ਅਮਰੀਕਾ ਦੇ ਸਿਹਤ ਸਕੱਤਰ ਨੇ ਅਰਥਵਿਵਸਥਾ ਮੁੜ ਖੋਲ੍ਹਣ ਦੀ ਕੀਤੀ ਵਕਾਲਤ
ਵਾਸ਼ਿੰਗਟਨ 18 ਮਈ (ਹੁਸਨ ਲੜੋਆ ਬੰਗਾ) – ਅਮਰੀਕਾ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ ਪੀੜਤ 820 ਹੋਰ ਮਰੀਜ਼ ਦਮ ਤੋੜ ਗਏ ਹਨ ਤੇ ਮੌਤਾਂ ਦੀ ਕੁਲ ਗਿਣਤੀ 90978 ਹੋ ਗਈ ਹੈ। ਹਾਲਾਂ ਕਿ ਨਵੀਆਂ ਮੌਤਾਂ ਦੀ ਗਿਣਤੀ ਵੀ ਕਾਫ਼ੀ ਹੈ ਪਰ ਪਿਛਲੇ ਇਕ ਮਹੀਨੇ ਦੇ ਵੀ ਵਧ ਸਮੇਂ ‘ਚ ਇਹ ਸਭ ਤੋਂ ਘਟ ਮੌਤਾਂ ਹੋਈਆਂ ਹਨ। 19891 ਨਵੇਂ ਮਰੀਜ਼ ਹਸਪਤਾਲਾਂ ‘ਚ ਦਾਖਲ ਕੀਤੇ ਗਏ ਹਨ ਜਿਨ੍ਹਾਂ ਨਾਲ ਪੀੜਤਾਂ ਦੀ ਕੁਲ ਗਿਣਤੀ 15,27,664 ਹੋ ਗਈ ਹੈ। 3,46,389 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।
ਅਰਥਵਿਵਸਥਾ ਖੋਲ੍ਹਣ ਦੀ ਵਕਾਲਤ –
ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਸਕੱਤਰ ਅਲੈਕਸ ਅਜ਼ਰ ਨੇ ਵੱਡੀ ਪੱਧਰ ਉੱਪਰ ਟੈਸਟਿੰਗ ਸਮੇਤ ਅਰਥਵਿਵਸਥਾ ਮੁੜ ਖੋਲ੍ਹਣ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਹਰ ਚੀਜ਼ ਵੈਕਸੀਨ ਉੱਪਰ ਨਿਰਭਰ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਤਕਰੀਬਨ ਅੱਧੀਆਂ ਕਾਉਂਟੀਆਂ ‘ਚ ਇਕ ਵੀ ਮੌਤ ਨਹੀਂ ਹੋਈ ਤੇ ਕੋਰੋਨਾਵਾਇਰਸ ਦੇ ਪੁਸ਼ਟੀ ਹੋਏ ਮਾਮਲਿਆਂ ਵਿਚੋਂ 60% ਕੇਵਲ 2% ਕਾਉਂਟੀਆਂ ਵਿਚ ਹਨ। ਕੁਝ ਰਾਜਾਂ ਜਿੱਥੇ ਅਰਥਵਿਵਸਥਾ ਪੂਰੀ ਤਰਾਂ ਖੋਲ੍ਹ ਦਿੱਤੀ ਗਈ ਹੈ ਵਿਚੋਂ ਬਾਰਾਂ, ਰੈਸਟੋਰੈਂਟਾਂ ਤੇ ਹੋਰ ਜਨਤਿਕ ਥਾਵਾਂ ਉੱਪਰ ਲੋਕਾਂ ਦੀ ਭੀੜ ਦੀਆਂ ਆ ਰਹੀਆਂ ਤਸਵੀਰਾਂ ਬਾਰੇ ਸਕੱਤਰ ਨੇ ਕਿਹਾ ਕਿ ਲੋਕ ਜੋ ਕਰ ਰਹੇ ਹਨ ਇਹ ਗੈਰਜਿੰਮੇਵਾਰਾਨਾ ਹਰਕਤ ਹੈ। ਇਸ ਤੋਂ ਬਚਿਆ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਦੇ ਸਲਾਹਕਾਰ ਵੱਲੋਂ ਸੀ.ਡੀ.ਸੀ ਦੀ ਸਖ਼ਤ ਨਿੰਦਾ –
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਟੀ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਬਿਮਾਰੀਆਂ ‘ਤੇ ਨਿਯੰਤਰਣ ਤੇ ਰੋਕਥਾਮ ਬਾਰੇ ਕੇਂਦਰ (ਸੀ.ਡੀ.ਸੀ) ਦੀ ਸਖ਼ਤ ਅਲੋਚਨਾ ਕੀਤੀ ਹੈ ਤੇ ਕੋਰੋਨਾਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਵਾਈਟ ਹਾਊਸ ਵੱਲੋਂ ਕੀਤੇ ਯਤਨਾਂ ਨੂੰ ਉਚਿੱਤ ਕਰਾਰ ਦਿੱਤਾ ਹੈ। ਗੱਲਬਾਤ ਦੌਰਾਨ ਜਦੋਂ ਪੱਤਰਕਾਰਾਂ ਨੇ ਪੀਟਰ ਨਵਾਰੋ ਨੂੰ ਪੁੱਛਿਆ ਕਿ ਪ੍ਰਸ਼ਾਸਨ ਵੱਲੋਂ ਮੁੜ ਖੋਲ੍ਹਣ ਬਾਰੇ ਜਾਰੀ ਦਿਸ਼ਾ ਨਿਰਦੇਸ਼ਾਂ ‘ਚ ਵੱਡੀ ਪੱਧਰ ‘ਤੇ ਢਿੱਲ ਦੇਣ ਤੋਂ ਬਾਅਦ ਵੀ ਕੀ ਰਾਸ਼ਟਰਪਤੀ ਦਾ ਸੀ. ਡੀ. ਸੀ ‘ਚ ਭਰੋਸਾ ਹੈ ਤਾਂ ਉਨ੍ਹਾਂ ਨੇ ਸੀ.ਡੀ.ਸੀ ਵੱਲੋਂ ਆਰੰਭਕ ਪੱਧਰ ‘ਤੇ ਵਾਇਰਸ ਦੇ ਟੈੱਸਟ ਪ੍ਰਤੀ ਅਪਣਾਏ ਗਵੱਈਏ ਵੱਲ ਉਂਗਲ ਉਠਾਉਂਦਿਆਂ ਕਿਹਾ ਕਿ ਉਸ ਦੀ ਟੈਸਟਿੰਗ ਪਹੁੰਚ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਉਸ ਨੇ ਟੈਸਟਿੰਗ ਕੇਵਲ ਨੌਕਰਸ਼ਾਹੀ ਤੱਕ ਸੀਮਤ ਰੱਖੀ, ਉਹ ਵੀ ਬਹੁਤ ਖ਼ਰਾਬ ਸੀ ਜਿਸ ਨੇ ਸਾਨੂੰ ਪਿੱਛੇ ਵੱਲ ਧੱਕ ਦਿੱਤਾ। ਨਵਾਰੋ ਨੇ ਕਿਹਾ ਕਿ ਜਦੋਂ ਲੌਕਡਾਉਨ ਖ਼ਤਮ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦਾ ਸਮਾਂ ਆਇਆ ਤਾਂ ਓਦੋਂ ਵੀ ਸੀ.ਡੀ.ਸੀ ਦੀ ਪਹੁੰਚ ਠੀਕ ਨਹੀਂ ਰਹੀ। ਉਨ੍ਹਾਂ ਕਿਹਾ ਕਿ ਲੌਕਡਾਉਨ ਦਾ ਮਕਸਦ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਸੀ ਤੇ ਅਮਰੀਕੀ ਲੋਕਾਂ ਲਈ ਅਹਿਮ ਗੱਲ ਇਹ ਹੈ ਕਿ ਅਰਥਵਿਵਸਥਾ ਖੋਲ੍ਹਣਾ ‘ਜ਼ਿੰਦਗੀ ਬਨਾਮ ਨੌਕਰੀਆਂ’ ਦਾ ਸਵਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਲੌਕਡਾਉਨ ਕਾਰਨ ਵਧੀਆਂ ਆਰਥਕ ਮੁਸ਼ਕਲਾਂ ਦੇ ਸਿੱਟੇ ਵਜੋਂ ਕੋਰੋਨਾ ਦੀ ਤੁਲਨਾ ‘ਚ ਜ਼ਿਆਦਾ ਜਾਨਾਂ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਸੀ.ਡੀ.ਸੀ ਨੇ ਅਰਥ ਵਿਵਸਥਾ ਮੁੜ ਖੋਲ੍ਹਣ ਲਈ ਜਲਦਬਾਜ਼ੀ ਨਾ ਕਰਨ ਲਈ ਕਿਹਾ ਸੀ।
.