ਵੈਲਿੰਗਟਨ, 13 ਸਤੰਬਰ (ਕੂਕ ਪੰਜਾਬੀ ਸਮਾਚਾਰ) – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਪ੍ਰੈੱਸ ਕਾਨਫ਼ਰੰਸ ਵਿੱਚ ਐਲਾਨ ਕੀਤਾ ਕਿ ਆਕਲੈਂਡ 21 ਸਤੰਬਰ ਦੀ ਰਾਤ 11.59 ਵਜੇ ਤੱਕ ਅਲਰਟ ਲੈਵਲ 4 ‘ਤੇ ਰਹੇਗਾ। ਆਕਲੈਂਡ ਵਿੱਚ ਲੈਵਲ 4 ਨੂੰ ਇੱਕ ਹੋਰ ਹਫ਼ਤੇ ਲਈ ਵਧਾਇਆ ਗਿਆ ਹੈ। ਜਦੋਂ ਕਿ ਆਕਲੈਂਡ ਦੇ ਬਾਹਰ ਦੇਸ਼ ਦਾ ਬਾਕੀ ਹਿੱਸਾ ਵੀ ਇੱਕ ਹਫ਼ਤੇ ਲਈ 21 ਸਤੰਬਰ ਦਿਨ ਮੰਗਲਵਾਰ ਦੀ ਅੱਧੀ ਰਾਤ 11.59 ਵਜੇ ਤੱਕ ਲੈਵਲ 2 ਵਿੱਚ ਹੀ ਰਹੇਗਾ। ਕੈਬਨਿਟ ਅਗਲੇ ਹਫ਼ਤੇ 20 ਸਤੰਬਰ ਦਿਨ ਸੋਮਵਾਰ ਨੂੰ ਇਨ੍ਹਾਂ ਸੈਟਿੰਗਾਂ ਦੀ ਸਮੀਖਿਆ ਕਰੇਗੀ।
ਕੈਬਨਿਟ ਨੇ ਸਿਧਾਂਤਕ ਤੌਰ ‘ਤੇ ਫ਼ੈਸਲਾ ਲਿਆ ਹੈ ਕਿ ਆਕਲੈਂਡ ਅਗਲੇ ਹਫ਼ਤੇ ਮੰਗਲਵਾਰ ਦੀ ਅੱਧੀ ਰਾਤ ਤੱਕ ਲੈਵਲ 4 ਵਿੱਚ ਰਹੇਗਾ ਅਤੇ ਫਿਰ ਆਕਲੈਂਡ ਦੇ ਲੈਵਲ 3 ‘ਤੇ ਆਉਣ ਦੀ ਸੰਭਾਵਨਾ ਹੈ, ਜੇ ਸਭ ਕੁੱਝ ਠੀਕ ਰਹਿੰਦਾ ਹੈ ਤਾਂ ਹੀ ਲੈਵਲ ਘਟੇਗਾ।
ਪ੍ਰਧਾਨ ਮੰਤਰੀ ਆਰਡਰਨ ਨੇ ਦਿਲਚਸਪੀ ਵਾਲੇ 7 ਸੂਬਰਬ ਮਾਊਂਟ ਈਡਨ, ਮੈਸੀ, ਮੈਂਗਰੀ, ਫੈਵੋਨਾ, ਪਾਪਾਟੋਏਟੋਏ, ਓਟਾਰਾ ਅਤੇ ਮੈਨੁਰੇਵਾ ਦੇ ਵਸਨੀਕਾਂ ਨੂੰ ਖ਼ਾਸ ਤੌਰ ‘ਤੇ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਰਪਾ ਕਰਕੇ ਆਪਣੇ ਬੱਬਲ ਨਾਲ ਜੁੜੇ ਰਹੋ, ਜਿੰਨਾ ਸੰਭਵ ਹੋ ਸਕੇ ਘਰ ਰਹੋ। ਸਿਰਫ਼ ਇੱਕ ਵਿਅਕਤੀ ਹੀ ਦੁਕਾਨ ਜਾਂ ਸੁਪਰਮਾਰਕੀਟ ਵਿੱਚ ਜਾ ਕੇ ਜੋਖ਼ਮ ਘਟਾਉਣ ਦੀ ਕੋਸ਼ਿਸ਼ ਕਰੇ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਟੀਕਾ ਲਗਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਪਣੇ ਬੱਬਲ ਨਾਲ ਜੁੜੇ ਰਹੋ, ਟੈੱਸਟ ਕਰਵਾਓ ਅਤੇ ਟੀਕੇ ਲਗਵਾਓ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਕਲੈਂਡ ਦੇ ਲੌਕਡਾਉਨ ਦੇ ਨਤੀਜੇ ਵਜੋਂ ਤਨਖ਼ਾਹ ਸਬਸਿਡੀ ਦਾ ਤੀਜਾ ਪੱਧਰ ਖੁੱਲ੍ਹ ਜਾਵੇਗਾ। ਜਦੋਂ ਕਿ ਪੁਨਰ-ਸੁਰਜੀਤ ਸਹਾਇਤਾ ਭੁਗਤਾਨ (Resurgence Support Payment) ਦਾ ਇੱਕ ਹੋਰ ਦੌਰ ਇਸ ਸ਼ੁੱਕਰਵਾਰ ਨੂੰ ਖੁੱਲ੍ਹ ਰਿਹਾ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਉਹ ਆਕਲੈਂਡ ਰਾਹੀਂ ਡੈਲਟਾ ਵਾਇਰਸ ਫੈਲਣ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਰਹੱਸਮਈ ਮਾਮਲੇ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਪਿਛਲੇ 14 ਦਿਨਾਂ ਵਿੱਚ 17 ਰਹੱਸਮਈ ਮਾਮਲੇ ਸਾਹਮਣੇ ਆਏ ਹਨ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅੱਜ 33 ਨਵੇਂ ਕਮਿਊਨਿਟੀ ਕੇਸ ਆਏ ਹਨ ਅਤੇ ਸਾਰੇ ਹੀ ਆਕਲੈਂਡ ਵਿੱਚੋਂ ਹਨ। ਇਹ ਕਈ ਦਿਨਾਂ ਬਾਅਦ ਰੋਜ਼ਾਨਾ ਦੇ ਮਾਮਲਿਆਂ ਦੀ ਸਭ ਤੋਂ ਵੱਧ ਸੰਖਿਆ ਹੈ। ਜਿਸ ਨੂੰ ਧਿਆਨ ‘ਚ ਰੱਖ ਕੇ ਕੈਬਨਿਟ ਨੇ ਉਪਰੋਕਤ ਫ਼ੈਸਲਾ ਲਿਆ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਆਕਲੈਂਡ 21 ਸਤੰਬਰ ਤੱਕ ਲੌਕਡਾਉਨ ਲੈਵਲ 4 ‘ਚ...