ਵੈਲਿੰਗਟਨ, 25 ਜੂਨ – ਡਾਇਰੈਕਟਰ ਜਨਰਲ ਆਫ਼ ਹੈਲਥ ਦੇ ਡਾ. ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ‘ਚ ਅੱਜ ਕੋਵਿਡ -19 ਦੇ 3 ਹੋਰ ਕੇਸ ਸਾਹਮਣੇ ਆਏ ਹਨ ਅਤੇ 1 ਕੇਸ ਰਿਕਵਰ ਹੋਇਆ ਹੈ। ਉਨ੍ਹਾਂ ਕਿਹਾ ਕਿ ਨਵੇਂ 3 ਕੇਸਾਂ ਵਿੱਚੋਂ 2 ਕ੍ਰਾਈਸਟਚਰਚ ਅਤੇ 1 ਰੋਟੋਰੂਆ ਤੋਂ ਹੈ। ਪਹਿਲਾ ਕੇਸ ਇੱਕ 30 ਸਾਲਾਂ ਮਹਿਲਾ ਹੈ ਜੋ 20 ਜੂਨ ਨੂੰ ਪੇਰੂ ਤੋਂ ਆਈ ਸੀ। ਉਹ ਰੋਟੋਰੂਆ ਵਿਖੇ ਆਈਸੋਲੇਸ਼ਨ ‘ਚ ਰਹੀ ਸੀ ਅਤੇ ਉਸ ਦਾ ਤੀਜੇ ਦਿਨ ਰੁਟੀਨ ਟੈੱਸਟ ਪਾਜਟਿਵ ਆਇਆ। ਉਸ ਨੂੰ ਜੈੱਟ ਪਾਰਕ ਹੋਟਲ ਦੀ ਕੁਆਰੰਟੀਨ ਸਹੂਲਤ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਆਕਲੈਂਡ ਏਅਰਪੋਰਟ ਤੋਂ ਰੋਟੋਰੂਆ ਦੇ ਈਬਿਸ (Ibis) ਹੋਟਲ ਜਾਣ ਵਾਲੀ ਬੱਸ ਦੇ ਹਰੇਕ ਵਿਅਕਤੀ, ਜਿਸ ਵਿੱਚ ਬੱਸ ਡਰਾਈਵਰ ਵੀ ਸ਼ਾਮਲ ਹੈ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਜਾਏਗਾ ਅਤੇ ਜਾਂਚ ਕੀਤੀ ਜਾਏਗੀ।
ਦੂਜਾ ਕੇਸ 70 ਸਾਲਾਂ ਦਾ ਇੱਕ ਵਿਅਕਤੀ ਹੈ ਜੋ 20 ਜੂਨ ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਆਇਆ ਸੀ। ਕ੍ਰਾਈਸਟਚਰਚ ਦੇ ਕਮੋਡੋਰ ਏਅਰਪੋਰਟ ਹੋਟਲ ਵਿੱਚ ਠਹਿਰਾਇਆ ਗਿਆ ਹੈ ਤੇ ਉਸ ਦਾ ਟੈੱਸਟ ਪਾਜਟਿਵ ਆਇਆ ਹੈ। ਉਸ ਦਾ ਟੈੱਸਟ ਤੀਜੇ ਦਿਨ ਕੀਤਾ ਗਿਆ ਸੀ। ਤੀਸਰਾ ਕੇਸ ਵੀ ਭਾਰਤ ਤੋਂ ਆਏ 30 ਸਾਲਾ ਦੇ ਇੱਕ ਵਿਅਕਤੀ ਦਾ ਹੈ ਜੋ 20 ਜੂਨ ਨੂੰ ਨਵੀਂ ਦਿੱਲੀ ਤੋਂ ਆਇਆ ਸੀ। ਉਹ ਕ੍ਰਾਈਸਟਚਰਚ ਦੇ ਕਮੋਡੋਰ ਏਅਰਪੋਰਟ ਹੋਟਲ ਵਿੱਚ ਹੀ ਠਹਿਰਾ ਰਿਹਾ ਸੀ ਅਤੇ ਉਸ ਨੂੰ ਤਿੰਨ ਦਿਨ ਆਈਸੋਲੇਸ਼ਨ ਕੱਟਣ ‘ਤੇ ਪਰਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਦੋਵੇਂ ਆਦਮੀ ਉਸੇ ਉਡਾਣ ‘ਤੇ ਸਨ, ਜਿਸ ਵਿੱਚ ਇੱਕ 20 ਸਾਲਾਂ ਦੇ ਪਤੀ, ਪਤਨੀ ਅਤੇ ਉਨ੍ਹਾਂ ਦਾ 2 ਸਾਲ ਤੋਂ ਘੱਟ ਉਮਰ ਦਾ ਬੱਚਾ ਪਾਜਟਿਵ ਆਏ ਸਨ। ਕ੍ਰਾਈਸਟਚਰਚ ਦੇ ਦੋ ਮਾਮਲਿਆਂ ਦੇ ਕਿਸੇ ਵੀ ਸੰਭਾਵਿਤ ਸੰਪਰਕ ਦੀ ਪਛਾਣ ਕੀਤੀ ਜਾ ਰਹੀ ਹੈ।
ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇ 1519 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸ ਹੋ ਗਏ ਹਨ। ਕੰਨਫ਼ਰਮ ਕੇਸ 1169 ਅਤੇ ਪ੍ਰੋਵੈਬਲੀ 350 ਹਨ। ਇਸ ਵਿੱਚ ਐਕਟਿਵ 13 ਕੇਸ ਅਤੇ ਸਾਰੇ ਆਈਸੋਲੇਸ਼ਨ ਵਿੱਚ ਹਨ, ਜਦੋਂ ਕਿ ਕੋਵਿਡ -19 ਤੋਂ 1,484 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 3 ਹੋਰ ਨਵੇਂ ਕੇਸ, 1 ਰਿਕਵਰ ਹੋਇਆ