ਵੈਲਿੰਗਟਨ, 22 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ ਲਗਾਤਾਰ ਦੂਜੇ ਦਿਨ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਹੁਣ ਦੇਸ਼ ਦਾ ਬਾਕੀ ਸਾਰਾ ਹਿੱਸਾ ਅੱਜ ਅੱਧੀ ਰਾਤ ਤੋਂ ਅਲਰਟ ਲੈਵਲ 1 ਉੱਤੇ ਚੱਲਿਆ ਗਿਆ ਹੈ, ਜਦੋਂ ਕਿ ਆਕਲੈਂਡ 23 ਸਤੰਬਰ ਦਿਨ ਬੁੱਧਵਾਰ ਦੀ ਅੱਧੀ ਰਾਤ 11.59 ਤੋਂ ਅਲਰਟ ਲੈਵਲ 2 ‘ਤੇ ਜਾਏਗਾ।
ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਇੱਥੇ ਕੋਈ ਨਵਾਂ ਕੋਵਿਡ -19 ਕੇਸ ਨਹੀਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਨਿਊਜ਼ੀਲੈਂਡ ਨੂੰ ਕੋਈ ਜੋਖ਼ਮ ਨਹੀਂ ਹੈ। ਕਮਿਊਨਿਟੀ ਕੇਸਾਂ ‘ਚੋਂ ਜੇਟ ਪਾਰਕ ਦੀ ਕੁਆਰੰਟੀਨ ਸਹੂਲਤ ਵਿੱਚ 39 ਲੋਕ ਆਈਸੋਲੇਸ਼ਨ ‘ਚ ਰਹਿ ਰਹੇ ਹਨ, ਜਿਸ ਵਿੱਚ 18 ਲੋਕ ਸ਼ਾਮਲ ਹਨ ਜੋ ਪਾਜ਼ੇਟਿਵ ਆਏ ਹਨ ਅਤੇ ਘਰਾਂ ਦੇ ਸੰਪਰਕ ਨਾਲ ਸੰਬੰਧਿਤ ਹਨ।
ਕੋਵਿਡ -19 ਵਾਲੇ 3 ਲੋਕ ਹਸਪਤਾਲ ਵਿੱਚ ਹਨ, ਜੋ ਆਕਲੈਂਡ ਸਿਟੀ, ਮਿਡਲਮੋਰ ਅਤੇ ਨੌਰਥ ਸ਼ੋਰ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ। ਤਿੰਨੋਂ ਮਰੀਜ਼ ਜਨਰਲ ਵਾਰਡ ਵਿੱਚ ਆਈਸੋਲੇਸ਼ਨ ‘ਚ ਹਨ। ਆਕਲੈਂਡ ਕਲੱਸਟਰ ‘ਚ 4003 ਦੇ ਨੇੜਲੇ ਸੰਪਰਕ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 3992 ਨਾਲ ਸੰਪਰਕ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 61 ਹੋ ਗਈ ਹੈ, ਕਿਉਂਕਿ ਕੋਵਿਡ -19 ਤੋਂ 1 ਵਿਅਕਤੀ ਠੀਕ ਵੀ ਹੋਏ ਹਨ। ਇਨ੍ਹਾਂ 61 ਕੇਸਾਂ ਵਿੱਚ 32 ਕੇਸ ਕਮਿਊਨਿਟੀ ਅਤੇ 29 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੱਲ੍ਹ ਲੈਬ ਵੱਲੋਂ 3,278 ਟੈੱਸਟ ਕੀਤੇ ਗਏ। ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 917,699 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1815 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,464 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1729 ਹੈ, ਦੇਸ਼ ਵਿੱਚ ਕੋਵਿਡ -19 ਤੋਂ 1 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 61 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 3 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ। ਦੇਸ਼ ‘ਚ ਕੋਵਿਡ ਨਾਲ ਇੱਕ ਹੋਰ ਮੌਤ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਲਗਾਤਾਰ ਦੂਜੇ ਦਿਨ ਕੋਈ ਕੇਸ ਨਹੀਂ ਆਇਆ, ਪਰ...