ਵੈਲਿੰਗਟਨ, 16 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ 1 ਨਵਾਂ ਕੇਸ ਸਾਹਮਣੇ ਆਇਆ ਹੈ ਅਤੇ ਕੋਵਿਡ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਨਾਲ ਦੇਸ਼ ਵਿੱਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 25 ਹੋ ਗਈ ਹੈ।
ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦਾ ਇਹ 1 ਨਵਾਂ ਕੇਸ ਵਿਦੇਸ਼ ਤੋਂ ਨਿਊਜ਼ੀਲੈਂਡ ਵਾਪਸ ਪਰਤੇ ਦਾ ਹੈ। ਇਹ ਇੱਕ 30 ਸਾਲਾ ਮਹਿਲਾ ਦਾ ਕੇਸ ਹੈ, ਜੋ 9 ਸਤੰਬਰ ਨੂੰ ਦੁਬਈ ਤੋਂ ਆਈ ਸੀ ਅਤੇ ਮੈਨੇਜਡ ਆਈਸੋਲੇਸ਼ਨ ਵਿੱਚ ਹੈ ਅਤੇ ਇਸ ਦਾ ਸੰਬੰਧ ਕੱਲ੍ਹ ਐਲਾਨੇ ਗਏ ਤਿੰਨ ਕੇਸਾਂ ਨਾਲ ਹੈ।
ਬਲੂਮਫੀਲਡ ਨੇ ਕਿਹਾ ਕਿ ਕੋਵਿਡ -19 ਨਾਲ 54 ਸਾਲਾ ਨਾਈਜ਼ਲ ਹਈਰਾਮਾ ਟੀ ਹੀਕੋ ਦੀ ਮੰਗਲਵਾਰ ਦੁਪਹਿਰ ਨੂੰ ਵਾਇਕਾਟੋ ਹਸਪਤਾਲ ਦੇ ਆਈਸੀਯੂ ਯੂਨਿਟ ਵਿੱਚ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਉਸ ਦੀ ਮੌਤ ਉਸ ਦੇ ਵੱਡੇ ਭਰਾ ਦੀ ਮਿਡਲਮੋਰ ਹਸਪਤਾਲ ਵਿੱਚ ਮੌਤ ਹੋਣ ਤੋਂ ਤਕਰੀਬਨ ਦੋ ਹਫ਼ਤਿਆਂ ਬਾਅਦ ਹੋਈ ਹੈ। ਹੀਕੋ, ਇੱਕ ਸਤਿਕਾਰਤ ਰਾਉਕਾਵਾ ਆਗੂ ਅਤੇ ਇਤਿਹਾਸਕਾਰ ਸੀ ਤੇ ਟੋਕਰੋਆ ਵਿੱਚ ਰਹਿੰਦਾ ਸੀ ਅਤੇ ਆਪਣੇ ਭਰਾ ਦੇ ਸੰਪਰਕ ਵਿੱਚ ਆਉਣ ਨਾਲ ਵਾਇਰਸ ਤੋਂ ਸੰਕਰਮਿਤ ਹੋਇਆ ਸੀ ਜੋ ਅਮੇਰਿਕੋਲਡ ਵਿਖੇ ਕੰਮ ਕਰਦਾ ਸੀ। ਉਹ ਆਕਲੈਂਡ ਕਲੱਸਟਰ ਦਾ ਹਿੱਸਾ ਬਣਾਇਆ। ਉਸ ਦੇ ਭਰਾ ਦਾ 5 ਸਤੰਬਰ ਨੂੰ ਦੇਹਾਂਤ ਹੋਇਆ ਸੀ। ਹੀਕੋ ਦੀ ਮੌਤ ਨਿਊਜ਼ੀਲੈਂਡ ਦੀ ਕੋਵਿਡ -19 ਦੀ 25ਵੀਂ ਮੌਤ ਹੈ।
ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 79 ਹੋ ਗਈ ਹੈ, ਜਿਨ੍ਹਾਂ ਵਿੱਚ 53 ਕੇਸ ਕਮਿਊਨਿਟੀ ਅਤੇ 26 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੋਵਿਡ -19 ਤੋਂ ਕੱਲ੍ਹ 4 ਵਿਅਕਤੀ ਠੀਕ ਹੋਏ ਹਨ। ਕੱਲ੍ਹ ਲੈਬ ਵੱਲੋਂ ਲਗਭਗ 9,000 ਤੋਂ ਵੱਧ ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 881,532 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1802 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,451 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1698 ਹੈ, ਦੇਸ਼ ਵਿੱਚ ਕੋਵਿਡ -19 ਤੋਂ 4 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 79 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 3 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਕੋਵਿਡ ਨਾਲ ਇੱਕ ਹੋਰ ਮੌਤ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 1 ਨਵਾਂ ਕੇਸ ਆਇਆ, ਕੋਵਿਡ ਨਾਲ 1 ਹੋਰ...