ਕੋਵਿਡ -19 ਓਮੀਕਰੋਨ ਆਊਟਬ੍ਰੇਕ: ਦੇਸ਼ ਔਰੇਂਜ (ਸੰਤਰੀ) ਟ੍ਰੈਫ਼ਿਕ ਲਾਈਟ ਸੈਟਿੰਗ ‘ਤੇ ਰਹੇਗਾ, ਸਰਦੀਆਂ ‘ਚ ਵਾਇਰਸ ਦੀ ਦੂਜੀ ਲਹਿਰ ਦੀ ਸੰਭਾਵਨਾ – ਕ੍ਰਿਸ ਹਿਪਕਿਨਜ਼

ਵੈਲਿੰਗਟਨ, 24 ਮਈ – ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਔਰੇਂਜ (ਸੰਤਰੀ) ਕੋਵਿਡ ਟ੍ਰੈਫ਼ਿਕ ਲਾਈਟ ਸੈਟਿੰਗ ‘ਤੇ ਰਹੇਗਾ, ਸਰਕਾਰ ਦਾ ਕਹਿਣਾ ਹੈ ਕਿ ਸਾਵਧਾਨੀ ਦੇ ਕਾਰਣਾਂ ਪੱਖੋਂ ਸਰਦੀਆਂ ‘ਚ ਓਮੀਕਰੋਨ ਲਾਗਾਂ ਦੀ “ਦੂਜੀ ਲਹਿਰ” ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ 13 ਅਪ੍ਰੈਲ ਨੂੰ ਰਾਤ 11.59 ਵਜੇ ਤੋਂ ਔਰੇਂਜ ਅਲਰਟ ਲੈਵਲ ‘ਤੇ ਹੈ।
ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਜ਼ ਨੇ ਅੱਜ ਕਿਹਾ ਕਿ ਸੈਟਿੰਗਾਂ ਦੀ ਅਗਲੀ ਸਮੀਖਿਆ ਜੂਨ ਦੇ ਅਖੀਰ ਵਿੱਚ ਹੋਵੇਗੀ। ਸਰਦੀਆਂ ਵਿੱਚ ਓਮੀਕਰੋਨ ਦੇ ਮਾਮਲਿਆਂ ‘ਚ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਔਰੇਂਜ ਸੈਟਿੰਗ ਕੋਵਿਡ ਦੇ ਪ੍ਰਕੋਪ ਨੂੰ ਮੈਨੇਜਡ ਕਰਨ ਲਈ ਉਚਿੱਤ ਰਹੀ। ਸਰਦੀ ਅਤੇ ਫਲੂ ਦੀਆਂ ਨਵੀਆਂ ਕਿਸਮਾਂ ਦੀ ਆਮਦ ਸਾਵਧਾਨ ਰਹਿਣ ਦਾ ਇੱਕ ਹੋਰ ਕਾਰਣ ਹਨ। ਉਨ੍ਹਾਂ ਕਿਹਾ ਜਦੋਂ ਕਿ ਰੋਜ਼ਾਨਾ ਕੇਸਾਂ ਦੀ ਗਿਣਤੀ ਕੌਮੀ ਪੱਧਰ ‘ਤੇ ਘੱਟ ਗਈ ਸੀ, ਉਹ ਉੱਤਰੀ ਖੇਤਰ ਵਿੱਚ ਮੁੜ ਤੋਂ ਵਧਣ ਲੱਗੀ ਹੈ ਅਤੇ ਪਿਛਲੇ ਮਹੀਨੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਦਰ ਵਿੱਚ ਵੀ ਥੋੜ੍ਹਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਸਾਡੀ ਨਵੀਨਤਮ ਕੋਵਿਡ -19 ਮਾਡਲਿੰਗ ਦਰਸਾਉਂਦੀ ਹੈ ਕਿ ਮੌਜੂਦਾ ਹਾਲਤਾਂ ‘ਚ ਇੱਕ ਸੰਭਾਵਨਾ ਹੈ। ਕੇਸਾਂ ਦੀ ਇੱਕ ਸੈਕੰਡਰੀ ਲਹਿਰ ਸਾਹਮਣੇ ਆ ਰਹੀ ਹੈ।
ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਔਰੇਂਜ (ਸੰਤਰੀ) ਟ੍ਰੈਫ਼ਿਕ ਲਾਈਟ ਸੈਟਿੰਗ ‘ਤੇ ਵਾਇਰਸ ਤੋਂ ਸੁਰੱਖਿਆ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ ਜਦੋਂ ਕਿ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਕਾਰੋਬਾਰ ਕੰਮ ਕਰਨਾ ਜਾਰੀ ਰੱਖ ਸਕਦੇ ਹਨ। ਉਨ੍ਹਾਂ ਨੇ ਕੀਵੀਆਂ ਨੂੰ ਸਾਵਧਾਨ ਰਹਿਣਾ ਜਾਰੀ ਰੱਖਣ ਅਤੇ ਦੂਜਿਆਂ ਦੀ ਸਿਹਤ ਬਾਰੇ ਸੋਚਣ ਦੀ ਤਾਕੀਦ ਕੀਤੀ ਹੈ ਖ਼ਾਸ ਤੌਰ ‘ਤੇ ਉਹ ਜਿਹੜੇ ਇਮਯੂਨੋਕੰਪਰੋਮਾਈਜ਼ਡ ਹਨ ਜਾਂ ਲੰਬੇ ਸਮੇਂ ਦੇ ਸਿਹਤ ਪ੍ਰਭਾਵਾਂ ਦੇ ਜੋਖ਼ਮ ਵਿੱਚ ਹਨ। ਉਨ੍ਹਾਂ ਕਿਹਾ ਸੈਲਫ਼-ਆਈਸੋਲੇਸ਼ਨ, ਟੀਕਾਕਰਣ ਅਤੇ ਮਾਸਕ ਪਹਿਨਣਾ ਕੋਵਿਡ -19 ਦੇ ਵਿਰੁੱਧ ਸਾਡਾ ਮੁੱਖ ਬਚਾਅ ਬਣਿਆ ਰਹੇਗਾ। ਲੋਕਾਂ ਨੂੰ ਬਹੁਤ ਸਾਰੀਆਂ ਅੰਦਰੂਨੀ ਸੈਟਿੰਗਾਂ ਵਿੱਚ ਚਿਹਰੇ ਦਾ ਮਾਸਕ ਪਹਿਨਣਾ ਜਾਰੀ ਰਹੇਗਾ।
ਹਿਪਕਿਨਜ਼ ਨੇ ਕਿਹਾ ਹਾਲੇ ਵੀ ਕਈ ਕਾਰਣ ਹਨ ਜੋ ਸਾਨੂੰ ਗ੍ਰੀਨ ਕੋਵਿਡ ਟ੍ਰੈਫ਼ਿਕ ਲਾਈਟ ਸੈਟਿੰਗ ‘ਤੇ ਜਾਣ ਤੋਂ ਰੋਕਦੇ ਹਨ। ਉਨ੍ਹਾਂ ਨੇ ਕਿਹਾ ਕਿ ਫਲੂ ਵਰਗੀਆਂ ਬਿਮਾਰੀਆਂ ਤੋਂ ਹਸਪਤਾਲਾਂ ਦੇ ਕੰਮ ਦੇ ਬੋਝ ਵਿੱਚ ਵਾਧਾ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਜੋ ਪਹਿਲਾਂ ਹੀ ਵਿਅਸਤ ਹਨ।
ਗੌਰਤਲਬ ਹੈ ਕਿ ਔਰੇਂਜ (ਸੰਤਰੀ) ਸੈਟਿੰਗ ‘ਚ ਅੰਦਰੂਨੀ ਅਤੇ ਬਾਹਰੀ ਇਕੱਠਾਂ ‘ਤੇ ਕੋਈ ਸੀਮਾਵਾਂ ਨਹੀਂ ਹਨ ਅਤੇ ਕਾਰੋਬਾਰਾਂ ਨੂੰ QR ਕੋਡ ਪੋਸਟਰ ਪ੍ਰਦਰਸ਼ਿਤ ਕਰਨ ਦੀ ਲੋੜ ਨਹੀਂ ਹੈ (ਹਾਲਾਂਕਿ ਕੁੱਝ ਅਜੇ ਵੀ ਅਜਿਹਾ ਕਰਨ ਦੀ ਚੋਣ ਕਰ ਸਕਦੇ ਹਨ)। ਨਿਊਜ਼ੀਲੈਂਡ ਦੀ ਕੋਵਿਡ ਪ੍ਰਤੀਕਿਰਿਆ 2 ਦਸੰਬਰ, 2021 ਦੀ ਅੱਧੀ ਰਾਤ ਤੋਂ ਟ੍ਰੈਫ਼ਿਕ ਲਾਈਟ ਪ੍ਰਣਾਲੀ ਦੇ ਤਹਿਤ ਪ੍ਰਬੰਧਿਤ ਕੀਤੀ ਗਈ ਸੀ, ਜਦੋਂ ਪੁਰਾਣੀ ਅਲਰਟ ਲੈਵਲ ਸਿਸਟਮ ਜੋ ਕਿ ਮਾਰਚ 2020 ਤੋਂ ਲਾਗੂ ਸੀ, ਨੂੰ ਬਦਲ ਦਿੱਤਾ ਗਿਆ ਸੀ। ਇਸ ਨਵੇਂ ਟ੍ਰੈਫ਼ਿਕ ਲਾਈਟ ਸਿਸਟਮ ਰਾਹੀ ਲੌਕਡਾਉਨ ਨੂੰ ਹਟਾ ਦਿੱਤਾ ਗਿਆ ਸੀ। ਰੈੱਡ ਸੈਟਿੰਗ ਨੂੰ ਮਾਰਚ ਦੇ ਅਖੀਰ ‘ਚ ਤਬਦੀਲੀਆਂ ਦੇ ਇੱਕ ਸੂਟ ਦੇ ਹਿੱਸੇ ਵਜੋਂ ਸੰਸ਼ੋਧਿਤ ਕੀਤਾ ਗਿਆ ਸੀ ਜਿਸ ਵਿੱਚ ਬਾਹਰੀ ਇਕੱਠਾਂ ਵਿੱਚ ਮਨਜ਼ੂਰ ਸੰਖਿਆਵਾਂ ਦੀ ਪਾਬੰਦੀ ਨੂੰ ਹਟਾਉਣਾ, ਅੰਦਰੂਨੀ ਇਕੱਠ ਦੀ ਸੀਮਾ ਨੂੰ 100 ਤੋਂ 200 ਤੱਕ ਵਧਾਉਣਾ ਅਤੇ ਕੋਵਿਡ ਟਰੇਸਿੰਗ ਅਤੇ ਵੈਕਸੀਨ ਦੇ ਆਦੇਸ਼ਾਂ ਵਿੱਚ ਬਦਲਾਓ ਕਰਨਾ ਸ਼ਾਮਲ ਹੈ। 13 ਅਪ੍ਰੈਲ ਨੂੰ ਰਾਤ 11.59 ਵਜੇ, ਨਿਊਜ਼ੀਲੈਂਡ ਔਰੇਂਜ (ਸੰਤਰੀ) ਟ੍ਰੈਫ਼ਿਕ ਲਾਈਟ ਸੈਟਿੰਗ ਵਿੱਚ ਚਲਾ ਗਿਆ ਸੀ ਅਤੇ ਸਕੂਲਾਂ ਲਈ ਮਾਸਕਿੰਗ ਦੀਆਂ ਜ਼ਰੂਰਤਾਂ ਵਿੱਚ ਢਿੱਲ ਦਿੱਤੀ ਗਈ।