ਕੋਵਿਡ -19 ਓਮੀਕਰੋਨ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਰਿਕਾਰਡ 18,883 ਨਵੇਂ ਕੇਸ ਆਏ, 5 ਹੋਰ ਦੀ ਮੌਤ

ਵੈਲਿੰਗਟਨ, 5 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 18,883 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ ਅਤੇ 5 ਹੋਰ ਲੋਕਾਂ ਦੀ ਮੌਤ ਹੋਈ ਹੈ। ਕੋਵਿਡ ਨਾਲ ਦੇਸ਼ ਵਿੱਚ ਹੁਣ ਤੱਕ 68 ਮੌਤਾਂ ਹੋ ਗਈਆਂ ਹਨ। ਕੋਵਿਡ ਨਾਲ ਹੋਈਆਂ 5 ਹੋਰ ਮੌਤਾਂ ਦਾ ਵੇਰਵਾ ਇਸ ਤਰ੍ਹਾਂ ਹੈ, 2 ਮੌਤ ਨੌਰਥ ਸ਼ੋਰ ਹਸਪਤਾਲ, 2 ਮੌਤਾਂ ਮਿਡਲਮੋਰ ਹਸਪਤਾਲ ਅਤੇ 1 ਮਰੀਜ਼ ਦੀ ਮੌਤ ਆਕਲੈਂਡ ਸਿਟੀ ਹਸਪਤਾਲ ਵਿੱਚ ਹੋਈ ਹੈ। ਇਨ੍ਹਾਂ ਵਿੱਚੋਂ 3 ਮਰੀਜ਼ 80 ਸਾਲਾ ਦੇ ਹਨ, 1 ਮਰੀਜ਼ 70 ਸਾਲਾਂ ਦਾ ਅਤੇ 1 ਮਰੀਜ਼ 60 ਸਾਲਾਂ ਦਾ ਹੈ। ਇਨ੍ਹਾਂ ਮਰਨ ਵਾਲਿਆਂ ਵਿੱਚ 3 ਪੁਰਸ਼ ਅਤੇ 2 ਮਹਿਲਾਵਾਂ ਹਨ। ਜਦੋਂ ਕਿ ਅੱਜ ਬਾਰਡਰ ਤੋਂ 7 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 18,883 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 1,173 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 17,660 ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ ਕਮਿਊਨਿਟੀ ਕੇਸਾਂ (PCR ਅਤੇ RAT) ਦੀ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਸੰਖਿਆ ਇਸ ਤਰ੍ਹਾਂ ਹੈ – ਨੌਰਥਲੈਂਡ (483), ਆਕਲੈਂਡ (9,789), ਵਾਇਕਾਟੋ (1,575), ਬੇਅ ਆਫ਼ ਪਲੇਨਟੀ (1,222), ਲੇਕਸ (459), ਹਾਕਸ ਬੇਅ (327), ਮਿਡਸੈਂਟਰਲ (417), ਵਾਂਗਾਨੁਈ (95), ਤਾਰਾਨਾਕੀ (264), ਤਾਇਰਾਵਿਟੀ (153), ਵੈਰਾਰਾਪਾ (94), ਕੈਪੀਟਲ ਐਂਡ ਕੋਸਟ (1,308), ਹੱਟ ਵੈਲੀ (576), ਨੈਲਸਨ ਮਾਰਲਬਰੋ (258), ਕੈਂਟਰਬਰੀ (1,170), ਸਾਊਥ ਕੈਂਟਰਬਰੀ (57), ਸਾਊਥਰਨ (558), ਵੈਸਟ ਕੋਸਟ (17), ਪਤਾ ਨਹੀਂ (11)
ਵਾਇਰਸ ਨਾਲ ਹਸਪਤਾਲ ਵਿੱਚ 597 ਲੋਕ ਹਨ। ਜਿਨ੍ਹਾਂ ਵਿੱਚੋਂ 4 ਕੇਸ ਨੌਰਥਲੈਂਡ, 112 ਕੇਸ ਨੌਰਥ ਸ਼ੋਰ, 153 ਕੇਸ ਆਕਲੈਂਡ ਸਿਟੀ ਹਸਪਤਾਲ, 188 ਮਿਡਲਮੋਰ, 16 ਕੇਸ ਰੋਟੋਰੂਆ, 12 ਬੇਅ ਆਫ਼ ਪਲੇਨਟੀ, 53 ਕੇਸ ਵਾਇਕਾਟੋ, 7 ਕੇਸ ਹਾਕਸ ਬੇਅ, 6 ਕੇਸ ਕੈਂਟਰਬਰੀ, 5 ਕੇਸ ਸਾਊਥਰਨ, 5 ਕੇਸ ਹੱਟ ਵੈਲੀ, 17 ਕੇਸ ਕੈਪੀਟਲ ਐਂਡ ਕੋਸਟ, 2 ਕੇਸ ਤਾਇਰਾਵਿਟੀ, 10 ਕੇਸ ਮਿਡ ਸੈਂਟਰਲ, 2 ਕੇਸ ਨੈਲਸਨ ਮਾਰਲਬਰੋ, 4 ਕੇਸ ਤਾਰਾਨਾਕੀ ਅਤੇ 1 ਕੇਸ ਵਾਂਗਾਨੁਈ ਵਿੱਚ ਹੈ। 10 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 52 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ ਕੁੱਲ (PCR) 14,049 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 167,793 ਸਰਗਰਮ ਕਮਿਊਨਿਟੀ ਕੇਸ ਹਨ। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 206,827 ਕੇਸ ਹੋ ਚੁੱਕੇ ਹਨ। ਨਿਊਜ਼ੀਲੈਂਡ ਵਿੱਚ ਉਪਲਬਧ ਰੈਪਿਡ ਐਂਟੀਜੇਨ ਟੈੱਸਟਾਂ ਦੇ ਸਟਾਕ ਦੀ ਗਿਣਤੀ 8.8 ਮਿਲੀਅਨ ਹੋ ਗਈ ਹੈ।