ਵੈਲਿੰਗਟਨ, 13 ਜੁਲਾਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ 9 ਦਿਨਾਂ ਵਿੱਚ ਪਹਿਲੀ ਵਾਰ ਅੱਜ ਕੋਈ ਕੋਵਿਡ -19 ਦਾ ਨਵਾਂ ਕੇਸ ਨਹੀਂ ਆਇਆ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਦੇਸ਼ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੇ ਆਖ਼ਰੀ ਕੇਸ ਦੇ ਬਾਅਦ 73 ਦਿਨ ਹੋ ਗਏ ਹਨ।
ਬਲੂਮਫੀਲਡ, ਜੋ ਪਿਛਲੇ ਹਫ਼ਤੇ ਛੁੱਟੀ ਤੋਂ ਬਾਅਦ ਕੰਮ ‘ਤੇ ਵਾਪਸ ਆਏ ਹਨ ਨੇ ਕਿਹਾ ਕਿ 12 ਜੁਲਾਈ ਦਿਨ ਐਤਵਾਰ ਨੂੰ 1043 ਕੋਵਿਡ ਟੈੱਸਟ ਕੀਤੇ ਗਏ ਸਨ ਅਤੇ ਹੁਣ ਤੱਕ ਨਿਊਜ਼ੀਲੈਂਡ ਵਿੱਚ ਕੁੱਲ 429,643 ਟੈੱਸਟ ਪੂਰੇ ਕੀਤੇ ਜਾ ਚੁੱਕੇ ਹਨ। ਬਲੂਮਫੀਲਡ ਨੇ ਕਿਹਾ ਕਿ ਉਨ੍ਹਾਂ ਨੇ ਅਗਲੇ ਪੰਦ੍ਹਰਵਾੜੇ ਵਿੱਚ ਆਸਟਰੇਲੀਆ ਵਿੱਚ ਆਪਣੇ ਹਮਰੁਤਬਾ ਨਾਲ ਮਹਾਂਮਾਰੀ ਦੇ ਪ੍ਰਤੀਕਰਮ ਦੇ ਬਾਰੇ ਵਿੱਚ ਵੇਰਵੇ ਸਾਂਝੇ ਕਰਨ ਦੇ ਲਈ ਇੱਕ ਮੀਟਿੰਗ ਦੀ ਯੋਜਨਾ ਬਣਾਈ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਛੁੱਟੀਆਂ ਵਾਲੇ ਦਿਨਾਂ ਵਿੱਚ ਅਜਿਹਾ ਮਹਿਸੂਸ ਹੋਇਆ ਸੀ ਕਿ “ਨਿਊਜ਼ੀਲੈਂਡ ਵਿੱਚ ਜ਼ਿੰਦਗੀ ਆਮ ਵਾਂਗ ਹੋ ਗਈ ਹੈ”। ਪਰ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਵਿੱਚ ਇੱਕੋ ਦਿਨ ਦੇ 24 ਘੰਟਿਆਂ ‘ਚ 230,000 ਤੋਂ ਵੱਧ ਆਏ ਨਵੇਂ ਕੋਵਿਡ ਕੇਸਾਂ ਦਾ ਖ਼ੁਲਾਸਾ ਕੀਤਾ ਹੈ। ਜਿਸ ਨੂੰ ਵੇਖਦੇ ਹੋਏ ਇਸ ਮਹਾਂਮਾਰੀ ਤੋਂ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਐਤਵਾਰ ਨੂੰ ਕੋਵਿਡ -19 ਦਾ 1 ਨਵਾਂ ਕੇਸ ਸਾਹਮਣੇ ਆਇਆ ਸੀ, ਜੋ ਇਟਲੀ ਦੇ ਸ਼ਹਿਰ ਰੋਮ ਤੋਂ ਵਾਪਸ ਪਰਤਿਆ ਸੀ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1544 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,194 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹਨ। ਕੋਰੋਨਾਵਾਇਰਸ ਤੋਂ ਹੁਣ ਤੱਕ 1497 ਰਿਕਵਰ ਹੋਏ ਹਨ। ਦੇਸ਼ ਵਿੱਚ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ 25 ਹੀ ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਕੋਵਿਡ -19 ਦੀ ਹਸਪਤਾਲ ਪੱਧਰੀ ਦੇਖਭਾਲ ਪ੍ਰਾਪਤ ਨਹੀਂ ਕਰ ਰਿਹਾ ਹੈ। ਮੌਤਾਂ ਦੀ ਗਿਣਤੀ 22 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਕੋਈ ਨਵਾਂ ਕੇਸ ਨਹੀਂ ਆਇਆ