਈਚਾਰੇ ਦੇ ਲੋਕ ਬਿੱਲ ਦੇ ਸਮਰਥਨ ਚ
2: ਬਿੱਲ ਦੀ ਸੁਣਵਾਈ ਦੌਰਾਨ ਸੈਨੇਟ ਜੁਡੀਸ਼ਰੀ ਕਮੇਟੀ ਦੇ ਮੈਂਬਰ।