ਵੈਲਿੰਗਟਨ, 2 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਕੋਵਿਡ-19 ਦਾ ਅੱਜ 3 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 1 ਬੱਚਾ ਅਤੇ 2 ਮਹਿਲਾਵਾਂ ਹਨ। ਸਿਹਤ ਮੰਤਰਾਲੇ ਨੇ ਦੁਪਹਿਰੇ ਇਕ ਬਿਆਨ ਵਿੱਚ ਕਿਹਾ ਕਿ ਪਹਿਲਾ ਕੇਸ ਜਿਸ ਦੀ ਅਸੀਂ ਅੱਜ ਰਿਪੋਰਟ ਕਰ ਰਹੇ ਹਾਂ, ਉਹ ਪਹਿਲਾਂ ਦੱਸੇ ਗਏ ਕੇਸ ਦਾ ਬੱਚਾ ਹੈ ਤੇ ਉਹ 14 ਜੁਲਾਈ ਨੂੰ ਦੁਬਈ ਦੇ ਰਸਤੇ ਪਾਕਿਸਤਾਨ ਤੋਂ ਨਿਊਜ਼ੀਲੈਂਡ ਪਹੁੰਚੇ ਸਨ।
ਦੂਜਾ ਕੇਸ 30 ਸਾਲਾਂ ਦੀ ਇੱਕ ਮਹਿਲਾ ਹੈ ਜੋ ਲਾਸ ਐਂਜਲਸ ਤੋਂ 28 ਜੁਲਾਈ ਨੂੰ ਨਿਊਜ਼ੀਲੈਂਡ ਪਹੁੰਚੀ ਸੀ, ਉਹ ਆਕਲੈਂਡ ਦੇ ਰਾਈਡਜ਼ ਵਿਖੇ ਰਹਿ ਰਹੀ ਹੈ ਅਤੇ ਕੋਵਿਡ -19 ਲਈ ਉਸ ਦਾ ਪਾਜ਼ੇਟਿਵ ਟੈੱਸਟ ਆਇਆ ਹੈ ਜੋ ਕਿ ਉਸ ਦਾ ਮੈਨੇਜਡ ਆਈਸੋਲੇਸ਼ਨ ਵਿੱਚ ਰਹਿਣਾ ਦੇ ਤਿੰਨ ਦਿਨ ਦੇ ਰੁਟੀਨ ਟੈੱਸਟ ਵਜੋਂ ਕੀਤਾ ਗਿਆ ਸੀ। ਤੀਜਾ ਕੇਸ 40 ਸਾਲਾਂ ਦੀ ਇੱਕ ਮਹਿਲਾ ਦਾ ਹੈ ਜੋ 1 ਅਗਸਤ ਨੂੰ ਹਾਂਗਕਾਂਗ ਦੇ ਰਸਤੇ ਮਨੀਲਾ ਤੋਂ ਨਿਊਜ਼ੀਲੈਂਡ ਪਹੁੰਚੀ ਸੀ। ਤਿੰਨੋਂ ਆਕਲੈਂਡ ਵਿਖੇ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਇਸ ਨਾਲ ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 25 ਹੋ ਗਈ ਹੈ। ਕੱਲ੍ਹ 2,401 ਟੈੱਸਟ ਕੀਤੇ ਗਏ, ਜਿਨ੍ਹਾਂ ‘ਚ 2,023 ਟੈੱਸਟ ਕਮਿਊਨਿਟੀ ਵਿੱਚੋਂ ਕੀਤੇ ਗਏ ਅਤੇ 378 ਟੈੱਸਟ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਵਿੱਚੋਂ ਵੀ ਕੀਤੇ ਗਏ। ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਕੁੱਲ ਟੈੱਸਟਾਂ ਦੀ ਗਿਣਤੀ 470,469 ਹੋ ਗਈ ਹੈ। ਵਰਲਡ ਹੈਲਥ ਆਰਗਨਾਈਜ਼ੇਸ਼ਨ (WHO) ਨੂੰ ਰਿਪੋਰਟ ਕੀਤੇ ਗਏ ਕੁੱਲ ਕੰਨਫ਼ਰਮ ਕੇਸਾਂ ਦੀ ਗਿਣਤੀ 1215 ਦੱਸੀ ਗਈ ਹੈ। ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਦੇ ਆਖ਼ਰੀ ਕੇਸ ਦੇ ਸਬੂਤ ਨੂੰ 93 ਦਿਨ ਹੋ ਗਏ ਹਨ। ਕੋਵਿਡ -19 ਦਾ ਕਮਿਊਨਿਟੀ ‘ਚ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1565 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,215 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੁਣ ਵਾਲਿਆਂ ਦੀ ਗਿਣਤੀ ਵੱਧ ਕੇ 1518 ਹੋ ਗਈ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 25 ਹੋ ਗਈ ਹੈ ਅਤੇ ਸਾਰੇ ਹੀ ਮੈਨੇਜਡ ਆਈਸੋਲੇਸ਼ਨ ਤੇ ਕੁਆਰੰਟੀਨ ਸਹੂਲਤਾਂ ਵਿੱਚ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ। ਮੌਤਾਂ ਦੀ ਗਿਣਤੀ 22 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 3 ਹੋਰ ਨਵੇਂ ਕੇਸ ਆਏ, 1 ਬੱਚਾ ਤੇ...