ਕੋਲਾ ਵੰਡ ਰੱਦ ਹੋਣ ‘ਤੇ ਚੱਲੇਗੀ ਸੰਸਦ – ਭਾਜਪਾ

ਨਵੀਂ ਦਿੱਲੀ, 6 ਸਤੰਬਰ (ਏਜੰਸੀ) – ਭਾਜਪਾ ਨੇ ਕੋਲਾ ਬਲਾਕ ਵੰਡ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਆਪਣੀ ਮੰਗ ‘ਤੇ ਕੁਝ ਨਰਮੀ ਦਿਖਾਉਂਦੇ ਹੋਏ ਅੱਜ ਕਿਹਾ ਕਿ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਨੂੰ ਕੋਲਾ ਬਲਾਕਾਂ ਦੀ ਵੰਡ ਰੱਦ……. ਕਰਨੀ ਹੋਵੇਗੀ ਅਤੇ ਇਸ ਮਾਮਲੇ ਦੀ ਸੁਤੰਤਰ ਜਾਂਚ ਸ਼ੁਰੂ ਕਰਵਾਉਣੀ ਹੋਵੇਗੀ। ਭਾਜਪਾ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ 142 ਕੋਲਾ ਬਲਾਕਾਂ ਦੀ ਗਲਤ ਤਰੀਕੇ ਨਾਲ ਵੰਡ ਨੂੰ ਲੈ ਕੇ ਸਰਕਾਰ ਵਿਰੁਧ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੇ ਚਲਦਿਆਂ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨਹੀਂ ਚੱਲ ਸਕੀ।
ਪਾਰਟੀ ਮੁਤਾਬਕ ਉਹ ਇਸ ਸਬੰਧ ਵਿੱਚ ਰਾਜ ਸਭਾ ਦੇ ਸਭਾਪਤੀ ਅਤੇ ਸਰਕਾਰ ਨੂੰ ਆਪਣਾ ਇਹ ਸੰਦੇਸ਼ ਦੇ ਚੁੱਕੀ ਹੈ ਕਿ ਜੇਕਰ ਉਨ੍ਹਾਂ ਦੀਆਂ ਦੋਵੇਂ ਮੰਗਾਂ ਮੰਨ ਲਈਆਂ ਗਈਆਂ ਤਾਂ ਉਹ ਕੋਲਾ ਬਲਾਕ ਵੰਡ ਦੇ ਨਾਲ ਹੀ ਪਦਉਨਤੀ ਵਿੱਚ ਰਾਖਵੇਂਕਰਨ ਸਬੰਧੀ ਸੰਵਿਧਾਨ ਸੰਸ਼ੋਧਨ ਬਿਲ ‘ਤੇ ਵੀ ਸੰਸਦ ਵਿੱਚ ਚਰਚਾ ਲਈ ਤਿਆਰ ਹੈ। ਭਾਜਪਾ ਨੇ ਕਿਹਾ ਕਿ ਜੇਕਰ ਸਰਕਾਰ ਤੁਰੰਤ ਅਜਿਹਾ ਕਰਦੀ ਹੈ ਤਾਂ ਪਾਰਟੀ ਦੋਵਾਂ ਮੁੱਦਿਆਂ ‘ਤੇ ਚਰਚਾ ਲਈ ਤਿਆਰ ਹੈ। ਭਾਜਪਾ ਸਰਕਾਰ ਨੂੰ ਭ੍ਰਿਸ਼ਟਾਚਾਰ ਤੋਂ ਧਿਆਨ ਨਹੀਂ ਹਟਾਉਣ ਦੇਵੇਗੀ।