ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ‘ਚ ਅੱਜ ਵੀ ਰਿਕਾਰਡ ਤੋੜ 2,365 ਨਵੇਂ ਕੇਸ, ਕੋਵਿਡ ਨਾਲ 2 ਲੋਕਾਂ ਦੀ ਮੌਤ

ਵੈਲਿੰਗਟਨ, 21 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 2,365 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਕੋਵਿਡ ਨਾਲ 2 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਦੇਸ਼ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ ਹੁਣ 55 ਹੋ ਗਈ ਹੈ। ਕੋਵਿਡ ਨਾਲ ਮਰਨ ਵਾਲਿਆਂ ਵਿੱਚ ਇੱਕ ਮਿਡਲਮੋਰ ਹਸਪਤਾਲ ਦਾ ਮਰੀਜ਼ ਸੀ ਅਤੇ ਦੂਜਾ ਆਕਲੈਂਡ ਸਿਟੀ ਹਸਪਤਾਲ ਵਿੱਚ 70 ਸਾਲਾਂ ਦੇ ਇੱਕ ਹੋਰ ਮਰੀਜ਼ ਦੀ ਕੋਵਿਡ -19 ਦੀ ਜਾਂਚ ਤੋਂ ਬਾਅਦ ਮੌਤ ਹੋ ਗਈ ਹੈ। ਜਦੋਂ ਕਿ ਬਾਰਡਰ ਤੋਂ ਅੱਜ 12 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ 2,365 ਕੇਸਾਂ ਵਿੱਚੋਂ ਆਕਲੈਂਡ ‘ਚ 1,692 ਕੇਸ, 136 ਕੇਸ ਵਾਇਕਾਟੋ ‘ਚ, 50 ਕੇਸ ਨੌਰਥਲੈਂਡ ‘ਚ, 42 ਕੇਸ ਬੇਅ ਆਫ਼ ਪਲੇਨਟੀ ‘ਚ, 24 ਕੇਸ ਲੇਕਸ ‘ਚ, 89 ਕੇਸ ਕੈਪੀਟਲ ਐਂਡ ਕੋਸਟ ‘ਚ, 23 ਕੇਸ ਹਾਕਸ ਬੇਅ ‘ਚ, 19 ਕੇਸ ਹੱਟ ਵੈਲੀ ‘ਚ, 86 ਕੇਸ ਸਾਊਥਰਨ, 14 ਕੇਸ ਮਿਡ ਸੈਂਟਰਲ ‘ਚ, 9 ਕੇਸ ਟਾਇਰਾਵਿਟੀ ‘ਚ, 105 ਕੇਸ ਕੈਂਟਰਬਰੀ ‘ਚ, 58 ਕੇਸ ਨੈਲਸਨ ਮਾਰਲਬਰੋ ‘ਚ, 1 ਕੇਸ ਸਾਊਥ ਕੈਂਟਰਬਰੀ ‘ਚ, 8 ਕੇਸ ਵੈਰਾਰਾਪਾ ‘ਚ, 5 ਕੇਸ ਵਾਂਗਾਨੁਈ ‘ਚ ਅਤੇ 4 ਕੇਸ ਤਾਰਾਨਾਕੀ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 116 ਲੋਕ ਹਨ। ਜਿਨ੍ਹਾਂ ਵਿੱਚੋਂ 20 ਕੇਸ ਨੌਰਥ ਸ਼ੋਰ, 47 ਕੇਸ ਆਕਲੈਂਡ ਸਿਟੀ ਹਸਪਤਾਲ, 34 ਮਿਡਲਮੋਰ, 12 ਵਾਇਕਾਟੋ, 1 ਟੌਰੰਗਾ, 1 ਨੌਰਥਲੈਂਡ ਅਤੇ 1 ਟਾਇਰਾਵਿਟੀ ਵਿੱਚ ਹੈ। 1 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 58 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 27,825 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਉਪਲਬਧ ਰੈਪਿਡ ਐਂਟੀਜੇਨ ਟੈੱਸਟਾਂ ਦੇ ਸਟਾਕ ਦੀ ਗਿਣਤੀ 7.5 ਮਿਲੀਅਨ ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 15,928 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 32,927 ਕੇਸ ਹੋ ਚੁੱਕੇ ਹਨ।