ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 202 ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 8 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 202 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਅੱਜ ਬਾਰਡਰ ਤੋਂ 63 ਨਵੇਂ ਕੇਸ ਹੋਰ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 202 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 13,468 ਹੋ ਗਈ ਹੈ। ਇਨ੍ਹਾਂ 202 ਕੇਸਾਂ ਵਿੱਚੋਂ ਆਕਲੈਂਡ ‘ਚ 119 ਕੇਸ, 39 ਕੇਸ ਵਾਇਕਾਟੋ ‘ਚ, 17 ਕੇਸ ਨੌਰਥਲੈਂਡ ‘ਚ, 8 ਕੇਸ ਬੇਅ ਆਫ਼ ਪਲੇਨਟੀ ‘ਚ, 8 ਕੇਸ ਹਾਕਸ ਬੇਅ ‘ਚ, 4 ਕੇਸ ਲੇਕਸ ‘ਚ, 4 ਕੇਸ ਕੈਪੀਟਲ ਐਂਡ ਕੋਸਟ ‘ਚ, 1 ਕੇਸ ਤਾਰਾਨਾਕੀ ‘ਚ, 1 ਕੇਸ ਹੱਟ ਵੈਲੀ ‘ਚ ਅਤੇ 1 ਕੇਸ ਨੈਲਸਨ ਮਾਰਲਬਰੋ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 14 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥ ਸ਼ੋਰ, 3 ਕੇਸ ਆਕਲੈਂਡ ਸਿਟੀ ਹਸਪਤਾਲ, 4 ਮਿਡਲਮੋਰ, 2 ਰੋਟੋਰੂਆ ਅਤੇ 1 ਕ੍ਰਾਈਸਟਚਰਚ ਵਿੱਚ ਹੈ। 1 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 60 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 13,997 ਟੈੱਸਟ ਕੀਤੇ ਗਏ, ਜਿਨ੍ਹਾਂ ਵਿੱਚ ਆਕਲੈਂਡ ਦੇ 6,732 ਟੈੱਸਟ ਸ਼ਾਮਲ ਹਨ। ਮੰਤਰਾਲੇ ਨੇ ਦੱਸਿਆ ਕਿ ਕੱਲ੍ਹ 18,655 ਬੂਸਟਰ ਟੀਕੇ ਲਗਾਏ ਗਏ, ਜਿਸ ਨਾਲ ਹੁਣ ਤੱਕ ਕੁੱਲ 1,605,815 ਲਗਾਏ ਗਏ ਹਨ। ਨਾਲ ਹੀ, ਕੱਲ੍ਹ 5 ਤੋਂ 11 ਸਾਲ ਉਮਰ ਦੇ 1,502 ਟੀਕੇ ਲਗਾਏ ਗਏ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 200,562 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਲੋਕੀ ਜਲਦੀ ਤੋਂ ਜਲਦੀ ਬੂਸਟਰ ਡੋਜ਼ ਲਗਵਾਉਣ ਕਿਉਂਕਿ ਬੂਸਟਰ ਤੁਹਾਡੇ ਬਹੁਤ ਬਿਮਾਰ ਹੋਣ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਸੰਭਾਵਨਾ ਨੂੰ ਘਟਾਉਂਦੇ ਹਨ। ਹੁਣ ਬੂਸਟਰ ਦੋਵੇਂ ਟੀਕੇ ਲੱਗਣ ਤੋਂ ਤਿੰਨ ਮਹੀਨੇ ਬਾਅਦ ਲਗਵਾਇਆ ਜਾ ਸਕਦਾ ਹੈ।