ਆਕਲੈਂਡ, 20 ਜੁਲਾਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ 1 ਨਵਾਂ ਕੇਸ ਸਾਹਮਣੇ ਆਇਆ ਹੈ। ਇਹ ਨਵਾਂ ਕੇਸ ਇੱਕ 40 ਸਾਲਾਂ ਦੇ ਮੈਕਸੀਕੋ ਤੋਂ ਆਏ ਵਿਅਕਤੀ ਦਾ ਹੈ ਜੋ 15 ਜੁਲਾਈ ਨੂੰ ਮੈਕਸੀਕੋ ਤੋਂ ਲਾਸ ਐਂਜਲਸ ਦੇ ਰਸਤੇ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ ਤੇ ਤੀਜੇ ਦਿਨ ਦੇ ਟੈੱਸਟ ਵਿੱਚ ਪਾਜ਼ਟਿਵ ਆਇਆ। ਉਸ ਵਿਅਕਤੀ ਨੂੰ ਆਕਲੈਂਡ ਵਿਖੇ ਕੁਆਰੰਟੀਨ ਸਹੂਲਤਾਂ ਵਿੱਚ ਰੱਖਿਆ ਗਿਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਐਕਟਿਵ ਕੇਸਾਂ ਦੀ ਗਿਣਤੀ 26 ਹੋ ਗਈ ਹੈ। ਸਿਹਤ ਮੰਤਰਾਲੇ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਦੇਸ਼ ਵਿਚਲੇ 1204 ਕੰਨਫ਼ਰਮ ਕੇਸਾਂ ਦੀ ਰਿਪੋਰਟ ਕੀਤੀ ਹੈ। ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੇ ਆਖ਼ਰੀ ਕੇਸ ਦੇ 80 ਦਿਨ ਹੋ ਗਏ ਹਨ। ਕੋਵਿਡ -19 ਦਾ ਕਮਿਊਨਿਟੀ ‘ਚ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇੱਕ ਵਿਅਕਤੀ ਨੂੰ ਕੁਆਰੰਟਾਈਨ ਸਹੂਲਤ ਤੋਂ ਆਕਲੈਂਡ ਦੇ ਮਿਡਲ ਮੋਰ ਹਸਪਤਾਲ ਵਿਖੇ ਟਰਾਂਸਫ਼ਰ ਕੀਤਾ ਹੈ।
ਰਾਸ਼ਟਰੀ ਪੱਧਰ ‘ਤੇ ਕੱਲ੍ਹ 681 ਟੈੱਸਟ ਪੂਰੇ ਕੀਤੇ ਗਏ ਸਨ, ਜਿਨ੍ਹਾਂ ਵਿੱਚ 673 ਟੈੱਸਟ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਵਿੱਚੋਂ ਕੀਤੇ ਗਏ ਸਨ। ਹੁਣ ਦੇਸ਼ ਵਿੱਚ ਕੁੱਲ ਪੂਰੇ ਕੀਤੇ ਗਏ ਟੈੱਸਟਾਂ ਦੀ ਗਿਣਤੀ 443,169 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ 3 ਕੇਸ ਆਏ ਸਨ, ਜਿਨ੍ਹਾਂ ਵਿੱਚ ਪਹਿਲਾ ਕੇਸ 14 ਜੁਲਾਈ ਨੂੰ ਅਫ਼ਗ਼ਾਨਿਸਤਾਨ ਤੋਂ ਆਏ 30 ਸਾਲਾਂ ਦੇ ਵਿਅਕਤੀ ਦਾ ਸੀ, ਜੋ ਅਫ਼ਗ਼ਾਨਿਸਤਾਨ ਤੋਂ ਦੋਹਾਂ ਦੇ ਰਸਤੇ ਨਿਊਜ਼ੀਲੈਂਡ ਪੁੱਜਾ ਸੀ। ਦੂਜਾ ਕੇਸ ਵੀ 30 ਸਾਲਾਂ ਦੇ ਪਾਕਿਸਤਾਨ ਤੋਂ ਆਏ ਵਿਅਕਤੀ ਦਾ ਸੀ, ਜੋ 14 ਜੁਲਾਈ ਨੂੰ ਦੁਬਈ ਦੇ ਰਸਤੇ ਨਿਊਜ਼ੀਲੈਂਡ ਆਇਆ ਸੀ। ਜਦੋਂ ਕਿ ਤੀਜਾ ਕੇਸ ਭਾਰਤ ਤੋਂ ਆਏ 70 ਸਾਲਾਂ ਦੇ ਵਿਅਕਤੀ ਦਾ ਸੀ, ਜੋ 30 ਜੂਨ ਨੂੰ ਨਿਊਜ਼ੀਲੈਂਡ ਪੁੱਜਾ ਸੀ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 1 ਨਵਾਂ ਕੇਸ ਸਾਹਮਣੇ ਆਇਆ