ਵੈਲਿੰਗਟਨ, 8 ਜੁਲਾਈ – ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 1 ਨਵਾਂ ਕੇਸ ਸਾਹਮਣੇ ਆਇਆ। ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਵਿਅਕਤੀ ਜੋ ਕੋਵਿਡ -19 ਪਾਜ਼ਟਿਵ ਆਇਆ ਸੀ ਉਹ ਮੈਨੇਜਡ ਆਈਸੋਲੇਸ਼ਨ ਤੋਂ ਫ਼ਰਾਰ ਹੋਇਆ ਅਤੇ ਮੰਗਲਵਾਰ ਸ਼ਾਮ ਨੂੰ ਸੈਂਟਰਲ ਆਕਲੈਂਡ ਵਿੱਚ ਪੈਂਦੀ ਇੱਕ ਸੁਪਰ ਮਾਰਕੀਟ ਵਿੱਚ ਗਿਆ।
ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਇਹ 32 ਸਾਲਾ ਭਾਰਤੀ ਵਿਅਕਤੀ ਹੈ ਅਤੇ 3 ਜੁਲਾਈ ਨੂੰ ਨਵੀਂ ਦਿੱਲੀ ਤੋਂ ਫਲਾਈਟ ਰਾਹੀ ਨਿਊਜ਼ੀਲੈਂਡ ਵਾਪਸ ਆਇਆ ਸੀ। ਇਹ ਘਟਨਾ ਕੱਲ੍ਹ ਰਾਤੀ ਵਾਪਰੀ ਜਦੋਂ ਇਹ ਭਾਰਤੀ ਵਿਅਕਤੀ ਸਿਟੀ ਦੀ ਸਟੈਮਫੋਰਡ ਪਲਾਜ਼ਾ ਵਿਚਲੀ ਆਪਣੀ ਮੈਨੇਜਡ ਆਈਸੋਲੇਸ਼ਨ ਦੇ ਸਮੋਕ ਏਰੀਏ ਵਿੱਚ ਗਿਆ ਅਤੇ ਨਵੀਂ ਲੱਗੀ 1.82 ਮੀਟਰ ਉੱਚੀ ਫੈਂਸ ਟੱਪ ਕੇ ਆਕਲੈਂਡ ਸਿਟੀ ਦੇ ਵਿਕਟੋਰੀਆ ਸਟ੍ਰੀਟ ਵੈਸਟ ਉੱਤੇ ਪੈਂਦੇ ਕਾਊਂਟਡਾਉਨ ਵਿੱਚ ਚਲਾ ਗਿਆ।
ਇਸ ਵਿਅਕਤੀ ਤੋਂ ਆਕਲੈਂਡ ਪਬਲਿਕ ਹੈਲਥ ਸਰਵਿਸ ਨੇ ਪੁੱਛਗਿੱਛ ਕੀਤੀ ਹੈ ਅਤੇ ਨਾਲ ਹੀ ਇਸ ਘਟਨਾ ਨਾਲ ਪੈਦਾ ਹੋਏ ਜੋਖ਼ਮ ਨੂੰ ਸਮਝਣ ਲਈ ਆਈਸੋਲੇਸ਼ਨ ਸਹੂਲਤ, ਸੀਬੀਡੀ ਅਤੇ ਕਾਊਂਟਡਾਉਨ ਤੋਂ ਪ੍ਰਾਪਤ ਸੀਸੀਟੀਵੀ ਫੁਟੇਜ ਵੇਖੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਰਾਤੀ 7.00 ਵਜੇ ਤੋਂ 8.00 ਵਜੇ ਦੇ ਦਰਮਿਆਨ ਲਗਭਗ 70 ਮਿੰਟ ਬਾਹਰ ਰਿਹਾ।
ਏਅਰ ਕਮੋਡੋਰ ਡੈਰਿਨ ਵੈੱਬ (ਹੈੱਡ ਆਫ਼ ਮੈਨੇਜਡ ਆਈਸੋਲੇਸ਼ਨ ਐਂਡ ਕੁਆਰੰਟੀਨ, ਏਡ) ਨੇ ਕਿਹਾ ਕਿ ਇਸ ਆਦਮੀ ਉੱਤੇ ਦੋਸ਼ ਲਏ ਜਾਣਗੇ। ਇਸ ਨੂੰ 6 ਮਹੀਨੇ ਜੇਲ੍ਹ ਜਾਂ 4000 ਡਾਲਰ ਜੁਰਮਾਨਾ ਹੋ ਸਕਦਾ ਹੈ। ਇਹ ਆਦਮੀ ਕੋਵਿਡ -19 ਦਾ ਬੁੱਧਵਾਰ ਨੂੰ ਰਿਪੋਰਟ ਕੀਤਾ ਗਿਆ ਇਕਲੌਤਾ ਨਵਾਂ ਐਕਟਿਵ ਕੇਸ ਸੀ। ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਪਿਛਲੇ ਹਫ਼ਤੇ ਇਕ 43 ਸਾਲਾ ਮਹਿਲਾ ਪੁਲਮੈਨ ਹੋਟਲ ਦੀਆਂ ਦੋ ਫੈਂਸ ਟੱਪ ਕੇ ਚੱਲੀ ਗਈ ਸੀ।
ਕੋਵਿਡ -19 ਨਾਲ ਦੇਸ਼ ਵਿੱਚ ਨਵੇਂ ਆਏ 23 ਕੇਸ ਹਨ ਅਤੇ ਜਿਨ੍ਹਾਂ ਵਿਚੋਂ 12 ਐਕਟਿਵ ਕੇਸ ਹਨ ਜੋ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1537 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,187 ਕੰਨਫ਼ਰਮ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਹੁਣ ਤੱਕ 1493 ਰਿਕਵਰ ਹੋਏ ਹਨ ਅਤੇ ਹਸਪਤਾਲ ਵਿੱਚ ਕੋਈ ਮਰੀਜ਼ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 1 ਨਵਾਂ ਕੇਸ, ਜੋ ਆਈਸੋਲੇਸ਼ਨ ‘ਚੋਂ ਭੱਜ ਕੇ ਆਕਲੈਂਡ...