ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ ਰਿਕਾਰਡ 1160 ਨਵੇਂ ਕੇਸ ਸਾਹਮਣੇ ਆਏ, ਅੱਜ ਤੋਂ ਦੇਸ਼ ਭਰ ‘ਚ ‘ਫ਼ੇਜ਼ 2’ ਲਾਗੂ

ਵੈਲਿੰਗਟਨ, 16 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਰਿਕਾਰਡ 1160 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ, ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਰੋਜ਼ਾਨਾ ਆਉਣ ਵਾਲੇ ਕੇਸਾਂ ਦਾ ਅੱਜ ਦੇ ਆਏ ਕੇਸਾਂ ਨਾਲ ਰਿਕਾਰਡ ਟੁੱਟ ਗਿਆ ਹੈ। ਜਦੋਂ ਅੱਜ ਬਾਰਡਰ ਤੋਂ 43 ਹੋਰ ਨਵੇਂ ਕੇਸ ਆਏ ਹਨ। ਗੌਰਤਲਬ ਹੈ ਕਿ ਅੱਜ ਤੋਂ ਦੇਸ਼ ਭਰ ਵਿੱਚ ‘ਫ਼ੇਜ਼ 2’ ਲਾਗੂ ਹੋ ਗਿਆ ਹੈ, ਜਿਸ ਦਾ ਅਰਥ ਹੈ ਕਿ ਹੁਣ ਨਜ਼ਦੀਕੀ ਸੰਪਰਕਾਂ ਲਈ ਸੈਲਫ਼-ਆਈਸੋਲੇਸ਼ਨ ਹੋਣ ਦੀ ਮਿਆਦ 10 ਦਿਨਾਂ ਤੋਂ ਘਟ ਕੇ 7 ਦਿਨਾਂ ਦੀ ਹੋ ਜਾਏਗੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 1160 ਕੇਸਾਂ ਵਿੱਚੋਂ ਆਕਲੈਂਡ ‘ਚ 861 ਕੇਸ, 73 ਕੇਸ ਵਾਇਕਾਟੋ ‘ਚ, 24 ਕੇਸ ਨੌਰਥਲੈਂਡ ‘ਚ, 33 ਕੇਸ ਬੇਅ ਆਫ਼ ਪਲੇਨਟੀ ‘ਚ, 5 ਕੇਸ ਲੇਕਸ ‘ਚ, 32 ਕੇਸ ਕੈਪੀਟਲ ਐਂਡ ਕੋਸਟ ‘ਚ, 15 ਕੇਸ ਹਾਕਸ ਬੇਅ ‘ਚ, 20 ਕੇਸ ਹੱਟ ਵੈਲੀ ‘ਚ, 39 ਕੇਸ ਸਾਊਥਰਨ, 3 ਕੇਸ ਮਿਡ ਸੈਂਟਰਲ ‘ਚ, 9 ਕੇਸ ਟਾਇਰਾਵਿਟੀ ‘ਚ, 8 ਕੇਸ ਕੈਂਟਰਬਰੀ ‘ਚ, 3 ਕੇਸ ਸਾਊਥ ਕੈਂਟਰਬਰੀ ‘ਚ, 15 ਕੇਸ ਨੈਲਸਨ ਮਾਰਲਬਰੋ ‘ਚ, 5 ਕੇਸ ਵੈਰਾਰਾਪਾ ‘ਚ, 4 ਕੇਸ ਫਾਂਗਾਨੁਈ ‘ਚ ਅਤੇ 9 ਕੇਸ ਤਾਰਾਨਾਕੀ ਵਿੱਚ ਹੈ। ਜਦੋਂ ਕਿ 2 ਕੇਸਾਂ ਦੀ ਲੋਕੇਸ਼ਨ ਦਾ ਪਤਾ ਨਹੀਂ ਹੈ।
ਵਾਇਰਸ ਨਾਲ ਹਸਪਤਾਲ ਵਿੱਚ 56 ਲੋਕ ਹਨ। ਜਿਨ੍ਹਾਂ ਵਿੱਚੋਂ 6 ਕੇਸ ਨੌਰਥ ਸ਼ੋਰ, 24 ਕੇਸ ਆਕਲੈਂਡ ਸਿਟੀ ਹਸਪਤਾਲ, 17 ਮਿਡਲਮੋਰ, 3 ਵਾਇਕਾਟੋ, 3 ਟੌਰੰਗਾ, 1 ਰੋਟੋਰੂਆ, 1 ਵੈਲਿੰਗਟਨ ਅਤੇ 1 ਕ੍ਰਾਈਸਟਚਰਚ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 65 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 28,140 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਰੈਪਿਡ ਐਂਟੀਜੇਨ ਟੈੱਸਟ ਦੀ ਗਿਣਤੀ 7.2 ਮਿਲੀਅਨ ਹੋ ਗਈ ਹੈ। ਟੈਸਟਿੰਗ ਸੈਂਟਰਾਂ ਉੱਤੇ ਵੱਧ ਦੀ ਭੀੜ ਨੂੰ ਵੇਖਦੇ ਹੋਏ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਵਿੱਚ ਲੱਛਣ ਹੋਣ ਜਾਂ ਕੇਸਾਂ ਦੇ ਨਜ਼ਦੀਕੀ ਸੰਪਰਕ ਹੋਣ ਤਾਂ ਹੀ ਟੈੱਸਟ ਕਰਵਾਉਣ।
ਅੱਜ ਦੇ ਕੇਸਾਂ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਖ਼ੁਲਾਸਾ ਕੀਤਾ ਕਿ ਮਿਡਲਮੋਰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਇਲਾਜ ਦੀ ਮੰਗ ਕਰ ਰਹੇ 10% ਮਰੀਜ਼ਾਂ ਦੇ ਕੱਲ੍ਹ ਪਾਜ਼ੇਟਿਵ ਰੈਪਿਡ ਕੋਵਿਡ ਟੈੱਸਟ ਨਤੀਜੇ ਆਏ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਐਮਰਜੈਂਸੀ ਵਿਭਾਗ (ED) ਵਿਖੇ ਲਗਭਗ 250 ਟੈੱਸਟ ਕਰਵਾਉਣ ਵਾਲੇ ਸਨ, ਇਸ ਲਈ 25 ਲੋਕਾਂ ਦੇ ਪਾਜ਼ੇਟਿਵ ਟੈੱਸਟ ਆਏ ਹਨ। ਬਲੂਮਫੀਲਡ ਦਾ ਕਹਿਣਾ ਹੈ ਕਿ ਮਿਡਲਮੋਰ ਹਸਪਤਾਲ ਦੇ ਬਹੁਤ ਸਾਰੇ ਲੋਕ ਸਿਹਤ ਸੰਭਾਲ ਦੀ ਮੰਗ ਕਰ ਰਹੇ ਸਨ ਕਿਉਂਕਿ ਉਹ ਲੱਛਣਾਂ ਵਾਲੇ ਸਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 6,721 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 23,127 ਕੇਸ ਹੋ ਚੁੱਕੇ ਹਨ।