ਵੈਲਿੰਗਟਨ, 23 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 9 ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 8 ਕੇਸਾਂ ਦਾ ਸੰਬੰਧ ਮੈਨੇਜਡ ਆਈਸੋਲੇਸ਼ਨ ਨਾਲ ਹੈ। ਜਦੋਂ ਕਿ 1 ਕੇਸ ਕਮਿਊਨਿਟੀ ‘ਚੋਂ ਆਇਆ ਹੈ।
ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਤਾਜ਼ਾ ਇਨਫੈਕਸ਼ਨ ਦਾ ਐਲਾਨ ਕੀਤਾ। ਸਿਹਤ ਮੰਤਰੀ ਕ੍ਰਿਸ ਹਿਪਕਿਨਸ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਸੰਸਦ ਵਿੱਚ ਮੀਡੀਆ ਕਾਨਫ਼ਰੰਸ ਦੌਰਾਨ ਨਾਲ ਖੜ੍ਹੇ ਸਨ। ਡਾ. ਬਲੂਮਫੀਲਡ ਨੇ ਕਿਹਾ ਕਿ ਕਮਿਊਨਿਟੀ ਵਿੱਚ ਨਵਾਂ ਕੇਸ ਇੱਕ ਪੋਰਟ ਵਰਕਰ ਦਾ ਘਰੇਲੂ ਸੰਪਰਕ ਸੀ, ਬਾਕੀ 8 ਕੇਸ ਮੈਨੇਜਡ ਆਈਸੋਲੇਸ਼ਨ ਸਹੂਲਤਾਂ ਵਿੱਚੋਂ ਹਨ।
ਉਨ੍ਹਾਂ ਕਿਹਾ ਮੈਨੇਜਡ ਆਈਸੋਲੇਸ਼ਨ ਵਿੱਚ ਸ਼ੁੱਕਰਵਾਰ ਦੇ 7 ਕੇਸ ਕ੍ਰਾਈਸਟਚਰਚ ਦੀ ਸਹੂਲਤ ਵਿੱਚ ਇੱਕ ਵੱਡੇ ਆਊਟਬ੍ਰੇਕ ਨਾਲ ਜੁੜੇ ਹਨ। ਉਹ ਰੂਸ ਅਤੇ ਯੂਕ੍ਰੇਨ ਤੋਂ ਫਿਸ਼ਿੰਗ ਕਰੂ ਦਾ ਹਿੱਸਾ ਹਨ। ਸਿਹਤ ਅਧਿਕਾਰੀ ਉਸ ਗਰੁੱਪ ਵਿੱਚੋਂ ਹੋਰ ਵਧੇਰੇ ਪਾਜ਼ੇਟਿਵ ਨਤੀਜਿਆਂ ਦੀ ਉਮੀਦ ਕਰ ਰਹੇ ਹਨ। ਦੂਸਰਾ ਆਯਾਤ ਹੋਇਆ ਕੇਸ ਹਾਲ ਹੀ ਵਿੱਚ ਈਰਾਨ ਤੋਂ ਦੁਬਈ ਦੇ ਰਸਤੇ ਵਾਪਸ ਨਿਊਜ਼ੀਲੈਂਡ ਆਇਆ ਅਤੇ ਤੀਜੇ ਦਿਨ ਉਸ ਦਾ ਪਾਜ਼ੇਟਿਵ ਟੈੱਸਟ ਕੀਤਾ ਗਿਆ। ਉਹ ਵਿਅਕਤੀ ਜੈੱਟ ਪਾਰਕ ਹੋਟਲ ਵਿੱਚ ਹੈ।
ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ 2020 ਦੀਆਂ ਆਮ ਚੋਣਾਂ ਤੋਂ ਬਾਅਦ ਆਪਣੀ ਪਹਿਲੀ ਕੋਵਿਡ -19 ਨਾਲ ਸਬੰਧਿਤ ਮੀਡੀਆ ਕਾਨਫ਼ਰੰਸ ਵਿੱਚ ਕਿਹਾ ਕਿ ਨਿਊਜ਼ੀਲੈਂਡ ਵਾਸੀਆਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ, ਉਨ੍ਹਾਂ ਕਿਹਾ ਕਿ, ‘ਹਾਲ ਹੀ ਦੇ ਕੇਸ ਦਿਖਾਉਂਦੇ ਹਨ ਕਿ ਵਾਇਰਸ ਕਿੰਨਾ ਟ੍ਰਿੱਕੀ ਹੋ ਸਕਦਾ ਹੈ’। ਉਨ੍ਹਾਂ ਨੇ ਕਿਹਾ ਕਿ ਇਹ ਯਾਦ ਦਿਵਾਉਣ ਵਾਲੀ ਗੱਲ ਹੈ ਕਿ ਕੋਵਿਡ -19 “ਅਜੇ ਵੀ ਸਾਡੇ ਨਾਲ ਹੈ ਅਤੇ ਅਜੇ ਵੀ ਪੂਰੀ ਦੁਨੀਆ ਵਿੱਚ ਵਿਆਪਕ ਹੈ”।
ਸਿਹਤ ਮੰਤਰੀ ਹਿਪਕਿਨਜ਼ ਨੇ ਲੇਬਰ ਵੀਕਐਂਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਘਰ ਰਹਿਣ, ਜੇ ਉਹ ਬਿਮਾਰ ਹਨ ਅਤੇ ਟੈੱਸਟ ਕਰਵਾਓ ਜੇਕਰ ਉਨ੍ਹਾਂ ਨੂੰ ਕੋਵਿਡ -19 ਦੇ ਲੱਛਣ ਹਨ। ਉਨ੍ਹਾਂ ਨੇ ਹੋਸਪੀਟੈਲਟੀ ਕਾਰੋਬਾਰਾਂ ਨੂੰ ਅਪੀਲ ਕੀਤੀ ਕਿ ਉਹ QR ਕੋਡ ਨੂੰ ਪ੍ਰਦਰਸ਼ਿਤ ਕਰਦੇ ਰਹਿਣ ਅਤੇ ਲੋਕਾਂ ਨੂੰ ਇਨ੍ਹਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ।
ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 66 ਹੋ ਗਈ ਹੈ। ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1923 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,567 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਦੇਸ਼ ਵਿੱਚ ਬਾਡਰ ਦੇ 248 ਕੇਸ ਹੋ ਗਏ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1832 ਹੋ ਗਈ ਹੈ, ਕੱਲ੍ਹ 1 ਕੇਸ ਰਿਕਵਰ ਹੋਇਆ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 9 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ‘ਚੋਂ 1...