ਵੈਲਿੰਗਟਨ, 4 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਅੱਜ 5 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 2 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਹੈ ਅਤੇ 3 ਕੇਸ ਆਕਲੈਂਡ ਅਗਸਤ ਕਮਿਊਨਿਟੀ ਕਲੱਸਟਰ ਨਾਲ ਸੰਬੰਧਿਤ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਐਲਾਨ ਕੀਤੀ ਹੈ ਕਿ ਨਿਊਜ਼ੀਲੈਂਡ 10 ਦਿਨਾਂ ਲਈ ਮੌਜੂਦਾ ਅਲਰਟ ਲੈਵਲ ਉੱਤੇ ਹੀ ਰਹੇਗਾ, ਯਾਨੀ ਕਿ ਡੇਢ ਹਫ਼ਤੇ ਲਈ ਆਕਲੈਂਡ ਨੂੰ ਅਲਰਟ ਪੱਧਰ 2.5 ਅਤੇ ਦੇਸ਼ ਦੇ ਬਾਕੀ ਹਿੱਸਿਆਂ ਨੂੰ ਅਲਰਟ ਪੱਧਰ 2 ‘ਤੇ ਹੀ ਰਹਿਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਕੈਬਨਿਟ ਨੇ ਮੌਜੂਦਾ ਅਲਰਟ ਲੈਵਲ ਨੂੰ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ 14 ਸਤੰਬਰ ਦਿਨ ਸੋਮਵਾਰ ਨੂੰ ਦੁਬਾਰਾ ਉਨ੍ਹਾਂ ਦੀ ਸਮੀਖਿਆ ਕਰੇਗੀ, ਜਦੋਂ ਉਹ ਫ਼ੈਸਲਾ ਕਰਨਗੇ ਕਿ 16 ਸਤੰਬਰ ਦਿਨ ਬੁੱਧਵਾਰ ਦੀ ਅੱਧੀ ਰਾਤੀ 11.59 ਵਜੇ ਉਨ੍ਹਾਂ ਨੂੰ ਸੈਟਿੰਗ ਨੂੰ ਤਬਦੀਲ ਕਰਨਾ ਹੈ ਜਾਂ ਨਹੀਂ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਇੱਕ ਸਾਵਧਾਨੀ ਵਾਲੀ ਪਹੁੰਚ ਜ਼ਰੂਰੀ ਹੈ, ਸਰਬੋਤਮ ਆਰਥਿਕ ਪ੍ਰਤੀਕ੍ਰਿਆ ਇੱਕ ਮਜ਼ਬੂਤ ਸਿਹਤ ਪ੍ਰਤੀਕ੍ਰਿਆ ਹੈ। ਗੌਰਤਲਬ ਹੈ ਕਿ ਇਹ ਫ਼ੈਸਲਾ ਸ਼ੁੱਕਰਵਾਰ ਨੂੰ ਆਕਲੈਂਡ ਕਲੱਸਟਰ ਨਾਲ ਜੁੜੇ 3 ਨਵੇਂ ਮਾਮਲਿਆਂ ਦੇ ਖ਼ੁਲਾਸੇ ਤੋਂ ਬਾਅਦ ਆਇਆ, ਜਦੋਂ ਕਿ ਵੀਰਵਾਰ ਨੂੰ ਸਿਰਫ਼ 1 ਮਾਮਲਾ ਆਇਆ ਸੀ। ਪਰ ਸਰਕਾਰ ਇਹ ਸਥਾਪਤ ਨਹੀਂ ਕਰ ਸਕੀ ਹੈ ਕਿ ਸਹੀ ‘ਚ ਆਕਲੈਂਡ ਕਲੱਸਟਰ ਪੈਦਾ ਕਿੱਥੋਂ ਹੋਇਆ ਹੈ, ਜੋ ਹੁਣ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਪੈਦਾ ਹੋਇਆ ਕਲੱਸਟਰ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਅੱਜ 5 ਨਵੇਂ ਕੇਸ ਆਏ ਹਨ। ਜਿਨ੍ਹਾਂ ਵਿੱਚੋਂ ਆਕਲੈਂਡ ਅਗਸਤ ਕਮਿਊਨਿਟੀ ਕਲੱਸਟਰ ਦੇ 3 ਨਵੇਂ ਕੇਸ ਹਨ, ਜਦੋਂ ਕਿ ਵਿਦੇਸ਼ ਤੋਂ ਵਾਪਸ ਨਿਊਜ਼ੀਲੈਂਡ ਪਰਤਿਆਂ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 112 ਹੋ ਗਈ ਹੈ। ਜਿਨ੍ਹਾਂ ਵਿੱਚ 75 ਕੇਸ ਕਮਿਊਨਿਟੀ ਦੇ ਹਨ, ਜਦੋਂ ਕਿ 37 ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਅੱਜ ਕੋਵਿਡ -19 ਤੋਂ 8 ਵਿਅਕਤੀ ਰਿਕਵਰ ਹੋਏ ਹਨ। ਕੱਲ੍ਹ ਲੈਬ ਵੱਲੋਂ 9,909 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 797,990 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1764 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,413 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1630 ਹੈ, ਦੇਸ਼ ਵਿੱਚ ਕੋਵਿਡ -19 ਤੋਂ 8 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 112 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 6 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 22 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 5 ਨਵੇਂ ਕੇਸ, 10 ਹੋਰ ਦਿਨਾਂ ਲਈ ਆਕਲੈਂਡ ਅਲਰਟ...