ਵਿਰੋਧੀ ਧਿਰ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ‘ਤੇ ਅੜੀ
ਨਵੀਂ ਦਿੱਲੀ, 22 ਅਗਸਤ (ਏਜਂਸੀ) – ਕੋਲਾ ਘੁਟਾਲੇ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਅੱਜ ਦੂਸਰੇ ਦਿਨ ਮੁੜ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਗਈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਕੋਲੋਂ ਅਸਤੀਫੇ ਦੀ ਮੰਗ ਕੀਤੀ। ਇਸ ਦੌਰਾਨ ਹੋਏ ਜ਼ੋਰਦਾਰ ਹੰਗਾਮੇ ਕਾਰਨ ਦੋਨਾਂ ਸਦਨਾਂ ਦੀ ਕਾਰਵਾਈ ਨੂੰ ਦੂਸਰੇ ਦਿਨ ਵੀ ਦਿਨ ਭਰ ਲਈ ਮੁਲਤਵੀ ਕਰਨਾ ਪਿਆ।
ਇਸ ਤੋਂ ਪਹਿਲਾਂ ਕੈਗ ਰਿਪੋਰਟ ‘ਤੇ ਸੰਸਦ ਦੇ ਦੋਨਾਂ ਸਦਨਾਂ ਲੋਕਾਂ ਸਭਾ ਅਤੇ ਰਾਜ ਸਭਾ…. ਦੀ ਕਾਰਵਾਈ ਕਈ ਵਾਰ ਪ੍ਰਭਾਵਿਤ ਹੋਈ, ਪਹਿਲਾਂ ਕਾਰਵਾਈ ਨੂੰ ਦੁਪਹਿਰ 12 ਵਜੇ ਤੱਕ ਅਤੇ ਬਾਅਦ ਵਿੱਚ ਦਿਨ ਭਰ ਲਈ ਮੁਤਲਵੀ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਪ੍ਰਸ਼ਨ ਕਾਲ ਨਹੀਂ ਚੱਲ ਸਕਿਆ।
ਇਸ ਦੌਰਾਨ ਕੇਂਦਰੀ ਸੰਸਦੀ ਕਾਰਜ ਮੰਤਰੀ ਪਵਨ ਕੁਮਾਰ ਬਾਂਸਲ ਨੇ ਕੋਲਾ ਵੰਡ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕੋਈ ਗਲਤੀ ਨਹੀਂ ਕੀਤੀ ਗਈ ਹੈ। ਕੋਲਾ ਵੰਡ ਕੌਮੀ ਹਿੱਤ ਤੇ ਦੇਸ਼ ਦੇ ਵਿਕਾਸ ਲਈ ਕੀਤੀ ਗਈ।
ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਟਲੀ ਨੇ ਕਿਹਾ ਕਿ ਦਸੰਬਰ 2010 ਵਿੱਚ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਜੇਕਰ ਅਸੀਂ ਦਬਾਅ ਨਾ ਬਣਾਇਆ ਹੁੰਦਾ ਤਾਂ ਏ. ਰਾਜਾ ਨੇ ਸੰਚਾਰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਸੀ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਸਾਡੇ ਦਬਾਅ ਨੇ 2-ਜੀ ਘੋਟਾਲੇ ਵਿੱਚ ਕੰਮ ਕੀਤਾ ਅਤੇ ਸਾਨੂੰ ਇਹ ਪੂਰੀ ਆਸ ਹੈ ਕਿ ਇਹ ਹੁਣ ਵੀ ਕੰਮ ਕਰੇਗਾ।
ਜ਼ਿਕਰਯੋਗ ਹੈ ਕਿ ਕੈਗ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਲਾ ਵੰਡ ਵਿੱਚ ਪਾਰਦਰਸ਼ਤਾ ਨਹੀਂ ਵਰਤੀ ਗਈ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਲਗਪਗ 1.85 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਕੱਲ੍ਹ ਵੀ ਇਸੇ ਮੁੱਦੇ ‘ਤੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਭਾਰੀ ਹੰਗਾਮਾ ਹੋਇਆ ਸੀ, ਜਿਸ ਕਾਰਨ ਸਦਨ ਦੀ ਕਾਰਵਾਈ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
Indian News ਕੋਲਾ ਘੁਟਾਲੇ ਮੁੱਦੇ ‘ਤੇ ਸੰਸਦ ਦੀ ਕਾਰਵਾਈ ਦੂਸਰੇ ਦਿਨ ਵੀ ਠੱਪ