ਵਾਸ਼ਿੰਗਟਨ 12 ਮਈ (ਹੁਸਨ ਲੜੋਆ ਬੰਗਾ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਖੁੱਲ ਰਹੇ ਰਾਜਾਂ ਵਿੱਚ ਵੱਡੀ ਪੱਧਰ ਉੱਪਰ ਟੈੱਸਟ ਹੋਣਗੇ। ਵਾਈਟ ਹਾਊਸ ਵਿੱਚ ਵੀ ਟੈਸਟਿੰਗ ਵਧਾ ਦਿੱਤੀ ਗਈ ਹੈ ਤੇ ਇਹਤਿਆਤ ਵਜੋਂ ਕਈ ਕਦਮ ਚੁੱਕੇ ਗਏ ਹਨ। ਵਾਈਟ ਹਾਊਸ ਰੋਜ਼ ਗਾਰਡਨ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਜਿੱਥੇ ਇੱਕ ਵੱਡਾ ਬੈਨਰ ਲਾਇਆ ਹੋਇਆ ਸੀ ਜਿਸ ਉੱਪਰ ਲਿਖਿਆ ਹੋਇਆ ਸੀ, ‘ਅਮਰੀਕਾ ਟੈਸਟਿੰਗ ਵਿੱਚ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ’ ਰਾਸ਼ਟਰਪਤੀ ਨੇ ਕਿਹਾ ਕਿ ਕੰਮ ‘ਤੇ ਆਉਣ ਵਾਲੇ ਸਾਰੇ ਅਮਰੀਕੀ ਰੋਜ਼ਾਨਾ ਟੈੱਸਟ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਇਹ ਕੰਮ ਬਹੁਤ ਛੇਤੀ ਸ਼ੁਰੂ ਹੋ ਜਾਵੇਗਾ ਹਾਲਾਂ ਕਿ ਕੁੱਝ ਗਵਰਨਰ ਇਸ ਨਾਲ ਸਹਿਮਤ ਨਹੀਂ ਹਨ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਏਨੀ ਵੱਡੀ ਪੱਧਰ ਉੱਪਰ ਟੈੱਸਟ ਨਾ ਕਰਦਾ ਤਾਂ ਮਾਮਲਿਆਂ ਦੀ ਗਿਣਤੀ ਏਨੀ ਜ਼ਿਆਦਾ ਨਹੀਂ ਸੀ ਹੋਣੀ।
1000 ਤੋਂ ਵਧ ਹੋਰ ਮੌਤਾਂ – ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,008 ਹੋਰ ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਪਏ ਹਨ ਤੇ ਮੌਤਾਂ ਦੀ ਗਿਣਤੀ 81,795 ਹੋ ਗਈ ਹੈ। 18,196 ਨਵੇਂ ਮਰੀਜ਼ ਹਸਪਤਾਲਾਂ ਵਿੱਚ ਪੁੱਜੇ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ 13,85,834 ਹੋ ਗਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਿੱਚ ਸੁਧਾਰ ਹੋਇਆ ਹੈ। ਕੁੱਲ 3,44,020 ਮਰੀਜ਼ਾਂ ਵਿਚੋਂ 24% ਦੀ ਮੌਤ ਹੋਈ ਹੈ ਤੇ ਬਾਕੀ 76% ਸਿਹਤਯਾਬ ਹੋਏ ਹਨ। ਸਭ ਤੋਂ ਵਧ ਮੌਤਾਂ ਨਿਊਯਾਰਕ ਵਿੱਚ 27,003 ਹੋਈਆਂ ਹਨ ਜਦੋਂ ਕਿ ਨਿਊਜਰਸੀ ਦੂਸਰੇ ਸਥਾਨ ‘ਤੇ ਹੈ ਜਿੱਥੇ ਹੁਣ ਤੱਕ 9,341 ਮੌਤਾਂ ਹੋ ਚੁੱਕੀਆਂ ਹਨ।
ਕੋਰੋਨਾ ਅਜੇ ਮੁੱਢਲੇ ਪੜਾਅ ‘ਚ – ਚੋਟੀ ਦੇ ਸਿਹਤ ਮਾਹਿਰ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਅਜੇ ਮੁੱਢਲੇ ਪੜਾਅ ‘ਚ ਹੈ ਜਿਸ ਨੇ ਮਨੁੱਖ ਦਾ ਘਰਾਂ ਵਿੱਚ ਰਹਿਣਾ ਮੁਸ਼ਕਿਲ ਕਰ ਦਿੱਤਾ ਹੈ ਤੇ ਜੇਕਰ ਢਿੱਲ ਵਰਤੀ ਗਈ ਤਾਂ ਇਹ ਵਿਸ਼ਵ ਦੀ 60 ਤੋਂ 70% ਫੀਸਦੀ ਆਬਾਦੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਿਨੀਸੋਟਾ ਯੂਨੀਵਰਸਿਟੀ ਵਿਖੇ ਲਗ ਦੀਆਂ ਬਿਮਾਰੀਆਂ ਬਾਰੇ ਖੋਜ ਤੇ ਨੀਤੀ ਕੇਂਦਰ ਦੇ ਮੁਖੀ ਡਾ ਮਾਈਕਲ ਓਸਟਰਹੋਲਮ ਨੇ ਕਿਹਾ ਹੈ ਕਿ ਨਿਊਯਾਰਕ ਵਰਗੇ ਸ਼ਹਿਰਾਂ ਵਿੱਚ ਕੋਰੋਨਾਵਾਇਰਸ ਮੁੱਢਲੀ ਸਟੇਜ ‘ਤੇ ਹੈ, ਜਿੱਥੇ 5 ਵਿਅਕਤੀਆਂ ਪਿੱਛੇ 1 ਵਿਅਕਤੀ ਇਸ ਤੋਂ ਪੀੜਤ ਹੈ। ਬਿਮਾਰੀ ਦੇ ਫੈਲਾਅ ਤੇ ਮੌਤਾਂ ਦੀ ਅਸਲ ਸਥਿਤੀ ਅਜੇ ਆਉਣੀ ਹੈ। ਯੂ ਐੱਸ ਟੂਡੇ ਦੇ ਸੰਪਾਦਕੀ ਬੋਰਡ ਨਾਲ ਇਕ ਮੀਟਿੰਗ ਦੌਰਾਨ ਡਾ. ਓਸਟਰਹੋਲਮ ਨੇ ਕਿਹਾ ਕਿ ਕੋਰੋਨਾਵਾਇਰਸ ਹਰ ਸੰਭਵ ਹੱਦ ਤੱਕ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਵੇਗਾ। ਜਦੋਂ ਤੱਕ ਬਹੁਗਿਣਤੀ ਆਬਾਦੀ ਨੂੰ ਇਹ ਬਿਮਾਰ ਨਹੀਂ ਕਰ ਲੈਂਦਾ ਓਦੋਂ ਤੱਕ ਇਸ ਦੇ ਫੈਲਣ ਦੀ ਰਫ਼ਤਾਰ ਘਟਣ ਵਾਲੀ ਨਹੀਂ ਹੈ। ਮਨੁੱਖਾਂ ਵਿੱਚ ਮਜ਼ਬੂਤ ਰੱਖਿਅਕ ਪ੍ਰਣਾਲੀ ਵਿਕਸਤ ਹੋਣ ਨਾਲ ਇਸ ਦਾ ਫੈਲਾਅ ਰੁਕ ਜਾਵੇਗਾ।
Home Page ਕੋਰੋਨਾਵਾਇਰਸ: ਅਮਰੀਕਾ ਵਿੱਚ 1,000 ਤੋਂ ਵਧ ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 81,795...