ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 24 ਨਵੇਂ ਕੇਸ

ਵੈਲਿੰਗਟਨ, 19 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 24 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਬਾਰਡਰ ਉੱਤੇ 56 ਨਵੇਂ ਕੇਸਾਂ ਪਛਾਣ ਕੀਤੀ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 24 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,360 ਹੋ ਗਈ ਹੈ। ਇਨ੍ਹਾਂ 24 ਕੇਸਾਂ ਵਿੱਚੋਂ ਆਕਲੈਂਡ ‘ਚ 14 ਕੇਸ, 5 ਕੇਸ ਲੇਕਸ ‘ਚ, 1 ਕੇਸ ਨੌਰਥਲੈਂਡ ‘ਚ, 1 ਕੇਸ ਵਾਇਕਾਟੋ ‘ਚ, 1 ਕੇਸ ਬੇਅ ਆਫ਼ ਪਲੈਂਟੀ ‘ਚ, 1 ਕੇਸ ਹਾਕਸ ਬੇਅ ਅਤੇ 1 ਕੇਸ ਹਟ ਵੈਲੀ ‘ਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 24 ਲੋਕ ਹਨ। ਜਿਨ੍ਹਾਂ ਵਿੱਚੋਂ 6 ਕੇਸ ਨੌਰਥ ਸ਼ੋਰ, 11 ਕੇਸ ਆਕਲੈਂਡ ਸਿਟੀ ਹਸਪਤਾਲ, 6 ਮਿਡਲਮੋਰ ‘ਚ ਅਤੇ 1 ਟੌਰੰਗਾ ਵਿੱਚ ਹੈ। 2 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 57 ਸਾਲ ਹੈ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 11,237 ਕੋਵਿਡ ਟੈੱਸਟ ਕੀਤੇ ਗਏ ਹਨ। ਸੱਤ ਦਿਨਾਂ ਦੀ ਰੋਲਿੰਗ ਔਸਤ 14,368 ਟੈੱਸਟ ਹੈ। ਜਦੋਂ ਕਿ ਆਕਲੈਂਡ ਵਿੱਚ 4,916 ਕੋਵਿਡ ਟੈੱਸਟ ਕੀਤੇ ਗਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ 5 ਤੋਂ 11 ਸਾਲ ਉਮਰ ਦੇ ਕੁੱਲ 27,730 ਬੱਚਿਆਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਹੈ। ਇਹ ਉਸ ਉਮਰ ਸਮੂਹ ਦੇ ਸਾਰੇ ਬੱਚਿਆਂ ਦਾ 5.8% ਹੈ। ਕੱਲ੍ਹ 38,606 ਬੂਸਟਰ ਦਿੱਤੇ ਗਏ ਸਨ, ਜੋ ਕੁੱਲ ਮਿਲਾ ਕੇ 828,215 ਹੋ ਗਏ ਹਨ, ਜੋ ਕਿ ਉਨ੍ਹਾਂ ਦਾ 51% ਹੈ ਜੋ ਹਾਲੇ ਆਪਣੇ ਬੂਸਟਰ ਲੈਣ ਵਾਲੇ ਹਨ।
ਕੁੱਲ ਮਿਲਾ ਕੇ ਕੱਲ੍ਹ ਕੋਵਿਡ-19 ਟੀਕਿਆਂ ਦੀਆਂ 1,222 ਪਹਿਲੀਆਂ ਖ਼ੁਰਾਕਾਂ ਅਤੇ 2,318 ਦੂਜੀਆਂ ਖ਼ੁਰਾਕਾਂ ਦਿੱਤੀਆਂ ਗਈਆਂ ਹਨ। ਯੋਗ ਮਾਓਰੀ ਲੋਕਾਂ ਵਿੱਚੋਂ 89% ਨੇ ਵੈਕਸੀਨ ਦੀ ਪਹਿਲੀ ਖ਼ੁਰਾਕ ਪ੍ਰਾਪਤ ਕੀਤੀ ਅਤੇ 89% ਨੇ ਦੂਜੀ ਖ਼ੁਰਾਕ ਪ੍ਰਾਪਤ ਕੀਤੀ ਹੈ।