ਨਵੀਂ ਦਿੱਲੀ, 21 ਦਸੰਬਰ – ਕੇਂਦਰੀ ਸਿਹਤ ਮੰਤਰੀ ਨੇ ਚੀਨ ਅਤੇ ਕੁਝ ਹੋਰ ਮੁਲਕਾਂ ’ਚ ਕੋਵਿਡ-19 ਕੇਸਾਂ ਦੇ ਅਚਾਨਕ ਵਧਣ ਕਰਕੇ ਦੇਸ਼ ’ਚ ਹਾਲਾਤ ਦੀ ਸਮੀਖਿਆ ਕੀਤੀ ਅਤੇ ਲੋਕਾਂ ਨੂੰ ਭੀੜਭਾੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ ਸਮੇਤ ਕੋਵਿਡ ਉਚਿਤ ਵਿਵਹਾਰ ਦੇ ਪਾਲਣ ਅਤੇ ਵੈਕਸੀਨ ਲਗਵਾਉਣ ਲਈ ਕਿਹਾ। ਚੀਨ ਅਤੇ ਹੋਰ ਮੁਲਕਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਹਵਾਈ ਅੱਡਿਆਂ ’ਤੇ ਰੈਂਡਮ ਟੈਸਟ ਕੀਤੇ ਜਾਣਗੇ। ਕਰਨਾਟਕ ਸਰਕਾਰ ਨੇ ਬੰਗਲੂਰੂ ਹਵਾਈ ਅੱਡੇ ’ਤੇ ਕੌਮਾਂਤਰੀ ਮੁਸਾਫ਼ਰਾਂ ਦੀ ਸਕਰੀਨਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਦਿੱਲੀ ਨੇ ਵੀ ਖਦਸ਼ੇ ਜਤਾਉਂਦਿਆਂ ਕੇਸ ਵਧਣ ’ਤੇ ਉਨ੍ਹਾਂ ਦੇ ਟਾਕਰੇ ਲਈ ਤਿਆਰੀ ਦਾ ਦਾਅਵਾ ਕੀਤਾ ਹੈ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ,‘‘ਕੋਵਿਡ ਅਜੇ ਖ਼ਤਮ ਨਹੀਂ ਹੋਇਆ ਹੈ। ਮੈਂ ਸਾਰੀ ਸਬੰਧਤ ਧਿਰਾਂ ਨੂੰ ਚੌਕਸ ਰਹਿਣ ਅਤੇ ਨਿਗਰਾਨੀ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਸੀਂ ਕਿਸੇ ਵੀ ਹਾਲਾਤ ਦੇ ਟਾਕਰੇ ਲਈ ਤਿਆਰ ਹਾਂ।’’ ਮੀਟਿੰਗ ਦੌਰਾਨ ਮਾਹਿਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਮੰਤਰੀ ਨੂੰ ਦੇਸ਼ ਤੇ ਵਿਦੇਸ਼ ’ਚ ਕੋਵਿਡ-19 ਹਾਲਾਤ ਅਤੇ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਲੋਕਾਂ ਨੂੰ ਟੀਕੇ ਲਗਵਾਉਣੇ ਅਤੇ ਭੀੜਭਾੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਮਾਸਕ ਜ਼ਰੂਰ ਲਗਾਉਣੇ ਚਾਹੀਦੇ ਹਨ। ਚੀਨ ਤੇ ਹੋਰ ਮੁਲਕਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਕ੍ਰਮਰਹਿਤ (ਰੈਂਡਮ) ਟੈਸਟ ਕੀਤੇ ਜਾਣਗੇ। ਸਰਕਾਰ ਵੱਲੋਂ ਅਗਲੇ ਹਫ਼ਤੇ ਦੁਬਾਰਾ ਮੀਟਿੰਗ ਕਰਕੇ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ।
ਚੀਨ, ਜਪਾਨ, ਦੱਖਣੀ ਕੋਰੀਆ, ਫਰਾਂਸ ਅਤੇ ਅਮਰੀਕਾ ਜਿਹੇ ਕੁਝ ਮੁਲਕਾਂ ’ਚ ਕੋਵਿਡ-19 ਕੇਸਾਂ ਦੀ ਵਧ ਰਹੀ ਗਿਣਤੀ ਕਾਰਨ ਪੈਦਾ ਹੋਏ ਹਾਲਾਤ ਦਾ ਜ਼ਿਕਰ ਕਰਦਿਆਂ ਮਾਂਡਵੀਆ ਨੇ ਆਉਂਦੇ ਤਿਉਹਾਰੀ ਮੌਸਮ ਦੌਰਾਨ ਨਵੀਆਂ ਅਤੇ ਉਭਰਦੀਆਂ ਲਾਗਾਂ ਖ਼ਿਲਾਫ਼ ਤਿਆਰ ਅਤੇ ਚੌਕਸ ਰਹਿਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਪਾਜ਼ੇਟਿਵ ਕੇਸਾਂ ਦੇ ਨਮੂਨਿਆਂ ਦੀ ਜੀਨੋਮ ਸੀਕੁਐਂਸਿੰਗ ਦੇ ਨਿਰਦੇਸ਼ ਦਿੱਤੇ ਤਾਂ ਜੋ ਕਰੋਨਾ ਦੀ ਕਿਸੇ ਵੀ ਨਵੀਂ ਕਿਸਮ ਦਾ ਸਮੇਂ ਸਿਰ ਪਤਾ ਲਾਇਆ ਜਾ ਸਕੇ।
ਸਿਹਤ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਸੂਬਿਆਂ/ਯੂਟੀਜ਼ ਨੂੰ ਰੋਜ਼ਾਨਾ ਆਧਾਰ ’ਤੇ ਕੋਵਿਡ-19 ਦੇ ਸਾਰੇ ਪਾਜ਼ੇਟਿਵ ਕੇਸਾਂ ਦੇ ਨਮੂਨੇ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ ਕੋਲ ਭੇਜਣੇ ਚਾਹੀਦੇ ਹਨ। ਬਿਆਨ ’ਚ ਕਿਹਾ ਗਿਆ ਕਿ ਚੀਨ ’ਚ ਓਮੀਕਰੋਨ ਦੀ ਬੀਐੱਫ.7 ਲਾਗ ਫੈਲ ਰਹੀ ਹੈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪੰਜ ਸੂਬਿਆਂ ਕੇਰਲਾ, ਕਰਨਾਟਕ, ਮਹਾਰਾਸ਼ਟਰ, ਤਿਲੰਗਾਨਾ ਅਤੇ ਤਾਮਿਲ ਨਾਡੂ ’ਚ ਕਰੋਨਾ ਦੇ ਨਵੇਂ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਪੰਜ ਸੂਬਿਆਂ ’ਚ 20 ਦਸੰਬਰ ਨੂੰ 84 ਫ਼ੀਸਦੀ ਕਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ।
ਓਮੀਕਰੋਨ ਦੇ ਉਪ ਸਰੂਪ ਬੀਐੱਫ.7 ਦੇ ਤਿੰਨ ਮਾਮਲੇ ਆਏ
ਨਵੀਂ ਦਿੱਲੀ: ਚੀਨ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਲਈ ਜ਼ਿੰਮੇਵਾਰ ਓਮੀਕਰੋਨ ਦੇ ਉਪ ਸਰੂਪ ਬੀਐੱਫ.7 ਦੇ ਤਿੰਨ ਮਾਮਲੇ ਭਾਰਤ ਵਿੱਚ ਵੀ ਸਾਹਮਣੇ ਆਏ ਹਨ। ਇਸ ਉਪ ਸਰੂਪ ਕਾਰਨ ਚੀਨ ਵਿੱਚ ਵੀ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।
ਗੁਜਰਾਤ ਜੈਵਤਕਨਾਲੋਜੀ ਖੋਜ ਕੇਂਦਰ ਵਿੱਚ ਭਾਰਤ ਵਿੱਚ ਬੀਐੱਫ.7 ਦੇ ਪਹਿਲੇ ਮਾਮਲੇ ਦਾ ਪਤਾ ਲੱਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਗੁਜਰਾਤ ਤੋਂ ਦੋ ਮਾਮਲੇ ਸਾਹਮਣੇ ਆਏ ਹਨ, ਜਦਕਿ ਉੜੀਸਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੋਵਿਡ ਸਬੰਧੀ ਸਮੀਖਿਆ ਮੀਟਿੰਗ ਵਿੱਚ ਮਾਹਿਰਾਂ ਨੇ ਕਿਹਾ ਕਿ ਹਾਲਾਂਕਿ ਅਜੇ ਤੱਕ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਸਮੁੱਚੇ ਤੌਰ ’ਤੇ ਵਾਧਾ ਨਹੀਂ ਹੋਇਆ ਹੈ ਪਰ ਮੌਜੂਦਾ ਤੇ ਉੱਭਰਦੇ ਸਰੂਪਾਂ ’ਤੇ ਨਜ਼ਰ ਰੱਖਣ ਲਈ ਲਗਾਤਾਰ ਨਿਗਰਾਨੀ ਦੀ ਲੋੜ ਹੈ।
ਬੀਐੱਫ.7 ਓਮੀਕਰੋਨ ਦੇ ਸਰੂਪ ਬੀਏ.5 ਦਾ ਉਪ ਸਰੂਪ ਹੈ ਅਤੇ ਇਸ ਵਿੱਚ ਲਾਗ ਦੀ ਵਿਆਪਕ ਸਮਰੱਥਾ ਹੁੰਦੀ ਹੈ ਤੇ ਇਸ ਦੇ ਪ੍ਰਫੁੱਲਿਤ ਹੋਣ ਦਾ ਸਮਾਂ ਘੱਟ ਹੁੰਦਾ ਹੈ। ਇਸ ਵਿੱਚ ਮੁੜ ਲਾਗ ਪੈਦਾ ਕਰਨ ਜਾਂ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕਾਫੀ ਸਮਰੱਥਾ ਵੀ ਹੁੰਦੀ ਹੈ ਜਿਨ੍ਹਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਹ ਅਮਰੀਕਾ, ਬਰਤਾਨੀਆ, ਬੈਲਜੀਅਮ, ਜਰਮਨੀ, ਫਰਾਂਸ ਤੇ ਡੈਨਮਾਰਕ ਵਰਗੇ ਯੂਰਪੀ ਦੇਸ਼ਾਂ ਸਣੇ ਕਈ ਦੇਸ਼ਾਂ ਵਿੱਚ ਪਹਿਲਾਂ ਹੀ ਮਿਲ ਚੁੱਕਾ ਹੈ।
Home Page ਕੋਵਿਡ-19: ਕੇਂਦਰੀ ਸਿਹਤ ਮੰਤਰੀ ਨੇ ਲੋਕਾਂ ਨੂੰ ਮਾਸਕ ਪਹਿਨਣ ਤੇ ਵੈਕਸੀਨ ਲਗਵਾਉਣ...