ਵੈਲਿੰਗਟਨ, 10 ਜੁਲਾਈ (ਕੂਕ ਪੰਜਾਬੀ ਸਮਾਚਾਰ) – ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੋਰ 2 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਦੋ ਕੇਸਾਂ ਵਿਚੋਂ 1 ਭਾਰਤ ਅਤੇ 1 ਇੰਗਲੈਂਡ ਤੋਂ ਵਾਪਸ ਨਿਊਜ਼ੀਲੈਂਡ ਪਰਤਿਆਂ ਦੇ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਰਾਤ ਇੱਕ ਹੋਰ ਵਿਅਕਤੀ ਆਪਣੀ ਆਈਸੋਲੇਸ਼ਨ ਛੱਡ ਕੇ ਬਾਹਰ ਸ਼ਰਾਬ ਲੈਣ ਚਲਾ ਗਿਆ। ਖ਼ਬਰਾਂ ਮੁਤਾਬਿਕ ਬੀਤੀ ਰਾਤ ਇੱਕ ਵਿਅਕਤੀ ਹੈਮਿਲਟਨ ਦੇ ਡਿਸਟ੍ਰੀਕਸ਼ਨ ਹੋਟਲ ਦੀ ਫੈਨਸ ਦੀਆਂ ਟਾਈਆਂ ਤੋੜ ਕੇ ਹੋਟਲ ਤੋਂ ਬਾਹਰ ਗਿਆ ਅਤੇ ਅੱਧੇ ਘੰਟੇ ਬਾਅਦ ਹੋਟਲ ਵਾਪਸ ਆਉਣ ਤੋਂ ਪਹਿਲਾਂ ਟੀ ਰਾਪਾ ਰੋਡ ‘ਤੇ ਸਥਿਤ ਇੱਕ ਸ਼ਰਾਬ ਦੀ ਦੁਕਾਨ ਤੋਂ ਸ਼ਰਾਬ ਖ਼ਰੀਦੀ ਸੀ। ਗੌਰਤਲਬ ਹੈ ਕਿ ਮੈਨੇਜਡ ਆਈਸੋਲੇਸ਼ਨ ਛੱਡ ਕੇ ਬਾਹਰ ਜਾਣ ਦਾ ਇਹ ਤੀਸਰਾ ਮਾਮਲਾ ਹੈ, ਭਾਵੇਂ ਸਰਕਾਰ ਤੇ ਪੁਲਿਸ ਸਖ਼ਤੀ ਵਰਤਣ ਦੀਆਂ ਗੱਲਾਂ ਕਰਦੀ ਹੈ ਪਰ ਇਨ੍ਹਾਂ ਤਿੰਨਾਂ ਕੇਸਾਂ ਦੇ ਬਾਹਰ ਭੱਜਣ ਨਾਲ ਸੁਰੱਖਿਆ ਦੀਆਂ ਨਾਕਾਮੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਉਸ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ ਉਸ ਦਾ ਟੈੱਸਟ ਨੈਗੇਟਿਵ ਆਇਆ ਹੈ।
ਅੱਜ ਦਾ ਪਹਿਲਾ ਨਵਾਂ ਕੇਸ 20 ਸਾਲਾ ਭਾਰਤੀ ਵਿਅਕਤੀ ਦਾ ਹੈ ਜੋ 28 ਜੂਨ ਨੂੰ ਭਾਰਤ ਤੋਂ ਆਈ ਫਲਾਈਟ ਰਾਹੀ ਨਿਊਜ਼ੀਲੈਂਡ ਆਇਆ ਸੀ ਅਤੇ ਇਹ ਆਕਲੈਂਡ ਏਅਰ ਪੋਰਟ ਲਾਗੇ ਪੈਂਦੇ ਸੂਦੀਮਾ ਹੋਟਲ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਹੈ। ਇਹ ਤੀਜੇ ਦਿਨ ਦੇ ਟੈੱਸਟ ਵਿੱਚ ਨੈਗੇਟਿਵ ਆਇਆ ਸੀ ਪਰ ਹੁਣ ਲਗਭਗ 12ਵੇਂ ਦਿਨਾਂ ਦੇ ਟੈੱਸਟ ਵਿੱਚ ਪਾਜ਼ਟਿਵ ਆਇਆ ਹੈ।
ਜਦੋਂ ਕਿ ਅੱਜ ਦਾ ਦੂਜਾ ਕੇਸ 27 ਜੂਨ ਨੂੰ ਇੰਗਲੈਂਡ ਤੋਂ ਵਾਪਸ ਨਿਊਜ਼ੀਲੈਂਡ ਪਰਤੇ 20 ਸਾਲਾਂ ਦੇ ਇੱਕ ਵਿਅਕਤੀ ਦਾ ਹੈ ਜੋ ਸੂਦੀਮਾ ਲੇਕ ਰੋਟੋਰੂਆ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਰਹਿ ਰਿਹਾ ਹੈ। ਉਹ 9 ਜੁਲਾਈ ਨੂੰ ਆਪਣੇ 12ਵੇਂ ਦੇ ਠਹਿਰਾਓ ਸਮੇਂ ਪਾਜ਼ਟਿਵ ਆਇਆ ਹੈ।
ਪਿਛਲੇ 24 ਘੰਟਿਆਂ ਵਿੱਚ 3 ਵਿਅਕਤੀਆਂ ਦੇ ਰਿਕਵਰ ਹੋਣ ਤੋਂ ਬਾਅਦ ਹੁਣ ਕੋਰੋਨਾਵਾਇਰਸ ਦੇ 23 ਐਕਟਿਵ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਦੇਸ਼ ਵਿੱਚ ਹੁਣ ਕੋਵਿਡ -19 ਦੇ 1192 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਭੱਜਣ ਵਾਲਿਆਂ ਦਾ ਪਤਾ ਲਗਾਉਣ ਲਈ ਬੈਂਕ ਲੈਣ-ਦੇਣ, ਸੀਸੀਟੀਵੀ ਫੁਟੇਜ ਅਤੇ ਲੋਕਾਂ ਨਾਲ ਇੰਟਰਵਿਊ ਦੀ ਵਰਤੋਂ ਕਰ ਰਹੀ ਹੈ।
ਇਸ ਤੋਂ ਪਹਿਲਾਂ ਅੱਜ ਏਅਰ ਕਮੋਡੋਰ ਡੈਰਿਨ ਵੈੱਬ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਨੇ ਬੀਤੀ ਰਾਤ ਹੈਮਿਲਟਨ ਦੇ ਡਿਸਟ੍ਰੀਕਸ਼ਨ ਹੋਟਲ ਤੋਂ ਭੱਜਣ ਲਈ ਫੈਨਸ ਦੀਆਂ ਟਾਈਆਂ ਤੋੜ ਲਈਆਂ ਸਨ ਅਤੇ ਅੱਧਾ ਘੰਟਾ ਬਾਅਦ ਹੋਟਲ ਵਾਪਸ ਆਉਣ ਤੋਂ ਪਹਿਲਾਂ ਟੀ ਰਾਪਾ ਰੋਡ ‘ਤੇ ਸਥਿਤ ਇੱਕ ਸ਼ਰਾਬ ਦੀ ਦੁਕਾਨ ਤੋਂ ਸ਼ਰਾਬ ਖ਼ਰੀਦੀ ਸੀ। ਇੱਕ ਆਦਮੀ ਜਿਸ ਨੇ ਉਸ ਨੂੰ ਸ਼ਰਾਬ ਸਰਵ ਕੀਤੀ ਉਸ ਨੇ ਕਿਹਾ ਕਿ ਉਸ ਨੇ ਸਟੋਰ ਵਿੱਚ ਸਿਰਫ਼ ਦੋ ਮਿੰਟ ਬਿਤਾਏ ਅਤੇ ਇੱਕ ਚਾਰ ਵਾਲਾ ਲੇਫੇ ਬਲੌਂਡੀ ਦਾ ਪੈਕ ਅਤੇ ਇੱਕ ਪਿੰਨੋਟ ਨੋਰ ਵਾਈਨ ਖ਼ਰੀਦੀ। ਉਸ ਨੇ ਕਿਹਾ ਕਿ ਆਦਮੀ ਨੇ ਨਗਦ ਭੁਗਤਾਨ ਕੀਤਾ ਸੀ, ਜਿਸ ਕਰਕੇ ਰਜਿਸਟਰ ਵਿਚਲੇ ਹਰ ਇੱਕ ਨੋਟ ਅਤੇ ਸਿੱਕੇ ਨੂੰ ਅੱਜ ਸਵੇਰੇ ਸਾਫ਼ ਕਰਨਾ ਪਿਆ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਹੋਰ 2 ਨਵੇਂ ਕੇਸ ਸਾਹਮਣੇ ਆਏ, ਤੀਜਾ ਬੰਦਾ ਆਈਸੋਲੇਸ਼ਨ...