ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 3 ਨਵੇਂ ਕੇਸ ਆਏ ਅਤੇ ਆਕਲੈਂਡ ਅੱਜ ਤੋਂ ਅਲਰਟ ਲੈਵਲ 2 ‘ਚ

ਵੈਲਿੰਗਟਨ, 24 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 3 ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ ਸਾਰਿਆਂ ਦਾ ਸੰਬੰਧ ਮੈਨੇਜਡ ਆਈਸੋਲੇਸ਼ਨ ਨਾਲ ਹੈ ਅਤੇ ਕਮਿਊਨਿਟੀ ਨਾਲ ਜੁੜਿਆ ਅੱਜ ਕੋਈ ਕੇਸ ਨਹੀਂ ਆਇਆ ਹੈ।
ਜਿੱਥੇ ਹੁਣ ਆਕਲੈਂਡ ਅੱਜ ਅਲਰਟ ਲੈਵਲ 2 ‘ਚ ਆ ਗਿਆ ਹੈ ਤੇ ਆਕਲੈਂਡ ਵਾਸੀਆਂ ਨੂੰ 100 ਤੱਕ ਲੋਕਾਂ ਦੇ ਇਕੱਠ ਕਰਨ ਦੀ ਇਜਾਜ਼ਤ ਹੈ ਅਤੇ ਵਿਆਹ, ਜਨਮ ਦਿਨ, ਸੰਸਕਾਰ ਅਤੇ ਟਾਂਗੀਹੰਗਿਆ ‘ਚ ਵੱਧ ਤੋਂ ਵੱਧ 100 ਲੋਕਾਂ ਤੱਕ ਦਾ ਇਕੱਠ ਕੀਤਾ ਜਾ ਸਕੇਗਾ। ਜਦੋਂ ਕਿ ਦੇਸ਼ ਦਾ ਬਾਕੀ ਸਾਰਾ ਹਿੱਸਾ ਅਲਰਟ ਲੈਵਲ 1 ਉੱਤੇ ਚੱਲ ਰਿਹਾ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 65 ਹੋ ਗਈ ਹੈ। ਇਨ੍ਹਾਂ 62 ਕੇਸਾਂ ਵਿੱਚ 34 ਕੇਸ ਕਮਿਊਨਿਟੀ ਅਤੇ 31 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੱਲ੍ਹ ਲੈਬ ਵੱਲੋਂ 6,938 ਟੈੱਸਟ ਕੀਤੇ ਗਏ। ਕੋਵਿਡ -19 ਨਾਲ 3 ਲੋਕ ਹਸਪਤਾਲ ਵਿੱਚ ਹਨ, ਜੋ ਆਕਲੈਂਡ ਸਿਟੀ, ਮਿਡਲਮੋਰ ਅਤੇ ਨੌਰਥ ਸ਼ੋਰ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ ਅਤੇ ਤਿੰਨੋਂ ਮਰੀਜ਼ ਜਨਰਲ ਵਾਰਡ ਵਿੱਚ ਆਈਸੋਲੇਸ਼ਨ ‘ਚ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1827 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,468 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1737 ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 65 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 3 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ। ਦੇਸ਼ ‘ਚ ਕੋਵਿਡ ਨਾਲ ਇੱਕ ਹੋਰ ਮੌਤ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।