ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਸੈਨੇਟ ਵਲੋਂ ਧਾਰਮਿਕ ਆਜ਼ਾਦੀ ਬਿੱਲ ਪਾਸ ਕਰਨ ਨਾਲ ਹੁਣ ਕਾਨੂੰਨ ਬਣਨ ਦੀ ਆਸ ਬੱਝ ਗਈ ਹੈ। ਇਸ ਕਾਨੂੰਨ ਬਣਨ ਦੀ ਪ੍ਰਕਿਰਿਆ ਦੀ ਅਗਲੀ ਲੜੀ ਵਜੋਂ ਜੂਡੀਸ਼ਰੀ ਕਮੇਟੀ ਵਲੋਂ ਕੰਮ-ਕਾਰ ਵਾਲੇ ਸਥਾਨਾਂ ਤੇ ਦਫ਼ਤਰਾਂ ਵਿੱਚ ਧਾਰਮਿਕ ਆਜ਼ਾਦੀ ਐਕਟ, ਏ ਬੀ 1964 ਨੂੰ ਕੈਲੀਫੋਰਨੀਆ ਸੈਨੇਟ ਵਿੱਚ ਪਾਸ ਕਰ ਦਿੱਤਾ ਗਿਆ ਹੈ। ਕਮੇਟੀ ਤੋਂ ਹਰੀ ਝੰਡੀ ਮਿਲ ਜਾਣ ਤੋਂ ਬਾਅਦ ਹੁਣ ਇਸ ਨੂੰ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਸੈਨੇਟ ਅਪ੍ਰੋਪਰੀਏਸ਼ਨ ਕਮੇਟੀ ਕੋਲ ਭੇਜਿਆ ਜਾਵੇਗਾ। ਜੇਕਰ ਇਹ ਐਕਟ ਕਾਨੂੰਨ ਬਣ ਜਾਂਦਾ ਹੈ ਤਾਂ ਏ ਬੀ 1964 ਦੇ ਲਾਗੂ ਹੋ ਜਾਣ ਨਾਲ ਕੰਮ-ਕਾਜ ਵਾਲੇ ਸਥਾਨਾਂ ਅਤੇ ਦਫ਼ਤਰਾਂ ਵਿੱਚ ਸਿੱਖਾਂ ਤੇ ਹੋਰ ਧਾਰਮਿਕ ਘੱਟ-ਗਿਣਤੀਆਂ ਪ੍ਰਤੀ ਭੇਦ-ਭਾਵ ਵਰਗੀਆਂ ਘਟਨਾਵਾਂ ਵਿੱਚ ਬਹੁਤ ਤੇਜ਼ੀ ਨਾਲ ਗਿਰਾਵਟ ਆਵੇਗੀ। ਇਸ ਬਿੱਲ ਨੂੰ ਵੱਖ-ਵੱਖ ਹੋਰ ਧਾਰਮਿਕ ਆਗੂਆਂ ਵਲੋਂ ਵੀ ਪਾਸ ਕਰਵਾਉਣ ਲਈ ਮਦਦ ਮਿਲ ਰਹੀ ਹੈ ਤੇ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਅਸੈਂਬਲੀ ਵੋਮੈਨ ਮੀਰਾਕੋ ਯਮਾਡਾ ਦਾ ਵੱਡਾ ਹੱਥ ਹੈ। ਧਾਰਮਿਕ ਆਗੂਆਂ, ਜਿਨ੍ਹਾਂ ਵਿੱਚ ਇਸਲਾਮ, ਕ੍ਰਿਸਚੀਅਨ, ਜਿਊਸ, ਬੁੱਧ, ਹਿੰਦੂ ਤੇ ਕੈਥੋਲਿਕ ਆਦਿ ਧਰਮਾਂ ਦੇ ਆਗੂ ਵੀ ਮੌਜੂਦ ਸਨ। ਇਸ ਮੌਕੇ ਸਿੱਖ ਭਾਈਚਾਰੇ ਵਲੋਂ ਅਟਾਰਨੀ ਸਿਮਰਨਜੀਤ ਕੌਰ, ਡਾ. ਨਰਿੰਦਰ ਧਾਲੀਵਾਲ, ਭਜਨ ਸਿੰਘ ਭਿੰਡਰ, ਇਕਬਾਲ ਬਰਵਾਲ ਅਤੇ ਅਟਾਰਨੀ ਹਰਜੀਤ ਗਰੇਵਾਲ ਆਦਿ ਹਾਜ਼ਰ ਸਨ। ਇਸ ਮੌਕੇ ਦਰਸ਼ਨ ਸਿੰਘ ਮੁੰਡੀ ਪਬਲਿਕ ਰਿਲੇਸ਼ਨ ਵੈਸਟ ਸੈਕਰਾਮੈਂਟੋ ਗੁਰਦੁਆਰਾ, ਨੇ ਤੇ ਸਿੱਖ ਕੋਲੀਸ਼ਨ ਨੇ ਕੈਲੀਫੋਰਨੀਆ ਦੇ ਸਿੱਖਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਇਸ ਐਕਟ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸਾਰੇ ਘੱਟ ਗਿਣਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਐਕਟ ਨੂੰ ਕਾਨੂੰਨ ਬਣਾਉਣ ਲਈ ਕੋਸ਼ਿਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਤੇ ਕੈਲੀਫੋਰਨੀਆ ਵਿੱਚ ਵੱਸਦੇ ਆਪਣੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ-ਮਿੱਤਰਾਂ ਨੂੰ ਇਸ ਪਾਸੇ ਹੰਭਲਾ ਮਾਰਨ ਲਈ ਕਹਿਣ।
International News ਕੈਲੀਫੋਰਨੀਆ ਸੈਨੇਟ ਵਲੋਂ ਧਾਰਮਿਕ ਆਜ਼ਾਦੀ ਬਿੱਲ ਮਨਜ਼ੂਰ