ਕੋਵਿਡ -19 ਓਮੀਕਰੋਨ ਪ੍ਰਕੋਪ: ਭਾਰਤੀ ਹਾਈ ਕਮਿਸ਼ਨ ਵੱਲੋਂ ਵਾਕ-ਇਨ ਐਪਲੀਕੇਸ਼ਨਾਂ ਲੈਣ ਦੀ ਸੇਵਾ ਮੁਅੱਤਲ

ਵੈਲਿੰਗਟਨ, 3 ਮਾਰਚ – ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਓਮੀਕਰੋਨ ਵੇਰੀਐਂਟ ਕੇਸਾਂ ਦੇ ਤੇਜ਼ੀ ਨਾਲ ਫੈਲਣ ਕਰਕੇ ਪੂਰਾ ਦੇਸ਼ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਹੀ ਓਮੀਕਰੋਨ ਨੇ ਵੈਲਿੰਗਟਨ ਸਥਿਤ ਹਾਈ ਕਮਿਸ਼ਨ ਆਫ਼ ਇੰਡੀਆ ਵਿੱਚ ਕੰਮ ਕਰਨ ਵਾਲੇ ਸਟਾਫ਼ ਮੈਂਬਰਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਜਿਸ ਦੇ ਕਰਕੇ ਹਾਈ ਕਮਿਸ਼ਨ ਨੇ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਹੈ ਕਿ ਹਾਈ ਕਮਿਸ਼ਨ ਵੱਲੋਂ ਵਾਕ-ਇਨ ਐਪਲੀਕੇਸ਼ਨਾਂ ਨੂੰ ਲੈਣ ਦੀ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਹਾਈ ਕਮਿਸ਼ਨ ਨੇ ਕਿਹਾ ਕਿ ਉਪਰੋਕਤ ਹਾਲਾਤ ਦੇ ਮੱਦੇਨਜ਼ਰ ਹਾਈ ਕਮਿਸ਼ਨ ਨੂੰ ਕੌਂਸਲਰ ਅਰਜ਼ੀਆਂ ਦੀ ਪ੍ਰਕਿਰਿਆ ਲਈ ਸਮਾਂ-ਸੀਮਾ ਨੂੰ ਸੋਧਣ ਲਈ ਮਜਬੂਰ ਕੀਤਾ ਹੈ। ਹੁਣ ਪਹਿਲਾਂ ਹਰ ਸਰਵਿਸ ਦੇ ਮਿਥੇ ਸਮੇਂ ਸੀਮਾ ਤੋਂ ਥੋੜ੍ਹਾ ਵਾਧੂ ਸਮਾਂ ਲੱਗੇਗਾ, ਜਿਵੇਂ ਕਿ ਵੀਜ਼ਾ ਸਰਵਿਸ ਨੂੰ ਪਹਿਲਾਂ 5 ਵਰਕਿੰਗ ਦਿਨ ਲੱਗਦੇ ਸਨ, ਉਸ ਦੀ ਥਾਂ ਹੁਣ 15 ਵਰਕਿੰਗ ਦਿਨ ਲੱਗਣਗੇ। ਅਜਿਹਾ ਹੀ ਹੋਰਨਾਂ ਸੇਵਾਵਾਂ ਪਾਸਪੋਰਟ ਨਾਲ ਸੰਬੰਧਿਤ ਸੇਵਾਵਾਂ, ਕਾਗ਼ਜ਼ਾਤ ਤਸਦੀਕ ਕਰਵਾਉਣ ਤੇ ਹੋਰ ਮਿਸਲੇਨਿਅਸ ਸਰਵਿਸ, ਭਾਰਤੀ ਪਾਸਪੋਰਟ ‘ਤੇ ਪੀਸੀਸੀ ਅਤੇ ਓਸੀਆਈ/ਰੀ-ਇਸ਼ੂ ਓਸੀਆਈ ਆਦਿ ਉੱਤੇ ਲਾਗੂ ਹੋ ਗਿਆ ਹੈ।