ਵੈਲਿੰਗਟਨ, 29 ਮਈ – ਨਿਊਜ਼ੀਲੈਂਡ ਵਿੱਚ ਇੱਕ ਪੂਰਾ ਹਫ਼ਤਾ ਕੋਵਿਡ -19 ਦੇ ਕੋਈ ਵੀ ਨਵੇਂ ਕੇਸ ਆਉਣ ਤੋਂ ਬਿਨਾਂ ਲੰਘ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਪੁਸ਼ਟੀ ਕੀਤੀ ਕਿ ਦੇਸ਼ ਵਿੱਚ ਕੋਵਿਡ -19 ਦਾ ਅੱਜ 7ਵੇਂ ਦਿਨ ਵੀ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਕੋਵਿਡ -19 ਦੇ 1504 ਕੇਸ ਹੀ ਹਨ। ਕੋਰੋਨਾ ਤੋਂ 7 ਹੋਰ ਲੋਕ ਰਿਕਵਰ ਹੋਏ ਹਨ ਤੇ ਸਿਰਫ਼ 1 ਐਕਟਿਵ ਕੇਸ ਹੀ ਰਹਿ ਗਏ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਮਰੀਜ਼ ਕੋਵਿਡ -19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ ਅਤੇ ਰਿਪੋਰਟ ਕਰਨ ਲਈ ਕੋਈ ਵਾਧੂ ਮੌਤਾਂ ਨਹੀਂ ਹੈ।
ਨਿਊਜ਼ੀਲੈਂਡ ਹਾਲੇ ਅਲਰਟ ਲੈਵਲ 2 ਉੱਤੇ ਹੈ ਤੇ ਘੱਟੋ-ਘੱਟ 22 ਜੂਨ ਤੱਕ ਰਹੇਗਾ। ਪਰ ਅੱਜ ਦੁਪਹਿਰ ਨੂੰ ਸਮਾਜਿਕ ਇਕੱਠਾ ‘ਤੇ ਅਲਰਟ ਲੈਵਲ 2 ਦੀਆਂ ਪਾਬੰਦੀਆਂ ਨੂੰ ਘੱਟ ਕਰ ਦਿੱਤਾ ਗਿਆ, ਜਿਸ ਦਾ ਭਾਵ ਹੈ ਕਿ 100 ਤੱਕ ਦੇ ਸਮੂਹ ਹੁਣ ਚਰਚ ਦੀਆਂ ਸੇਵਾਵਾਂ ਅਤੇ ਅੰਤਿਮ ਸੰਸਕਾਰ ਵਰਗੇ ਸਮਾਗਮਾਂ ‘ਤੇ ਇਕੱਠੇ ਹੋ ਸਕਦੇ ਹਨ। ਕੁੱਝ ਕਮਿਊਨਿਟੀ ਖੇਡ ਵੀ ਇਸ ਹਫ਼ਤੇ ਦੇ ਅੰਤ ਵਿੱਚ ਦੁਬਾਰਾ ਸ਼ੁਰੂ ਹੋਣਗੀਆਂ। ਮੰਤਰਾਲੇ ਨੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਉਹ ਇਸ ਨੂੰ “ਸੁਰੱਖਿਅਤ ਰੂਪ ਨਾਲ ਖੇਡਦੇ ਰਹਿਣ” ਕਿਉਂਕਿ ਧਾਰਮਿਕ ਸੇਵਾਵਾਂ, ਪਾਰਟੀਆਂ, ਵਿਆਹ, ਟਾਂਗੀਹੰਗਾਂ ਅਤੇ ਅੰਤਿਮ ਸੰਸਕਾਰਾਂ ਦੇ ਇਕੱਠਾਂ ‘ਚ ਵਾਧਾ ਹੋਇਆ ਹੈ।
ਬਿਆਨ ਵਿੱਚ ਦੱਸਿਆ ਗਿਆ ਹੈ ਕਿ, ‘ਇੱਕ ਸਮਾਜਿਕ ਇਕੱਠ ਦੇ ਇੰਚਾਰਜ ਵਿਅਕਤੀ ਨੂੰ ਲਾਜ਼ਮੀ ਤੌਰ ‘ਤੇ ਸੰਪਰਕ ਟਰੇਸਿੰਗ ਦੇ ਉਦੇਸ਼ਾਂ ਲਈ ਰਿਕਾਰਡ ਰੱਖਣੇ ਲਾਜ਼ਮੀ ਹਨ, ਸਿਵਾਏ ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਇਕੱਠ ਵਿੱਚ ਹਰ ਵਿਅਕਤੀ ਇੱਕ ਦੂਜੇ ਨੂੰ ਜਾਣਦਾ ਹੈ’।
ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੱਲ੍ਹ 4162 ਟੈੱਸਟ ਪੂਰੇ ਹੋਏ, ਜਿਨ੍ਹਾਂ ਨੂੰ ਮਿਲਾ ਕੇ ਦੇਸ਼ ਭਰ ਵਿੱਚ 275,852 ਟੈੱਸਟ ਕੀਤੇ ਗਏ ਹਨ। ਪਿਛਲੇ ਹਫ਼ਤੇ ਲਾਂਚ ਕੀਤੇ ਗਏ NZ COVID ਟਰੇਸਿੰਗ ਐਪ ਲਈ 446,000 ਰਜਿਸਟਰੇਸ਼ਨ ਹੋਈਆਂ ਹਨ, ਜਦੋਂ ਕਿ ਵੀਰਵਾਰ ਨੂੰ 10,000 ਤੱਕ ਰਜਿਸਟਰੇਸ਼ਨ ਕੀਤੇ ਗਏ।
ਸਿਹਤ ਮੰਤਰਾਲੇ ਨੇ ਕਿਹਾ ਕਿ, ‘ਅਸੀਂ ਐਪ ਨੂੰ ਡਾਊਨਲੋਡ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਿਆ ਹੈ, ਇਹ ਕੋਵਿਡ -19 ਦੇ ਕਿਸੇ ਵੀ ਕੇਸ ਦੀ ਪਛਾਣ ਕਰਨ, ਉਨ੍ਹਾਂ ਦਾ ਪਤਾ ਲਗਾਉਣ, ਜਾਂਚ ਕਰਨ ਅਤੇ ਆਈਸੋਲੇਟ ਕਰਨ ਵਿੱਚ ਸਾਡੀ ਸਹਾਇਤਾ ਕਰੇਗਾ’। ਉਨ੍ਹਾਂ ਕਿਹਾ ਕਿ ਕੁੱਲ 19,530 ਕਾਰੋਬਾਰਾਂ ਨੇ ਸ਼ੁੱਕਰਵਾਰ ਸਵੇਰ ਤੱਕ ਕਿ QR ਕੋਡ ਪੋਸਟਰ ਤਿਆਰ ਕੀਤੇ ਹਨ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੀ ਹੈ। ਜਿਨ੍ਹਾਂ ਵਿੱਚ 1,154 ਕੰਨਫ਼ਰਮ ਕੀਤੇ ਅਤੇ 350 ਪ੍ਰੋਵੈਬਲੀ ਕੇਸ ਹਨ। ਦੇਸ਼ ਭਰ ‘ਚ ਸਿਰਫ਼ 1 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,481 ਲੋਕੀ ਰਿਕਵਰ ਹੋਏ ਹਨ। ਹਸਪਤਾਲ ਵਿੱਚ ਕੋਈ ਵੀ ਵਿਅਕਤੀ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ 22 ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 218 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 5,907,319 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 362,162 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,582,556 ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਲਗਾਤਾਰ 7ਵੇਂ ਦਿਨ ਕੋਈ ਨਵਾਂ ਕੇਸ ਨਹੀਂ, ਸਿਰਫ਼ 1...