ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 14 ਨਵੇਂ ਕੇਸ

ਵੈਲਿੰਗਟਨ, 18 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 14 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਬਾਰਡਰ ਉੱਤੇ 30 ਨਵੇਂ ਕੇਸਾਂ ਪਛਾਣ ਕੀਤੀ ਗਈ ਹੈ। ਬਾਰਡਰ ਤੋਂ ਆਏ ਹਨ।ਅੱਜ ਦੇ ਨਵੇਂ ਕਮਿਊਨਿਟੀ ਕੇਸ ਆਕਲੈਂਡ, ਲੇਕਸ ਅਤੇ ਵੈਲਿੰਗਟਨ ਦੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 14 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,337 ਹੋ ਗਈ ਹੈ। ਇਨ੍ਹਾਂ 14 ਕੇਸਾਂ ਵਿੱਚੋਂ ਆਕਲੈਂਡ ‘ਚ 7 ਕੇਸ, 6 ਕੇਸ ਲੇਕਸ ਅਤੇ 1 ਕੇਸ ਵੈਲਿੰਗਟਨ ਦਾ ਹੈ। ਵਾਇਰਸ ਨਾਲ ਹਸਪਤਾਲ ਵਿੱਚ 30 ਲੋਕ ਹਨ। ਜਿਨ੍ਹਾਂ ਵਿੱਚੋਂ 7 ਕੇਸ ਨੌਰਥ ਸ਼ੋਰ, 13 ਕੇਸ ਆਕਲੈਂਡ ਸਿਟੀ ਹਸਪਤਾਲ, 9 ਮਿਡਲਮੋਰ ‘ਚ ਅਤੇ 1 ਟੌਰੰਗਾ ਵਿੱਚ ਹੈ। 2 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 51 ਸਾਲ ਹੈ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 11,237 ਕੋਵਿਡ ਟੈੱਸਟ ਕੀਤੇ ਗਏ ਹਨ। ਸੱਤ ਦਿਨਾਂ ਦੀ ਰੋਲਿੰਗ ਔਸਤ 14,368 ਟੈੱਸਟ ਹੈ। ਜਦੋਂ ਕਿ ਆਕਲੈਂਡ ਵਿੱਚ 4,916 ਕੋਵਿਡ ਟੈੱਸਟ ਕੀਤੇ ਗਏ ਹਨ। ਆਕਲੈਂਡ ਵਿੱਚ ਸਿਹਤ ਅਤੇ ਭਲਾਈ ਪ੍ਰਦਾਤਾ ਹੁਣ 894 ਲੋਕਾਂ ਨੂੰ ਘਰ ਵਿੱਚ ਆਈਸੋਲੇਟ ਕਰਨ ਵਿੱਚ ਸਹਾਇਤਾ ਕਰ ਰਹੇ ਹਨ, ਜਿਨ੍ਹਾਂ ਵਿੱਚ 165 ਕੇਸ ਸ਼ਾਮਲ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ 5 ਤੋਂ 11 ਸਾਲ ਦੇ ਬੱਚਿਆਂ ਲਈ ਕੱਲ੍ਹ ਤੋਂ ਸ਼ੁਰੂ ਹੋਈ ਚਾਈਲਡ (ਪੀਡੀਆਟ੍ਰਿਕ) ਵੈਕਸੀਨ ਦੇ ਪਹਿਲੇ ਦਿਨ ਦੇਸ਼ ਭਰ ਵਿੱਚ 14,367 ਬੱਚਿਆਂ ਨੂੰ ਪਹਿਲੇ ਟੀਕੇ ਲਗਾਏ ਗਏ।